Lahore: ਪੰਜਾਬੀ ਲੋਕ ਧਾਰਾ ’ਚ ਸਿਰ ਚੜ੍ਹ ਬੋਲਦਾ ਹੈ ਲਾਹੌਰ, ਗੁਰਬਾਣੀ ’ਚ ਵੀ ਖਾਸ ਜਿਕਰ

Lahore in Punjabi Folklore


ਪੰਜਾਬੀ ਲੋਕ ਧਾਰਾ ਵਿੱਚ ਸਾਡੇ ਅਨੇਕਾਂ ਗੀਤ, ਲੋਕ ਗੀਤ, ਅਖਾਣ, ਮੁਹਾਵਰੇ, ਬਾਤਾਂ, ਟੱਪੇ, ਮਾਹੀਏ, ਸੱਦਾਂ, ਕਿੱਸੇ, ਕਵਿਤਾਵਾਂ, ਕਹਾਣੀਆਂ ਅਤੇ ਨਾਟਕਾਂ ਵਿਚ ਲਾਹੌਰ ਦਾ ਜ਼ਿਕਰ ਸਿਰ ਚੜ੍ਹ ਕੇ ਬੋਲਦਾ ਹੈ।

ਸਾਂਝੇ ਪੰਜਾਬ ਦਾ ਕੇਂਦਰ ਅਤੇ ਸਾਡੀ ਸਾਂਝੀ ਵਿਰਾਸਤ ਦੇ ਧੁਰੇ ਲਾਹੌਰ ਨੂੰ ਕੌਣ ਨਹੀਂ ਜਾਣਦਾ । ਪੰਜਾਬੀ ਲੋਕ ਧਾਰਾ ਵਿੱਚ ਸਾਡੇ ਅਨੇਕਾਂ ਗੀਤ, ਲੋਕ ਗੀਤ, ਅਖਾਣ, ਮੁਹਾਵਰੇ, ਬਾਤਾਂ, ਟੱਪੇ, ਮਾਹੀਏ, ਸੱਦਾਂ, ਕਿੱਸੇ, ਕਵਿਤਾਵਾਂ, ਕਹਾਣੀਆਂ ਅਤੇ ਨਾਟਕਾਂ ਵਿਚ ਲਾਹੌਰ ਦਾ ਜ਼ਿਕਰ ਸਿਰ ਚੜ੍ਹ ਕੇ ਬੋਲਦਾ ਹੈ। ਇੱਥੇ ਹੀ ਬਸ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦੇ ਵਿੱਚ ਵੀ ਲਾਹੌਰ ਸ਼ਹਿਰ ਦਾ ਜ਼ਿਕਰ ਵਿਸ਼ੇਸ਼ ਸੰਦਰਭ ਵਿੱਚ ਕੀਤਾ ਮਿਲਦਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸਿੱਖਾਂ ਅਤੇ ਸਿੱਖ ਰਾਜ ਦਾ ਲਾਹੌਰ ਨਾਲ ਅਟੁੱਟ ਨਾਤਾ ਹੈ।  ਇਸ ਲੇਖ ਵਿੱਚ ਅਸੀਂ ਪੜ੍ਹਾਂਗੇ ਕਿ ਸਾਡੀ ਸਮੁੱਚੀ ਲੋਕ ਧਾਰਾ ਵਿੱਚ ਲਾਹੌਰ ਸ਼ਹਿਰ ਦਾ ਜ਼ਿਕਰ ਸ਼ੁਰੂ ਤੋਂ ਹੀ ਕਿੰਨੇ ਭਾਵਪੂਰਤ ਅੰਦਾਜ਼ ਵਿਚ ਕੀਤਾ ਮਿਲਦਾ ਹੈ।

ਗੀਤਾਂ ਅਤੇ ਲੋਕ ਗੀਤਾਂ ਵਿੱਚ ਲਾਹੌਰ 

ਗੱਲ ਗੀਤਾਂ ਅਤੇ ਲੋਕ ਗੀਤਾਂ ਤੋਂ ਸ਼ੁਰੂ ਕਰੀਏ ਤਾਂ ਪੰਜਾਬੀ ਲੋਕ ਧਾਰਾ ਲਹੌਰ ਸ਼ਹਿਰ ਨਾਲ ਜੁੜੇ ਅਨੇਕਾਂ ਗੀਤ ਅਤੇ ਲੋਕ ਮਿਲਦੇ ਹਨ ਜਿੰਨਾ ਵਿਚ ਕੁਝ ਵੰਨਗੀਆਂ ਪੇਸ਼ ਹਨ-

ਦੂਰੋਂ ਤਾਂ ਲਾਹੌਰੋਂ ਮੈਂ ਸੁਨਿਆਰਾ ਮੰਗਾਵਾਨੀਂ ਆਂ...

ਸੱਚ ਨੀ ਸਹੇਲੀਓ, ਮੈਂ ਗਹਿਣੇ ਬਣਵਾਨੀ ਆਂ... 

ਆ ਵੇ ਵੀਰਾ ਬਾਗੀਂ ਸੈਰ ਕਰੇਂਦਿਆ... 

ਆ ਵੇ ਵੀਰਾ ਭਾਈਆਂ ਨਾਲ ਖਡੇਂਦਿਆ... 

ਸੁਣੋ ਨੀ ਸਹੇਲੀਓ ਮੈਂ ਵੀਰੇ ਦੇ ਸ਼ਗਨ ਮਾਨੇਨੀ ਆਂ...


ਦੇਖੋ ਹੋਰ ਨਮੂਨਾ-

ਲਾਹੌਰੋਂ ਤਾਂ ਮਾਲਣ ਆਈ ਵੇ ਵੀਰਾ... 

ਤੇਰੇ ਸਿਹਰੇ ਗੁੰਦ ਲਿਆਈ ਵੇ ਵੀਰਾ...

ਤੇਰੇ ਸੇਰਿਆਂ ਦਾ ਕੀ ਮੁੱਲ ਵੇ ਵੀਰਾ...

ਨੀ ਇੱਕ ਲੱਖ ਤੇ ਡੇਢ ਹਜ਼ਾਰ ਭੈਣੇ...


ਦੇਖੋ ਇਰ ਹੋਰ ਸ਼ਾਨਦਾਰ ਲੋਕ ਗੀਤ ਦੀ ਵੰਨਗੀ-

ਦਾਲ ਦੱਸ ਖਾਂ ਸ਼ਹਿਰ ਲਾਹੌਰ ਅੰਦਰ 

ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ 

ਨਾਲੇ ਦੱਸ ਖਾਂ ਉਥੋਂ ਦੀਆਂ ਇੱਟਾਂ 

ਕਿੰਨੀਆਂ ਟੁੱਟੀਆਂ ਤੇ ਕਿੰਨੀਆਂ ਸਾਰੀਆਂ ਨੇ 

ਦਾਲ ਦੱਸ ਖਾਂ ਸ਼ਹਿਰ ਲਾਹੌਰ ਅੰਦਰ 

ਖੂਹੀਆਂ ਕਿੰਨੀਆਂ ਮਿੱਠੀਆਂ ਤੇ ਕਿੰਨੀਆਂ ਖਾਰੀਆਂ ਨੇ 

ਜਰਾ ਸੋਚ ਕੇ ਦੇਵੀ ਜਵਾਬ ਮੈਨੂੰ 

ਉੱਥੇ ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਆਰੀਆਂ ਨੇ 

ਦਾਲ ਦੱਸਾਂ ਜੇ ਸ਼ਹਿਰ ਲਾਹੌਰ ਅੰਦਰ 

ਲੱਖਾਂ ਬੂਹੇ ਤੇ ਲੱਖਾਂ ਹੀ ਬਾਰੀਆਂ ਨੇ 

ਜਿਨਾਂ ਇੱਟਾਂ ’ਤੇ ਧਰ ਗਏ ਪੈਰ ਆਸ਼ਿਕ 

ਉਹ ਟੁੱਟੀਆਂ ਤੇ ਬਾਕੀ ਸਾਰੀਆਂ ਨੇ 

ਜਿੰਨਾ ਖੂਹੀਆਂ ਤੇ ਭਰ ਗਏ ਮਸ਼ੂਕ ਪਾਣੀ 

ਉਹੀ ਮਿੱਠੀਆਂ ਤੇ ਬਾਕੀ ਖਾਰੀਆਂ ਨੇ 

ਤੇ ਜਿਹੜੀਆਂ ਬਹਿੰਦੀਆਂ ਨਾਲ ਆਪਣੇ ਸੱਜਣਾਂ ਦੇ 

ਉਹੀ ਵਿਆਹੀਆਂ ਤੇ ਬਾਕੀ ਕੁਆਰੀਆਂ ਨੇ


ਨਵੇਂ ਗੀਤਾਂ ਵਿੱਚ ਲਾਹੌਰ 

ਛਾਤੀ ਤਖਤ ਲਾਹੌਰ ਦਾ ਤੇਰੀ ਸੇਜ ਨਾ ਰੰਨੇ 

ਨਾ ਮੈਂ ਲੂਲਾਂ ਤੋੜੀਆਂ ਨੀ ਨਾ ਮੈਂ ਮੋਤੀ ਭੰਨੇ 

ਨੰਗੇ ਪਿੰਡੇ ਮਾਰਨਾ ਨੀ ਤੂੰ ਛਮਕਾਂ ਮੇਰੇ 

ਮਾਣ ਕਰੀ ਨਾ ਜੱਟੀਏ ਸਾਨੂੰ ਬਾਗ ਬਥੇਰੇ


ਹੋਰ ਗੀਤ

ਉਚੜਾ ਬੁਰਜ ਲਾਹੌਰ ਦਾ ਚੀਰੇ ਵਾਲਿਆ 

ਹੇਠ ਵਗੇ ਦਰਿਆ ਵੀ ਸੱਜਣ ਮੇਰਿਆ

ਹੇਠ ਵਗੇ ਦਰਿਆ..... 


ਜਾਂ ਇਹ ਵੀ ਕਿਹਾ ਜਾਂਦਾ ਹੈ ਕਿ-

ਉਚੜਾ ਬੁਰਜ ਲਾਹੌਰ ਦਾ ਸੋਹਣਿਆਂ 

ਹੇਠ ਵਧੇ ਦਰਿਆ.. ਵੇ ਸੋਹਣਿਆਂ.. ਹੇਠ ਵਗੇ ਦਰਿਆ


ਦੇਖੋ ਹੋਰ ਗੀਤ-

ਸੁਖੀ ਵਸੇ ਕਸ਼ਮੀਰ, ਮੁੱਕੇ ਰੇੜਕਾ ਪਿਸ਼ੌਰ ਦਾ 

ਕਰੀ ਕਿਤੇ ਮੇਲ ਰੱਬਾ, ਦਿੱਲੀ ਤੇ ਲਾਹੌਰ ਦਾ 


ਇਸੇ ਤਰ੍ਹਾਂ ਹੋਰ ਵੰਨਗੀ

ਪੈਂਡੇ ਦੂਰ ਪਿਸ਼ੌਰਾਂ ਦੇ ਹੋ...ਪੈਂਡੇ ਦੂਰ ਪਿਸ਼ੌਰਾਂ ਦੇ 

ਵਾਹਗੇ ਦੇ ਬਾਰਡਰ ਤੇ ਰਾਹ ਪੁੱਛਦੀ ਲਾਹੌਰਾਂ ਦੇ


ਹੋਰ ਨਵੇਂ ਗੀਤ

ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ...

ਜਾਂ ਇਹ ਵੀ ਹੈ

ਲੱਗਦੀ ਲਾਹੌਰ ਦੀ ਐ...

ਜਿਸ ਹਿਸਾਬ ਨਾ ਹੱਸਦੀ ਐ...

ਲੱਗਦੀ ਪੰਜਾਬ ਦੀ ਐ...

ਜਿਸ ਹਿਸਾਬ ਨਾ ਜੱਚਦੀ ਐ..


ਦੇਖੋ ਹੋਰ ਮਸ਼ਹੂਰ ਗੀਤ

ਐਡਾ ਕਿਹੜਾ ਕਨੇਡਾ ਦੱਸ ਲਾਹੌਰ ਵੇ

ਜਿੱਥੋਂ ਤੇਰਾ ਚਿੱਤ ਮੁੜਨ ਨੂੰ ਕਰਦਾ ਨਾ


ਲੋਕ ਖੇਡਾਂ ਵਿਚ ਲਾਹੌਰ  

ਹੋਰ ਸਾਹਿਤ ਰੂਪਾਂ ਵਾਂਗ ਸਾਡੀਆਂ ਲੋਕ ਖੇਡਾਂ ਵਿਚ ਲਾਹੌਰ ਦਾ ਜਿਕਰ ਵਿਸ਼ੇਸ਼ ਤੌਰ ’ਤੇ ਮਿਲਦਾ ਹੈ, ਜਿਵੇਂ ਕਿ-

ਅੰਬੇ ਨੀ ਮਾਏ ਅੰਬੇ 

ਮੇਰੇ ਸੱਤ ਭਰਾ ਮੰਗੇ 

ਮੇਰਾ ਇੱਕ ਭਰਾ ਕੁਆਰਾ 

ਉਹ ਚੌਪਟ ਖੇਡਣ ਵਾਲਾ 

ਉਹ ਚੌਪਟ ਕਿੱਥੇ ਖੇਡੇ 

ਲਾਹੌਰ ਸ਼ਹਿਰ ਖੇਡੇ 

ਲਾਹੌਰ ਸ਼ਹਿਰ ਉੱਚਾ 

ਮੈਂ ਮਨ ਪਕਾਇਆ ਸੁੱਚਾ 

ਮੇਰੇ ਮਨ ਨੂੰ ਲੱਗੇ ਮੋਤੀ 

ਮੈਂ ਗਲੀਆਂ ਵਿੱਚ ਖਲੋਤੀ 

ਮੈਂ ਵੱਡੇ ਬਾਬੇ ਦੀ ਪੋਤੀ


ਇਕ ਹੋਰ ਖੇਡ ਹੈ ਜਿਸ ਵਿਚ ਬੱਚੇ ਖਾਸ ਆਸਣ ਵਿਚ ਬੈਠੇ ਦੂਜੇ ਬੱਚੇ ਨੂੰ ਚੁੱਕ ਕੇ ਪਰ੍ਹਾਂ ਸੁੱਟਦੇ ਹਨ ਅਤੇ  ਇਹ ਕਿਹਾ ਜਾਂਦਾ ਹੈ ਕਿ- 

ਲਾਹੌਰ ਜਾਣਾ ਹੈ ਕਿ ਪਿਛੌਰ....


ਲੋਕ ਬੋਲੀਆਂ ਵਿੱਚ ਲਾਹੌਰ 

ਊਠਾਂ ਵਾਲਿਓ ਵੇ ਊਠ ਲੱਦੇ ਜੇ ਲਾਹੌਰ ਨੂੰ... 

ਕੱਲੀ ਕੱਤਾਂ ਵੇ ਘਰ ਘੱਲਿਓ ਮੇਰੇ ਭੌਰ ਨੂੰ...


ਪੰਜਾਬੀ ਲੋਕ ਧਾਰਾ ਵਿਚਲੇ ਕਿੱਸੇ, ਕਵਿਤਾਵਾਂ ਅਤੇ ਲੋਕ ਗਾਥਾਵਾਂ ਵਿੱਚ ਲਾਹੌਰ ਦਾ ਜ਼ਿਕਰ 


ਬੁੱਲੇ ਸ਼ਾਹ ਦੀਆਂ ਰਚਨਾਵਾਂ ਵਿੱਚ ਲਾਹੌਰ


ਬਾਬਾ ਬੁੱਲੇ ਸ਼ਾਹ ਦੀਆਂ ਰਚਨਾਵਾਂ ਵਿੱਚ ਲਾਹੌਰ ਸ਼ਹਿਰ ਦਾ ਜ਼ਿਕਰ ਅਕਸਰ ਮਿਲਦਾ ਹੈ। ਮੇਰੀ ਬੁੱਕਲ ਦੇ ਵਿੱਚ ਚੋਰ ਕਵਿਤਾ ਦੇ ਵਿੱਚ ਉਹ ਲਾਹੌਰ ਦਾ ਜਿਕਰ ਕਰਦੇ ਲਿਖਦੇ ਹਨ ਕਿ- 

ਕਿਤੇ ਰਾਮ ਦਾਸ ਕਿਤੇ ਫਤਿਹ ਮੁਹੰਮਦ ਇਹੋ ਕਦੀਮੀ ਸ਼ੋਰ 

ਮਿਟ ਗਿਆ ਦੋਹਾਂ ਦਾ ਝਗੜਾ ਨਿਕਲ ਪਿਆ ਕੁਝ ਹੋਰ 

ਅਰਸ਼-ਮਨੱਵਰ ਬਾਗਾਂ ਮਿਲੀਆਂ ਸੁਣੀਆਂ ਤਖਤ ਲਾਹੌਰ 

ਸ਼ਾਹ ਅਨਾਇਤ ਕੁੰਡੀਆਂ ਪਾਈਆਂ ਲੁਕ-ਛੁਪ ਖਿੱਚਦਾ ਡੋਰ 

ਜਿਸ ਢੂੰਡਿਆ ਤਿਸੁ ਨੇ ਪਾਇਆ ਨਾ ਝੂਰ ਝੂਰ ਹੋਆ ਮੋਰ 

ਪੀਰ-ਪੀਰਾਂ ਬਗਦਾਦ ਅਸਾਡਾ ਮੁਰਸ਼ਦ ਤਖਤ ਲਾਹੌਰ


ਲਾਹੌਰ ਦਾ ਜ਼ਿਕਰ ਕਰਦੇ ਹੋਏ ਉਹ ਇੱਕ ਰਚਨਾ ਵਿੱਚ ਲਿਖਦੇ ਹਨ ਕਿ- 

ਅਸਾਂ ਹੁਣ ਪਾਇਆ ਤਖਤ ਲਾਹੌਰ... ਮੇਰੇ ਘਰ ਆਇਆ ਪੀਆ ਹਮਾਰਾ 


ਇਕ ਥਾਂ ਲਿਖਦੇ ਹਨ ਕਿ-

ਡਾਢੀ ਕੀਤੀ ਲਾਪਰਵਾਹੀ ਮੈਨੂੰ ਮਿਲ ਗਿਆ ਠੱਗ ਲਾਹੌਰ


ਸ਼ਾਮ ਮੁਹੰਮਦ ਦੀ ਰਚਨਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚ ਲਾਹੌਰ 


ਸ਼ਾਮ ਮੁਹੰਮਦ ਆਪਣੀ ਰਚਨਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚ ਲਾਹੌਰ ਦਾ ਜਿਕਰ ਕਰਦਿਆਂ ਸ਼ਾਹ ਮੁਹੰਮਦ ਲਿਖਦਾ ਹੈ ਕਿ-

 

ਚੜ੍ਹੇ ਲਾਹੌਰ ਥੀਂ ਮਾਰ ਧੌਂਸੇ, ਸਭੇ ਗੱਭਰੂ ਨਾਲ ਹੰਕਾਰ ਤੁਰਦੇ 

ਉਰੇ ਦੋਹਾਂ ਦਰਿਆਵਾਂ ਤੇ ਨਹੀਂ ਅਟਕੇ ਪੱਤਣ ਲੰਘੇ ਨੀ ਜਾ ਫਿਰੋਜਪੁਰ ਦੇ


ਵਾਰਿਸ ਸ਼ਾਹ ਦੀ ਹੀਰ ਵਿੱਚ ਲਾਹੌਰ 

ਕੇਹੀ ਹੀਰ ਦੀ ਕਰੇ ਤਰੀਫ ਸ਼ਾਇਰ 

ਮੱਥਾ ਚਮਕਦਾ ਹੁਸਨ ਮਹਿਤਾਬ ਦਾ ਜੀ 

ਖੂਨੀ ਚੂੰਡੀਆਂ ਰਾਤ ਜਿਉਂ ਚੰਨ ਗਿਰਦੇ 

ਸੁਰਖ ਰੰਗ ਜਿਉ ਰੰਗ ਸਹਾਬ ਦਾ ਜੀ 

ਨੈਣ ਨਰਗਸੀ ਮਿਰਗ ਮਮੋਲੜੇ ਦੇ 

ਗੱਲ੍ਹਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ 

ਭਵਾ ਵਾਂਗ ਕਮਾਨ ਲਾਹੌਰ ਦੇ ਸਨ 

ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ 

ਸੁਰਮਾ ਨੈਣਾਂ ਦੀ ਧਾਰ ਵਿੱਚ ਫਬ ਰਹਿਆ 

ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ

 

ਦੇਖੋ ਹੋਰ ਵਨਗੀ 

ਜੋਗੀ ਹੀਰ ਦੇ ਸਾਹੁਰੇ ਜਾਏ ਵੜਿਆ 

ਭੁੱਖਾ ਬਾਜ ਜਾਂ ਫਿਰੇ ਲਲੋਰਦਾ ਜੀ 

ਆਇਆ ਖੁਸ਼ੀ ਦੇ ਨਾਲ ਦੋ ਚੰਦ ਹੋ ਕੇ 

ਸੂਬੇਦਾਰ ਜੋ ਨਵਾਂ ਲਾਹੌਰ ਦਾ ਜੀ


ਲੋਕ ਗਾਥਾਵਾਂ ਵਿਚ ਲਾਹੌਰ ਦਾ ਜਿਕਰ

ਪੰਜਾਬੀ ਲੋਕ ਧਾਰਾ ਦੀਆਂ ਅਨੇਕਾਂ ਲੋਕ ਗਾਥਾਵਾਂ ਵਿੱਚ ਵੀ ਲਾਹੌਰ ਦਾ ਜ਼ਿਕਰ ਬੜਾ ਪਰਬਲ ਹੈ। ਜਿਵੇਂ ਕਿ ਦੁੱਲੇ ਭੱਟੀ ਅਤੇ ਨੰਦੀ ਮਹਿਰੀ ਦੀ ਆਪਸੀ ਵਾਰਤਾਲ ਦਾ ਇਹ ਨਮੂਨਾ- 

ਇੱਥੇ ਜੋਰ ਦਿਖਾਂਵਦਾ ਔਰਤਾਂ ਨੂੰ 

ਤੈਨੂੰ ਰਤੀ ਹਯਾ ਨਾ ਆਂਵਦਾ ਜੇ 

ਤੇਰੇ ਬਾਪੂ ਦਾਦਾ ਦੀਆਂ ਸ਼ਾਹ ਅਕਬਰ 

ਖੱਲਾਂ ਪੁੱਠੀਆਂ ਚਾ ਲੁਹਾਂਵਦਾ ਜੇ 

ਅੱਜ ਤੀਕ ਲਾਹੌਰ ਚ ਲਟਕ ਰਹੀਆਂ 

ਉੱਥੇ ਜੋਰ ਨਾ ਕਾਸਨੂੰ ਜਾਂਵਦਾ ਜੇ


ਅਖਾਣ ਮੁਹਾਵਰਿਆਂ ਵਿਚ ਲਾਹੌਰ

ਭਾਵੇਂ ਕਿ 1947 ਵਿੱਚ ਪੰਜਾਬ ਦੀ ਵੰਡ ਹੋ ਗਈ ਪਰ ਇਸ ਤਰ੍ਹਾਂ ਲੱਗਦਾ ਹੈ ਕਿ ਚੜਦੇ ਪੰਜਾਬ ਦੇ ਲੋਕਾਂ ਦੀ ਰੂਹ ਅੱਜ ਵੀ ਲਾਹੌਰ ਵਿੱਚ ਘੁੰਮ ਰਹੀ ਹੈ।

ਇਸੇ ਦੀ ਪੂਰਤੀ ਲਈ ਉਨ੍ਹਾਂ ਨੇ 1947 ਦੀ ਵੰਡ ਤੋਂ ਬਾਅਦ ਲਾਹੌਰ ਸ਼ਹਿਰ ਦੀ ਤਰਜ ’ਤੇ ਕਲਾਨੌਰ ਸ਼ਹਿਰ ਵਸਾਇਆ। ਜਿਸ ਦੇ ਨਾਲ ਜੁੜਿਆ ਇਕ ਅਖਾਣ ਵੀ ਪ੍ਰਸਿੱਧ ਹੈ, ਕਿ-


ਜਿਹਨੇ ਵੇਖਿਆ ਨਹੀਂ ਲਾਹੌਰ, ਉਹ ਵੇਖੇ ਕਲਾਨੌਰ


ਦੇਖੋ ਲਾਹੌਰ ਸ਼ਹਿਰ ਨਾਲ ਜੁੜੇ ਹੋਰ ਅਖਾਣ-


ਡੇਢ ਕੌਡੀ ਨਿਉਂਦਰਾ, ਤੇ ਲਾਹੌਰੋਂ ਗਾਉਂਦੀ ਆਈ।


ਜਿਹੜੇ ਲਾਹੌਰ ਭੈੜੇ ਉਹ ਪਿਸ਼ੌਰ ਵੀ ਭੈੜੇ 


ਲੰਙਾ ਟੱਟੂ , ਲਹੌਰ ਦਾ ਦਾਈਆ  


ਲਾਹੌਰ ਦੇ ਸ਼ੌਂਕੀ, ਬੋਝੇ ਵਿੱਚ ਗਾਜਰਾਂ 


ਲੱਕ ਬੱਧਾ ਰੋੜਿਆਂ ਨਾਲ, ਮੰਨਾ ਕੋਲ ਲਾਹੌਰ


 ਨਵੀਆਂ ਕਵਿਤਾਵਾਂ ਵਿੱਚ ਲਾਹੌਰ 

ਲਾਹੌਰ ਸਾਥੋਂ ਖੁਸਿਆ ਝਨਾਬ ਦੂਰ ਹੋ ਗਿਆ 

ਸੱਜਣਾਂ ਪੰਜਾਬ ਤੋਂ ਪੰਜਾਬ ਦੂਰ ਹੋ ਗਿਆ


ਗੁਰਬਾਣੀ ਵਿਚ ਲਾਹੌਰ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਵਿਚ ਵੀ ਲਾਹੌਰ ਸ਼ਹਿਰ ਦਾ ਜਿਕਰ ਖਾਸ ਸੰਦਰਭ ਵਿਚ ਕੀਤਾ ਗਿਆ ਹੈ। ਲਾਹੌਰ ਸ਼ਹਿਰ ਦਾ ਜਿਕਰ ਕਰਦੇ ਗੁਰਬਾਣੀ ਵਿਚ ਦਰਜ ਸਲੋਕ ਇਸ ਪ੍ਰਕਾਰ ਹਨ।


ਮਹਲਾ  ੧॥ ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ ੨੭ ॥


ਮਹਲਾ ੩॥ ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ॥ ੨੮ ॥ (੧੪੧੨)


ਇਸ ਵਿਚ ਪਹਿਲਾ ਸਲੋਕ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਹੈ ਅਤੇ ਦੂਜਾ ਸਲੋਕ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਹੈ। ਇਹ ਦੋਵੇਂ ਸਲੋਕ ਵਾਰਾਂ ਤੇ ਵਧੀਕ ਵਿਚ (ਪੰ: ੧੪੧੨) ਤੇ ਦਰਜ ਹਨ। ਕਿਹਾ ਜਾਂਦਾ ਹੈ ਕਿ ਪਹਿਲਾ ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਦੌਰਾਨ ਮੁਗਲਾਂ ਦੇ ਅੱਤਿਆਚਾਰ ਕਾਰਨ ਹੋਈ ਤਬਾਹੀ ਅਤੇ ਲਾਹੌਰ ਸ਼ਹਿਰ ਦੀ ਹਾਲਤ ਨੂੰ ਬਿਆਨ ਕਰਦੇ ਹੋਏ ਲਿਖਿਆ ਸੀ ਕਿ 

ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ ੨੭ ॥ 

ਇਸ ਤੋਂ ਬਾਅਦ ਜਦੋਂ ਹਾਲਾਤ ਬਦਲੇ ਅਤੇ ਮਾਹੌਲ ਥੋੜਾ ਸਥਿਰ ਹੋਇਆ ਤਾਂ ਤੀਜੇ ਪਾਤਸ਼ਾਹ  ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਇਸੇ ਸੰਦਰਭ ਵਿੱਚ ਇੱਕ ਹੋਰ ਸਲੋਕ ਦਾ ਉਚਾਰਨ ਕੀਤਾ ਅਤੇ ਕਿਹਾ ਕਿ 

ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ॥


ਸਿਰਲੇਖ

ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਲਾਹੌਰ ਸ਼ਹਿਰ ਪੰਜਾਬੀ ਲੋਕ ਧਾਰਾ ਅਤੇ ਪੰਜਾਬੀ ਮਨਾਂ ਵਿੱਚ ਬਹੁਤ ਡੂੰਘਾ ਵੱਸਿਆ ਹੋਇਆ ਹੈ। ਸਾਡੇ ਹਰ ਸਾਹਿਤ ਰੂਪ ਵਿੱਚ ਲਾਹੌਰ ਸ਼ਹਿਰ ਦਾ ਜ਼ਿਕਰ ਬਾਖੂਬੀ ਕੀਤਾ ਮਿਲਦਾ ਹੈ, ਇਹ ਸਾਹਿਤ ਰੂਪ ਭਾਵੇਂ ਕੋਈ ਗੀਤ, ਕਵਿਤਾ, ਅਖਾਣ, ਮੁਹਾਵਰਾ, ਲੇਖ, ਵਾਰਤਾ, ਨਾਟਕ ਜਾਂ ਕੁਝ ਵੀ ਹੋਵੇ ਇਸ ਵਿਚ ਲਾਹੌਰ ਸ਼ਹਿਰ ਦਾ ਜਿਕਰ ਜਰੂਰ ਮਿਲਦਾ ਹੈ। ਲਾਹੌਰ ਸ਼ਹਿਰ ਦੇ ਨਾਲ ਜੁੜੇ ਹੋਏ ਅਨੇਕਾਂ ਨਾਟਕ ਅਤੇ ਰਿਸਰਚਸ ਉਪਲਬਧ ਹਨ। ਇਨਾਂ ਨਾਟਕਾਂ ਦੇ ਵਿੱਚ ਨਜਮ ਹੁਸੈਨ ਸਈਅਦ ਦੇ ਪ੍ਰਸਿੱਧ ਨਾਟਕ ‘ਤਖਤ ਲਾਹੌਰ ਦਾ’ ਵਿਸ਼ੇਸ਼ ਜਿਕਰ ਕੀਤਾ ਹੈ।

ਜਾਣਕਾਰੀ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰੋ

ਇਹ ਵੀ ਪੜ੍ਹੋ - ਘੜਾ : ਪੰਜਾਬੀ ਲੋਕ ਧਾਰਾ ਅਤੇ ਗੁਰਬਾਣੀ ਵਿਚ ਘੜੇ ਦੀ ਕਿੰਨੀ ਮਹੱਤਤਾ ?

ਜਸਬੀਰ ਵਾਟਾਂਵਾਲੀਆ

ਲਾਹੌਰ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਵਿਕੀਪੀਡੀਆ ਦੇ ਇਸ ਲਿੰਕ ’ਤੇ ਕਲਿਕ ਕਰੋ

ਇਹ ਵੀ ਪੜ੍ਹੋ - ਛੱਜ : ਬਾਰੇ ਕੀ ਕਹਿੰਦੀ ਹੈ ਗੁਰਬਾਣੀ ਅਤੇ ਪੰਜਾਬੀ ਲੋਕ ਧਾਰਾ ?




Post a Comment

Previous Post Next Post

About Me

Search Poetry

Followers