ਪੰਜਾਬ ਸਿਆਂ... ਤੇਰਾ ਬੇਲੀ ਅੱਲਾਹ!
ਕਿ ਕੱਖਾਂ ਦੀ ਬੇੜੀ, ਤੇ ਬਾਂਦਰ ਮਲਾਹ !
ਪੰਜਾਬ ਸਿਆਂ... ਤੇਰਾ ਬੇਲੀ ਅੱਲਾਹ!
ਕਿ ਡੋਬਣਗੇ ਤੈਨੂੰ ! ਜਾਂ ਤਾਰਨਗੇ ਇਹੇ !
ਭਲੇ-ਭੋਲ਼ੇ ਲੋਕਾਂ ਦੀ ਜਾਣੇ ਬਲਾ !
ਪੰਜਾਬ ਸਿਆਂ... ਤੇਰਾ ਬੇਲੀ ਅੱਲਾਹ !
ਇਹ ਨਿੱਤ ਹੀ ਹਨੇਰੇ ’ਚ ਧੱਕਦੇ ਨੇ ਤੈਨੂੰ
ਕਸਾਈਆਂ ਕੂੰ ਵੱਢਦੇ ਤੇ ਟੱਕਦੇ ਨੇ ਤੈਨੂੰ
ਜਾਂ ਤਿੱਖੀ-ਨੁਕੀਲੀ ਜਿਹੀ ਨਸਤਰ ਚੁਭਾਕੇ
ਤੇ ਫਿਰ ਤੈਨੂੰ ਪੁੱਛਦੇ ਨੇ ਦੱਸ ਕੀ ਸਲਾਹ ?
ਪੰਜਾਬ ਸਿਆਂ... ਤੇਰਾ ਬੇਲੀ ਅੱਲਾਹ!
ਤੂੰ ਸੰਤਾਲੀ, ਚੁਰਾਸੀ, ਛਿਹਾਟਾਂ ਵੀ ਝੱਲੀਆਂ
ਕਿ ਲੋਥਾਂ ਤੇ ਪੀੜਾਂ-ਤ੍ਰਾਹਟਾਂ ਵੀ ਝੱਲੀਆਂ
ਘਣੇ ਦੁੱਖ ਸਹਿ ਕੇ, ਇਹ ਤੇਰਾ ਹੀ ਜੇਰਾ
ਤੂੰ ਮੰਗਿਆ ਹਮੇਸ਼ਾਂ ਸਰਬੱਤ ਦਾ ਭਲਾ
ਪੰਜਾਬ ਸਿਆਂ... ਤੇਰਾ ਬੇਲੀ ਅੱਲਾਹ!
ਇਹ ਡੋਬਣ ਨੂੰ ਫਿਰਦੇ ਨੇ ਭੰਵਰਾਂ ‘ਚ ਤੈਨੂੰ
ਜਾਂ ਚਾਹੁੰਦੇ ਲਿਟਾਉਣਾ ਏ ਕਬਰਾਂ ’ਚ ਤੈਨੂੰ
ਇਹ ਚਾਲਾਂ ਨੇ ਚੱਲਦੇ, ਸਦਾਂ ਤੈਨੂੰ ਛਲਦੇ
ਇਹ ਯਾਰੀ ਦੇ ਉਹਲੇ ’ਚ ਵੈਰੀ ਵੱਲਾਹ
ਪੰਜਾਬ ਸਿਆਂ... ਤੇਰਾ ਬੇਲੀ ਅੱਲਾਹ!
ਜਸਬੀਰ ਵਾਟਾਂਵਾਲੀਆ
ਕਲਯੁਗਨਾਮਾ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ
ਇੱਥੇ ਪੜ੍ਹੋ- ਪੰਜਾਬੀ ਅਖਾਣਾਂ ਦੀ ਸਭ ਤੋਂ ਵੱਡੀ ਕੁਲੈਕਸ਼ਨ
Post a Comment