ਉਪਜਿਆ ਇਕ ਓਂਕਾਰ...
ਚਿੰਤਨ ਚਿੱਤ ਨੂੰ ਲੱਗਿਆ, ਮੁੜ-ਮੁੜ ਗਾਲ਼ੇ ਹੱਡ
ਨਿੱਤ ਸੋਚਾਂ ਟਕਰਾਉਂਦੀਆਂ, ਅੰਦਰ ਖਾਂਦੀਆਂ ਵੱਢ
ਕਦੇ ਇਹ ਟੀਸੀ ਚੜ੍ਹਦੀਆਂ, ਕਦੇ ਇਹ ਡਿੱਗਣ ਖੱਡ
ਮੈਂ ਫਸਿਆ ਦੋ ਪਾਸੜੀਂ, ਕੀਕਣ ਹੋਵਾਂ ਅੱਡ
ਚਿੰਤਨ ਚਿੱਤ ਅਚੇਤ ਦਾ, ਚਿੰਤਨ ਚਿਤ ਸੁਚੇਤ
ਦੋ ਚਿੱਤਾਂ ਵਿੱਚ ਟਾਕਰਾ, ਪਲ-ਪਲ ਭਿੜਦਾ ਖੇਤ
ਪਲ-ਪਲ ਹੁੰਦੇ ਫੈਸਲੇ, ਪਲ-ਪਲ ਹਾਰ ਤੇ ਜੇਤ
ਪਲ-ਪਲ ਚਿੱਤ ਚਟਾਨ ਜਿਉਂ, ਪਲ-ਪਲ ਹੁੰਦਾ ਰੇਤ
ਇੱਕ ਪਾਸੇ ਮਨ-ਬਿਰਤੀਆਂ, ਜੋਰਾਵਰ ਭਰਪੂਰ
ਦੂਜੇ ਪਾਸੇ ਗਿਆਨ ਦਾ, ਅਣਬੁੱਝਾ ਜਿਹਾ ਨੂਰ
ਇਕ ਮਨ ਮੋੜੇ ਸਹਿਜ ਨੂੰ, ਇਕ ਮਨ ਭਰੇ ਫਤੂਰ
ਕਦੇ ਮੈ ਹਾਮੀ ਸਹਿਜ ਦਾ, ਕਦੇ ਮੈ ਸਹਿਜੋਂ ਦੂਰ
ਇਸ ਚਿੰਤਨ ਚੋਂ ਉਪਜਦੇ, ਰੰਗ-ਬਿਰੰਗ ਖਿਆਲ
ਉਪਜਣ ਲੱਖਾਂ ਹੱਲ ਤੇ! ਉਪਜਣ ਲੱਖ ਸਵਾਲ ?
ਉਪਜਣ ਨਿਪਜਣ ਪੈਂਤੜੇ, ਪੰਜ ਪ੍ਰਵਿਰਤਾ ਨਾਲ
ਪਰ ਨਿੱਤ ਨਰੋਆ ਨਵਾਂ ਇਹ, ਪਲੋ-ਪਲੀ ਹਰ ਹਾਲ
ਇਸ ਚਿੰਤਨ ਚੋਂ ਉਪਜਦੇ, ਕਵਿਤਾ ਦੇ ਭੰਡਾਰ
ਇਸੇ ਵਿੱਚੋਂ ਉਪਜਿਆ, ਖੋਜਾਂ ਦਾ ਸੰਸਾਰ
ਉਪਜੇ ਅੱਲਾ-ਵਾਹਗੁਰੂ, ਸਰਗੁਣ-ਨਿਰਗੁਣਹਾਰ
ਬੇਦ-ਕਤੇਬਾਂ ਉਪਜੀਆਂ, ਉਪਜਿਆ ਇਕ ਓਂਕਾਰ...
ਇਸ ਚਿੰਤਨ ’ਚੋਂ ਉਪਜਿਆ, ੳ...ਇਕ ਓਂਕਾਰ....
ੳ...ਇਕ ਓਂਕਾਰ....ਉਪਜਿਆ ਇਕ ਓਂਕਾਰ
Post a Comment