ਪੰਜਾਬੀ ਅਖਾਣ-ਮੁਹਾਵਰੇ
BEST AND BIGGEST COLLECTIONS OF AKHAAN-BY JASBIR WATTAWALI
‘ਪ’ ਅੱਖਰ ਤੋਂ ਲੈ ਕੇ ‘ਮ’ ਅੱਖਰ ਤੱਕ ਅਖਾਣ
- ਪਈ-ਪਈ, ਮੂਲੋ ਵੀ ਗਈ।
- ਪਏ ਭੈੜਿਆਂ ਦੇ ਪੈਰ, ਝੱਟ ਉਜੜ ਗਏ ਸ਼ਹਿਰ।
- ਪਹਾੜ ਦੂਰੋਂ ਹੀ ਹਰੇ ਦਿਸਦੇ ਨੇ।
- ਪਹਾੜਾਂ ਨਾਲ ਟੱਕਰਾਂ ਮਾਰਿਆਂ ਸਿਰ ਹੀ ਪਾੜਦੈ।
- ਪਹਾੜੀਂ ਗਏ ਅੱਕ ਮਿੱਠੇ ਨਹੀਂ ਹੁੰਦੇ।
- ਪਹਾੜੀ ਯਾਰ ਕਿਸ ਕੇ, ਚੌਲ ਖਾਧੇ ਖਿਸਕੇ।
- ਪਹਿਲਾਂ ਉਧਾਰ, ਪਿੱਛੋਂ ਖੁਆਰ।
- ਪਹਿਲਾਂ ਖੁੱਲ੍ਹਾ ਆਟਾ ਪਾਵਾਂ, ਪਿੱਛੋਂ ਮੰਗਦੀ ਫਿਰੇ ਭਰਾਵਾਂ।
- ਪਹਿਲਾਂ ਪੱਕੇ, ਪਹਿਲਾਂ ਗਲ਼ੇ।
- ਪਹਿਲਾਂ ਪੂਤ, ਪਛੇਰੀ ਮਾਈ।
- ਪਹਿਲਾਂ ਮਰਣੁ ਕਬੂਲ, ਜੀਵਣ ਕੀ ਛਡਿ ਆਸ।
- ਪਹਿਲਾਂ ਮਾਰੇ, ਸੋ ਮੀਰੀ, ਪਿੱਛੋਂ ਮਾਰੇ ਤਾਂ ਕੀੜੀ।
- ਪਹਿਲੇ ਸਾਲ ਚੱਟੀ, ਦੂਜੇ ਸਾਲ ਹੱਟੀ, ਤੀਜੇ ਸਾਲ ਖੱਟੀ।
- ਪਹਿਲੇ ਦਿਨ ਪ੍ਰਾਹੁਣਾ, ਦੂਜੇ ਦਿਨ ਧਰਾਉਣਾ, ਤੀਜੇ ਦਿਨ ਦਾਦੇ ਮੰਗਾਹੁਣਾ।
- ਪਹਿਲੋਂ ਆਇਆ, ਸੋ ਪਾਇਆ।
- ਪਹਿਲੋਂ ਆਪ, ਪਿੱਛੋਂ ਬਾਪ।
- ਪਹਿਲੋਂ ਸ਼ਾਹ, ਪਿੱਛੋਂ ਬਾਦਸ਼ਾਹ।
- ਪਹਿਲੋਂ ਪੇਟਾ, ਪਿੱਛੋਂ ਬੇਟਾ।
- ਪਹਿਲੋਂ ਰਿਹਾ ਸੋਤਾ, ਤੇ ਕੁਚੱਜੀ ਕੁੱਨਾ ਧੋਤਾ।
- ਪੱਕੀ ਖੇਤੀ ਵੇਖ ਕੇ, ਭੁੱਲ ਬੈਠਾ ਕਿਰਸਾਣ, ਝਖੜ ਝੋਲਾ ਬਹੁਤ ਹੈ, ਘਰ ਆਵੇ ਤਾਂ ਜਾਣ।
- ਪੱਗ ਵੇਚ ਕੇ ਘਿਓ ਨਹੀਂ ਖਾਈਦਾ।
- ਪੱਗਾਂ ਵੀ ਰੱਬ ਉਹਨਾਂ ਨੂੰ ਦਿੰਦਾ, ਜਿਨ੍ਹਾਂ ਨੂੰ ਬੰਨ੍ਹਣੀਆਂ ਨਹੀਂ ਆਉਂਦੀਆਂ।
- ਪੰਚਾਂ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉਥੇ ਦਾ ਉੱਥੇ।
- ਪੱਛੋਂ ਚਲੇ ਸੰਗ ਬਦਲੀ, ਰੰਨ ਮਲਾਈ ਖਾਇ, ਉਹ ਬਰਸੇ, ਉਹ ਉਧਲੇ, ਕਿਹਾ ਨਾ ਬਿਰਥਾ ਜਾਇ।
- ਪੰਜ ਉਗਲਾਂ ਤੋਂ ਪਹੁੰਚਾ ਭਾਰਾ।
- ਪੰਜ ਸਾਲ, ਤੇ ਇਕ ਬਾਲ ਪਾਲ਼
- ਪੰਜਾਂ ਵਿੱਚ ਪਰਮੇਸ਼ਰ।
- ਪੰਜਾਬੀ ਦਾ ਹੱਥ, ਹਿੰਦੁਸਤਾਨੀ ਦੀ ਜੁਬਾਨ, ਪਠਾਣ ਕਾ ਪੂਤ, ਕਦੀ ਜਿੰਨ ਕਦੀ ਭੂਤ।
- ਪੰਜੀਂ ਮਿੱਤ, ਪੰਜਾਹੀਂ ਠਾਕੁਰ।
- ਪੰਜੀਂ ਮੀਤ, ਪਜਾਹੀਂ ਚਾਦਰ।
- ਪੰਜੇ ਉਗਲਾਂ ਕਦੇ ਵੀ ਇੱਕੋ ਜਿਹੀਆਂ ਨਹੀਂ ਹੁੰਦੀਆਂ।
- ਪੰਜੇ ਉਂਗਲਾਂ ਘਿਓ ਚ, ਤੇ ਸਿਰ ਕੜਾਹੀ ਚ।
- ਪੱਟਿਆ ਪਹਾੜ! ਨਿਕਲਿਆ ਚੂਹਾ!
- ਪੱਟੋਂ ਗਏ, ਪਰੋਲਿਓਂ ਤਾਂ ਨਹੀਂ ਗਏ।
- ਪਠਾਣ ਕਾ ਪੂਤ, ਘੜੀ ਵਿੱਚ ਔਲੀਆ, ਘੜੀ ਵਿਚ ਭੂਤ।
- ਪੱਠੇ ਖਾ ਗਈ ਗਾਂ, ਗੁੱਸਾ ਵੱਛੇ ’ਤੇ।
- ਪੰਡਿਤ, ਵੈਦ, ਮਸ਼ਾਲਚੀ, ਤਿੰਨੇ ਇੱਕ ਸਮਾਨ, ਲੋਕਾਂ ਵੰਡਣ ਚਾਨਣਾ ਆਪ ਹਨੇਰੇ ਜਾਣ।
- ਪਤ ਪ੍ਰਤੀਤ, ਖੜੀ ਨੀਤ।
- ਪੱਤ, ਪ੍ਰਤੀਤ ਤੇ ਖਰੀ ਰੀਤ।
- ਪੱਤਣ ਮਲਾਹ ਨਾ ਛੇੜੀਏ, ਤੇ ਹੱਟੀ ਉੱਤੇ ਕਰਾੜ।
- ਪਤਾ ਨਾ ਥਹੁ, ਤੇ ਲੈ ਦੇ ਔਹ।
- ਪੱਥ ਨਾ ਜਾਣਾ ਮੱਘੀਆਂ, ਮੈਂ ਟਿੰਡਾਂ ਦਾ ਉਸਤਾਦ।
- ਪੱਥਰ ਨਾ ਸੁਣੇ ਫਰਿਆਦ ਕਿਸੇ ਦੀ,......
- ਪੱਥਰ ਨਾਲੋਂ ਚੱਕੀ ਭਲੀ, ਜੋ ਪੀਸੇ ਸੰਸਾਰ।
- ਪੱਥਰਾਂ ਨੂੰ ਜੋਕਾਂ ਨਹੀਂ ਲੱਗਦੀਆਂ।
- ਪੱਦ, ਛਿੱਕ ਤੇ ਡਕਾਰ ਤਿੰਨੇ ਦੇ ਸ਼ਿੰਗਾਰ।
- ਪਰ ਘਰ ਗਈ ਨਾ ਬਹੁੜੇ, ਪੋਥੀ, ਕਾਨੀ, ਨਾਰ, ਟੁੱਟੀ ਭੱਜੀ ਆ ਮੁੜੇ, ਜੇ ਮੁੜੇ ਕਰਤਾਰ।
- ਪਰ ਮਰੇ, ਪਰਮੇਸ਼ਰ ਜਾਗੇ।
- ਪਰਛਾਵੇਂ ਨਾਲ ਤਾਂ ਤੁਰ ਪੈਂਦੇ ਨੇ, ਪਰ ਹੱਥ ਨਹੀਂ ਆਉਂਦੇ।
- ਪਰਤਿਆਈ ਘੁਮਿਆਰੀ ਕਦੇ ਗਧੇ ਤੇ ਨਹੀਂ ਚੜ੍ਹਦੀ!
- ਪਰਾਇਆ ਸੇਰ, ਪੰਸੇਰੀ ਬਰਾਬਰ।
- ਪਰਾਇਆ ਗਹਿਣਾ, ਕੀ ਫੁੱਲ-ਫੁੱਲ ਬਹਿਣਾ?
- ਪਰਾਈ ਆਸ, ਸਦਾ ਨਿਰਾਸ।
- ਪਰਾਈ ਥਾਲੀ ਵਿੱਚ ਲੱਡੂ ਵੱਡਾ।
- ਪਰਾਏ ਸਿਰ ਮੋਹਲਾ, ਕਪਾਹ ਤੋਂ ਹੌਲ਼ਾ।
- ਪਰਾਏ ਹੱਥ ਪੇੜਾ, ਮੋਟਾ।
- ਪਰਾਏ ਹੱਥੀਂ ਕਹੀ, ਹੌਲੀ।
- ਪਰਾਏ ਪੀਰ ਨੂੰ ਮਲੀਂਦਾ, ਤੇ ਘਰ ਦੇ ਨੂੰ ਧਤੂਰਾ
- ਪਰਾਏ ਪੈਰੀਂ ਦੌੜੀਏ, ਕੋਹ ਕਦਮਾਂ ਜਿੱਡੇ।
- ਪਰਾਏ ਮੰਡੇ, ਅੰਮਾਂ ਦਾਤੀ।
- ਪਰੀਆਂ ਦੀ ਪਰ੍ਹੇ, ਤੇ ਭੂਤਨੇ ਪੈਂਚ।
- ਪਰੌਂਠੇ-ਪਰੌਂਠੇ ਆਖਿਆ ਢਿੱਡ ਨਹੀਂ ਭਰਦਾ।
- ਪਰ੍ਹੇ ਵਿੱਚ ਬਹਿ ਕੇ ਟੋਕੀਏ ਨਾ ਗੱਲ ਨੂੰ।...........
- ਪੱਲੇ ਹੋਵੇ ਸੱਚ ਤਾਂ ਨੰਗਾ ਹੋ ਕੇ ਨੱਚ।
- ਪੱਲੇ ਨਹੀਂ ਸੇਰ ਆਟਾ, ਤੇ ਹੀਂਗਦੀ ਦਾ ਸੰਘ ਪਾਟਾ।
- ਪੱਲੇ ਰਿਜਕ ਨਾ ਬੰਨ੍ਹਦੇ, ਪੰਛੀ ਤੇ ਦਰਵੇਸ਼।
- ਪੜ ਪਿਆ, ਤੇ ਸਾਕ ਗਿਆ।
- ਪੜਿਆ ਹੈ, ਗੁੜ੍ਹਿਆ ਨਹੀਂ।
- ਪੜਿਆ ਪੁੱਤ ਭੜ੍ਹਾਕੂ ਦਾ, ਤੇ 16 ਦੂਣੀ ਅੱਠ।
- ਪੜ੍ਹਿਆ ਨਹੀਂ ਊੜਾ, ਤੇ ਨਾਂ ਵਿੱਦਿਆ ਸਾਗਰ।
- ਪੜ੍ਹਿਆ ਮੂਰਖ ਆਖੀਐ, ਜਿਸ ਲਭੁ, ਲੋਭ, ਅਹੰਕਾਰ।
- ਪੜ੍ਹੇ ਫਾਰਸੀ ਵੇਚੇ ਤੇਲ, ਕੀ ਵੇਖੋ ਕੁਦਰਤ ਦਾ ਖੇਲ।
- ਪਾਈ ਵਾਲਾ ਸੰਗੇ, ਤੇ ਪੜੋਪੀ ਵਾਲਾ ਮੰਗੇ।
- ਪਾਂਸਾ ਪਏ, ਅਨਾੜੀ ਜਿੱਤੇ।
- ਪਾਟਿਆ ਸੀਵੀਂਏਂ ਨਾ, ਤੇ ਰੁੱਸਿਆ ਮਨਾਈਏ ਨਾ, ਤਾਂ ਗੱਲ ਕਿਵੇਂ ਬਣੇ ?
- ਪਾਣੀ ਸਦਾਂ ਨਿਵਾਣਾ ਨੂੰ ਹੀ ਵਹਿੰਦੇ ਨੇ।
- ਪਾਣੀ ਖੂਹ ਦਾ, ਤੇ ਘਾਹ ਜੂਹ ਦਾ।
- ਪਾਣੀ ਚ ਹੱਗਿਆ, ਮੂੰਹ ਚ।
- ਪਾਣੀ ਤਾਂ ਪੁਲ਼ਾਂ ਥੱਲੋਂ ਹੀ ਲੰਘਣਾ।
- ਪਾਣੀਂ ਨਾਲੋਂ ਖੂਨ ਗਾੜ੍ਹਾ।
- ਪਾਣੀ ਨੂੰ ਪੁਣ-ਪੁਣ ਕੇ ਪੀਣ ਵਾਲੇ, ਲਹੂ ਅਣਪੁਣਿਆਂ ਹੀ ਪੀ ਜਾਂਦੇ ਨੇ।
- ਪਾਣੀ ਪੀ ਕੇ ਜਾਤ ਕੀ ਪੁੱਛਣੀ।
- ਪਾਣੀਂ ਪੀਏ ਪੁਣਕੇ, ਤੇ ਮੁਰਸ਼ਦ ਧਾਰੀਏ ਚੁਣ ਕੇ।
- ਪਾਣੀ ਭਰਨ ਸੁਆਣੀਆਂ, ਰੰਗੋ-ਰੰਗ ਘੜੇ, ਭਰਿਆ ਉਸਦਾ ਜਾਣੀਏ ਜੀਹਦਾ ਤੋੜ ਚੜੇ।
- ਪਾਪ ਦੀ ਬੇੜੀ ਡੁੱਬਦੀ, ਡੁੱਬਦੀ ਹੈ।
- ਪਾਪਾਂ ਬਾਝ ਨਾ ਹੋਏ ਇਕੱਠੀ, ਮੋਇਆਂ ਸਾਥਿ ਨਾ ਜਾਈ।
- ਪਾਪੀ ਕੇ ਮਾਰਨੇ ਕੋ, ਪਾਪ ਮਹਾਂਬਲੀ।
- ਪਾਰ ਵਾਲੇ ਕਹਿਣ ਉਰਾਰ ਵਾਲੇ ਚੰਗੇ, ਤੇ ਉਰਾਰ ਵਾਲੇ ਕਹਿਣ ਪਾਰ ਵਾਲੇ ਚੰਗੇ।
- ਪਾਲ਼ਾ ਗਿਆ ਸਰਾਂਗਲੇ, ਅੱਧਾ ਲੰਘਿਆ ਮਾਘ।
- ਪਾਲ਼ਾ ਪੋਹ, ਨਾ ਪਾਲ਼ਾ ਮਾਘ, ਪਾਲ਼ਾ 'ਵਾ ਦਾ।
- ਪਾਲ਼ੇ ਵਿੱਚ ਗੋਡੇ ਢਿੱਡ ਨੂੰ ਆਉਂਦੇ ਨੇ।
- ਪਾਵੇ ਹਰ ਕੋਈ, ਠਣਕਾਵੇ, ਕੋਈ-ਕੋਈ।
- ਪਿਓ ਹੁੰਦਿਆਂ ਹਰਾਮੀ ਕੌਣ ?
- ਪਿਓ ਨਾ ਮਾਰੀ ਪਿੱਦੀ ਕਦੇ, ਪੁੱਤਰ ਤੀਰ-ਅੰਦਾਜ।
- ਪਿਛਵਾੜੇ ਹੱਗਿਆਂ ਵੈਰ ਨਹੀਂ ਨਿਕਲਦੇ।
- ਪਿੰਡ ਉੱਜੜ ਜਾਂਦਾ, ਪਰ ਨਿਸ਼ਾਨ ਨਹੀਂ ਮਿਟਦੇ। ਜਸਬੀਰ ਵਾਟਵਾਲੀਆ
- ਪਿੰਡ ਉਜੜਿਆ ਜਾਵੇ, ਤੇ ਕਮਲੀ ਗਹੀਰੇ ਪੱਥੇ।
- ਪਿੰਡ ਉਜਾੜੇ ਚੌਧਰੀਆਂ, ਵਸਾਵਣ ਵਾਲਾ ਕੌਣ।
- ਪਿੰਡ ਸੜਿਆ, ਤੇ ਜੋਗੀ ਟਿੱਲੇ ਚੜ੍ਹਿਆ।
- ਪਿੰਡ ਦੀ ਕੁੜੀ ਤੇ ਸ਼ਹਿਰ ਦੀ ਚਿੜੀ।
- ਪਿੰਡ ਬੱਝਾ ਨਹੀਂ ਤੇ ਮੰਗਤੇ ਪਹਿਲਾਂ ਹੀ
- ਪਿੰਡ ਵਸਿਆ ਨਹੀਂ, ਤੇ ਉਚੱਕੇ ਮੂਹਰੇ।
- ਪਿੰਡ ਵਸੇ ਅਵੀਂ-ਜਵੀਂ, ਮੰਗਣ ਗਿਆਂ ਨੂੰ ਕਾਹਦੀ ਕਮੀਂ।
- ਪਿੰਡਾ ਵੇ ਅਗਾਂਹ ਪੁੱਤਾ ਵੇ ਪਿਛਾਂਹ।
- ਪਿਤਾ ਪਰ ਪੂਤ, ਨਸਲ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜ੍ਹਾ-ਥੋੜ੍ਹਾ।
- ਪੀ ਓ ਸ਼ੇਰਾ ਪੀ, ਤੈਨੂੰ ਕਿਸੇ ਨਾਲ ਕੀ ?
- ਪੀਓ ਭੰਗ ਤੇ ਸਵੋਔ ਬਾਗ਼ੀਂ, ਪਿਛਲੇ ਜਿਉਣਗੇ ਆਪਣੇ ਭਾਗੀਂ।
- ਪੀਸਣ ਵਾਲੀ ਪੀਹ ਕੇ ਉੱਠੂ, ਪਕਾਉਣ ਵਾਲੀ ਪਕਾ ਕੇ, ਸੱਥਰ ਵਾਲੀ ਵਿਚਾਰੀ ਖਾਲੀ ਉੱਠੂ।
- ਪੀਸਣਾ ਘੜੀਸਣਾ, ਤੇ ਸੌਖਾ ਕੰਮ ਕੱਤਰਣਾ, ਸਾਰਿਆਂ ਤੋਂ ਔਖਾ ਮਲ਼ ਕੇ ਗੋਹਾ ਪੱਥਣਾ।
- ਪੀਹ ਮੋਈ ਪਕਾ ਮੋਈ, ਆ ਗਏ ਡੱਟੋ, ਖਾ ਗਏ ਡੱਟੋ।
- ਪੀਠਾ ਨਹੀਂ ਤੇ ਦਾਦੜ ਹੀ ਸਹੀ।
- ਪੀਠਾ ਨਾ ਛੜਿਆ, ਤੇ ਲੈ ਬੰਨੀ ਨੂੰ ਘਰ ਵੜਿਆ।
- ਪੀਰ ਪਰਾਉਣੇ ਮੰਨਦਿਆ ਦੇ।
- ਪੀਰ ਪੁੱਤਰ ਨਾ ਦੇਊ, ਤਾਂ ਘੱਗਰਾ ਤਾਂ ਨਾ ਲਾਹ ਲਊ।
- ਪੀੜ ਵੱਸ ਕੀਤੀ, ਤੇ ਲੜਾਈ ਜਿੱਤ ਲੀਤੀ।
- ਪੀੜਿਆਂ ਬਿਨਾਂ ਤੇਲ ਨਹੀਂ ਨਿਕਲਦਾ।
- ਪੁੱਠੀ ਪਾ ਕੇ ਲੇਖਾ ਪਾਇਆ, ਨਾ ਚਾਚਾ ਗਿਆ, ਤੇ ਨਾ ਚਾਚਾ ਆਇਆ।
- ਪੁੱਤ ਉਠੇ, ਦਾਲਦ ਦੇ ਟੁੱਟੇ।
- ਪੁੱਤ ਜਣੇ ਵੜ ਕੋਠੜੀ, ਬਾਹਰ ਜਗ ਜਾਣੇ।
- ਪੁੱਤ ਤਰਸਣ ਟੁੱਕਾਂ ਨੂੰ ਤੇ ਟੁੱਕ ਤਰਸਣ ਪੁੱਤਾਂ ਨੂੰ।
- ਪੁੱਤ ਤਾਂ ਮੜ੍ਹੀ 'ਤੇ ਨਹੀਂ ਮੂਤਦੇ ਪਰ ਧੀਆਂ ਦੇ ਤਾਂ ਸਿਵੇ ਵੀ ਤਰਸਦੇ ਨੇ।
- ਪੁੱਤ ਪਰਾਇਆ ਚੁੰਮਿਆ ਤੇ ਲਾਲ਼ੀ ਭਰਿਆ ਮੂੰਹ।
- ਪੁੱਤ ਫਕੀਰਾਂ ਦੇ, ਤੇ ਚਾਲ ਅਹਿਦੀਆਂ ਦੀ।
- ਪੁੱਤ ਮੰਗਿਆ ਤੇ ਚਰਖਾ ਟੰਗਿਆ, ਪੁੱਤ ਵਿਆਹਿਆ ਤੇ ਚਰਖਾ ਲਾਹਿਆ।
- ਪੁੱਤ ਵਡੇਰੇ ਤੇ ਸਾਕ ਚੰਗੇਰੇ।
- ਪੁੱਤਰ ਕਪੁੱਤਰ ਹੋ ਜਾਂਦੇ ਨੇ, ਮਾਪੇ-ਕੁਮਾਪੇ ਨਹੀਂ ਹੁੰਦੇ।
- ਪੁੱਤਰ ਜੰਮਦਿਆਂ ਹੀ ਜਵਾਨ।
- ਪੁੱਤਰ ਜਿਹਾ ਨਾ ਮੇਵਾ ਡਿੱਠਾ, ਜਿੰਨਾ ਨਿੱਕਾ ਓਨਾ ਮਿੱਠਾ।
- ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ।
- ਪੁੱਤਰਾਂ ਸੰਦੀ ਮਾਂ ਮੋਈ, ਤੇ ਨੂਹਾਂ ਦਾ ਲੱਥਾ ਜੰਮ।
- ਪੁੱਤਰੀਂ ਭਾਗ ਕੋਈ ਲਿਆਵੇ ਲੱਕੜੀਆਂ, ਕੋਈ ਲਿਆਵੇ ਸਾਗ।
- ਪੁੱਤਾਂ ਦਾ ਖਾਧਾ ਖੇਤ, ਤੇ ਧੀਆਂ ਦਾ ਖਾਧਾ ਰੇਤ।
- ਪੁੱਤਾਂ ਦੀਆਂ ਮਾਵਾਂ ਸਦਾਂ ਸੁਹਾਗਣਾਂ।
- ਪੁੱਤਾਂ ਧੀਆਂ ਨੂੰ ਖਵਾਈਏ ਜਵਾਈਆਂ ਵਾਂਗ, ਤੇ ਵੇਖੀਏ ਕਸਾਈਆਂ ਵਾਂਗ।
- ਪੁੱਤਾਂ ਨੂੰ ਮਿਲੇ ਨਾ, ਤੇ ਮਿੱਤਾਂ ਨੂੰ ਕਿੱਥੋਂ?
- ਪੁੱਤੀਂ ਗੰਢ ਪਵੇ ਸੰਸਾਰ।
- ਪੁਲਸੋਂ ਝਿੜਕਿਆ, ਚਿੱਕੜੋਂ ਤਿਲਕਿਆ, ਕੋਈ ਕੀ ਕਰ ਸਕਦਾ।
- ਪੂੰਜੀ ਥੋੜ੍ਹੀ, ਹਾਕਾਂ ਬਹੁਤੀਆਂ।
- ਪੂਤ-ਕਪੂਤ, ਭੰਗੂੜਿਓਂ ਹੀ ਪਛਾਣੇ ਜਾਂਦੇ ਨੇ।
- ਪੂਰਾ ਕਿਸੇ ਨਾ ਤੋਲਿਆ, ਜੋ ਤੋਲੇ ਸੋ ਘੱਟ।
- ਪੂਰਾ-ਪੂਰਾ ਮਾਪਿਆਂ ਨੇ ਦਾਜ ਦਿੱਤਾ, ਲੋਹੀ ਬੱਕਰੀ ਤੇ ਮਗਰ ਪਠੋਰਾ।
- ਪੇਕੇ ਗਈਆਂ ਦੀ ਖੈਰ ਕੌਣ ਪਾਵੇ।
- ਪੇਕੇ ਨਾ ਸਹੁਰੇ, ਤੇ ਡੁੱਬ ਮਰੀ ਮਨਿਆਉਰੇ।
- ਪੇਕੇ ਮਾਵਾਂ ਨਾਲ, ਤੇ ਮਾਣ ਭਰਾਵਾਂ ਨਾਲ।
- ਪੇਕੇ ਵੱਸਣ ਕੁਆਰੀਆਂ, ਮੈਂ ਵਸਾਂ ਸ਼ਰੀਕਾਂ ਨਾਲ।
- ਪੇਟ ਨਾ ਪਈਆਂ ਰੋਟੀਆਂ, ਤਾਂ ਸਭੇ ਗੱਲਾਂ ਖੋਟੀਆਂ।
- ਪੇਟ ਪਾੜਾਂ, ਤੇ ਪੱਟੀ ਕਿੱਥੇ ਬੰਨਾ?
- ਪੇੜਿਆਂ ਦੀ ਰਾਖੀ, ਬਿੱਲੇ।
- ਪੈਸਾ ਖੱਟੇ, ਪੈਸੇ ਨੂੰ।
- ਪੈਸਾ ਨਾ ਕੋਈ ਬੱਧਾ, ਤੇ ਢਿੱਡ ਸੁੱਖਾ ਲੱਧਾ।
- ਪੈਸਾ ਨਾ ਪੱਲੇ ਤੇ ਨਾ ਕਰੋੜੀ ਮੱਲ।
- ਪੈਸਾ ਨਾ ਪੱਲੇ, ਤੇ ਬਾਜ਼ਾਰ ਖੜ੍ਹੀ ਹੱਲੇ।
- ਪੈਸਾ ਪੀਰ, ਜਨਾਨੀ ਗੁਰ, ਜਿਧਰ ਨੂੰ ਆਖੇ ਉਧਰ ਨੂੰ ਤੁਰ।
- ਪੈਸਿਆਂ ਬਿਨਾਂ ਵਿਆਜ ਵੀ ਐਵੇਂ ਜਾਂਦਾ।
- ਪੈਸੇ ਨੂੰ ਪੈਸਾ ਖਿੱਚੇ।
- ਪੈਸੇ ਵਾਲੀ ਥਾਂ ਬਾਲ ਖੇਡਦੇ ਨੇ।
- ਪੈਸੇ ਵਾਲੀ ਦਾ ਹੀ ਖੇਡਦਾ।
- ਪੈਂਦੀ 'ਤੇ ਪਈ, ਤੇ ਜਾਨ ਨਿਕਲ ਗਈ।
- ਪੋਹ-ਮਾਘ ਦੀ ਝੜ੍ਹੀ, ਕੋਠਾਂ ਛੱਡੇ ਨਾ ਕੜੀ।
- ਪੋਹ.. ਪਾਲ਼ੇ ਦਾ ਰੋਹ।
- ਪੋਹ ਰਿੱਧੀ, ਮਾਘ ਖਾਧੀ।
- ਪੋਹ ਮਾਘ ਦੀ ਦਿਹਾੜੀ, ਚੌਕਾਂ, ਚੁੱਲ੍ਹਾ ਅਤੇ ਬਹਾਰੀ।
- ਪੋਹ ਮਹੀਨੇ ਨਾਲ ਜੁੜੇ ਹੋਰ ਅਖਾਣ-
- ਚੜ੍ਹ ਗਿਆ ਪੋਹ, ਬਚਣਗੇ ਉਹ, ਜਿਹੜੇ ਸੌਣਗੇ ਦੋ। 😃 ਇਹਦੇ ਜਵਾਬ ਵਿੱਚ ਕਿਹਾ ਜਾਂਦਾ ਹੈ ਕਿ, ਦੱਬ ਰਜਾਈ ਮੱਲਾ ਜਿਹੋ ਜਿਹੇ ਦੋ, ਉਹੋ ਜਿਹਾ ਇਕੱਲਾ।
- ਵਰਸੇ ਪੋਹ, ਜੇਹਾ ਇਹ, ਤੇਹਾ ਉਹ।
- ਚੜ੍ਹਿਆ ਪੋਹ, ਤਵਾ ਲਾਹ, ਤੇ ਤੌੜੀ ਧੋ।
- ਗਰੀਬ ਦੀ ਜਵਾਨੀ ਤੇ ਪੋਹ ਦੀ ਚਾਨਣੀ ਐਵੇਂ ਚਲੀ ਜਾਂਦੀ ਹੈ।
- ਪੌਂ ਬਾਰਾਂ, ਤੇ ਦਾਅ ਸਤਾਰਾਂ।
- ਪ੍ਰਤੱਖ ਨੂੰ ਪ੍ਰਮਾਣ ਕੀ।
- ਪ੍ਰਦੇਸ਼ ਭਿੱਖਿਆ ਤੇ ਦੇਸ ਫਕੀਰੀ।
- ਪ੍ਰੀਣੀ ਹੋਵੇ, ਭਾਵੇਂ ਸਿਰਖੰਡੀ ਹੋਵੇ।
- ਪ੍ਰੀਤ ਦਾ ਰਾਹ ਪੱਧਰਾ ਨਾਹੀ।
‘ਫ’ ਅੱਖਰ ਵਾਲੇ ਅਖਾਣ
- ਫਸੀ ਨੂੰ ਫਟਕਣ ਕੀ? ਛੁੱਟ ਗਈ ਤਾਂ ਅਟਕਣ ਕੀ?
- ਫ਼ਕੀਰ ਦਾ ਕਹਿਰ, ਝੌਂਪੜੀ 'ਤੇ।
- ਫਕੀਰ ਦੀ ਬੁਰ ਤੇ ਅਮੀਰ ਦਾ ਦਰ ਇਕ ਬਰਾਬਰ।
- ਫਕੀਰਾ ਫਕੀਰੀ ਦੂਰ ਹੈ, ਜਿਤਨੀ ਲੰਮੀ ਖਜੂਰ ਹੈ।
- ਫੰਡਰ ਟਟੀਹਰੀ, ਟੀਸੀ 'ਤੇ ਆਲ੍ਹਣਾ।
- ਫਫੇ ਕੁੱਟਣ, ਲੱਗੀ ਲੁੱਟਣ।
- ਫਰੀਦਾ ਮੌਤੋਂ ਭੁੱਖ ਬੁਰੀ, ਰਾਤੀਂ ਸੁੱਤਾ ਖਾਇਕੈ ਤੜਕੇ ਆਣ ਖੜ੍ਹੀ।
- ਫਰੀਦਾ ਲੋੜੇ ਦਾਖ ਬਿਜੌਰੀਆਂ, ਤੇ ਕਿੱਕਰ ਬੀਜੇ ਜੱਟ।
- ਫੜ੍ਹਿਆ ਚੋਰ, ਤੇ ਨਿਕਲਿਆ ਜਲਾਹਾ।
- ਫਾਕੇ ਮਰਾਂਗੇ, ਲਾਡ ਪਏ ਕਰਾਂਗੇ।
- ਫਾਟਕ ਟੁੱਟਿਆ ਤੇ ਘਰ ਲੁੱਟਿਆ। ਜਾਂ ਬੂਹਾ ਟੁੱਟਿਆ ਤੇ ਘਰ ਲੁੱਟਿਆ।
- ਫਿਫਰ ਦਾ ਸਲਾਹੁਣਾ ਕੀ ਤੇ ਸਾਂਢੂ ਦਾ ਕੀ ਸਾਕ?
- ਫੁੱਟ ਡੈਣ, ਤੇ ਏਕਾ ਰਸੈਣ।
- ਫੁੱਲ ਖਿੜੇ, ਤੇ ਫਲੀਆਂ ਦੀ ਵੀ ਆਸ।...
- ਫੁੱਲਕਾ ਤਵੇ ਦਾ, ਤੇ ਵੱਗ ਰਵੇ ਦਾ, ਜੁੱਤੀ ਧੌੜੀ ਦੀ, ਦਾਲ਼ ਤੌੜੀ ਦੀ।
- ਫੁੱਲਾਂ ਉੱਤੇ ਆਈ ਵੱਡੀਏ ਨਾ ਵੱਲ ਨੂੰ,...................
- ਫੁੱਲਾਂ ਦੀ ਵਾਸ਼ਨਾ, ਦੂਰੋਂ ਹੀ ਚੰਗੀ।
- ਫੁੱਲਾਂ ਨਾਲ ਕੰਡੇ ਵੀ।
- ਫੁੱਲਾਂ ਬਾਝ ਨਾ ਸੋਂਹਦੀਆਂ ਵੇਲਾਂ, ਪੁੱਤਰਾਂ ਬਾਝ ਨਾ ਮਾਵਾਂ।
- ਫੂਹੀ-ਫੂਹੀ ਤਾਲਾਬ ਭਰਦਾ।
- ਫੋਕਾ ਰੌਲ਼ਾ, ਗਿੱਦੜ ਪਾਉਣ।
- ਫੋੜਾ ਤੇ ਘੋੜਾ, ਜਿੰਨਾ ਪਲੋਸੀਏ ਓਨਾ ਹੀ ਵੱਧਦਾ।
‘ਬ’ ਅੱਖਰ ਵਾਲੇ ਅਖਾਣ
- ਬਹੁ ਪੁੱਤੀ ਤੇ ਬਹੁ ਮੇਹਣੇ।
- ਬਹੁ ਬੀਤੀ, ਥੋੜੀ ਰਹੀ।
- ਬਹੁਤਾ ਸਿਆਣਾ ਕਾਂ ਗੂੰਹ ਤੇ ਡਿੱਗਦਾ ਹੈ।
- ਬਹੁਤਾ ਖਾਂਦੀ, ਥੋੜਿਓਂ ਵੀ ਜਾਂਦੀ।
- ਬਹੁਤਾ ਜਾਈਏ, ਤਾਂ ਭਰਮ ਗਵਾਈਏ।
- ਬਹੁਤਾ ਬੋਲਣ, ਝੱਖਣ ਹੋਇ।
- ਬਹੁਤਾ ਭਲਾ ਨਾ ਹੱਸਣਾ, ਬਹੁਤੀ ਭਲੀ ਨਾ ਚੁੱਪ , ਬਹੁਤਾ ਭਲਾ ਨਾ ਮੇਘਲਾ, ਬਹੁਤੀ ਭਲੀ ਨਾ ਧੁੱਪ।
- ਬਹੁਤਾ ਮੂੰਹ ਟੱਡਿਆਂ ਮੱਖੀਆਂ।
- ਬਹੁਤੀ ਗਈ ਵਿਹਾ, ਥੋੜ੍ਹੀ ਰਹਿ ਗਈ।
- ਬਹੁਤੀ ਰੰਨੀਂ, ਉੱਤਮ ਰੰਡਾ।
- ਬਹੁਤੇ ਡੂੰਮੀਂ, ਢੱਡ ਨਾ ਵੱਜੇ।
- ਬੱਕਰਾ ਰੋਵੇ ਜਾਨ ਨੂੰ, ਤੇ ਕਸਾਈ ਰੋਵੇ ਮਾਸ ਨੂੰ।
- ਬੱਕਰੀ ਜਾਨੋਂ ਗਈ, ਪਰ ਖਾਣ ਵਾਲਿਆਂ ਨੂੰ ਸਵਾਦ ਨਹੀਂ ਆਇਆ।
- ਬੱਕਰੀ ਦੁੱਧ ਦਿੰਦੀ ਪਰ ਮੀਂਗਣਾ ਪਾ ਕੇ।
- ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਊ।
- ਬਖਤਾਵਰਾਂ ਦੇ ਕੰਮਬਖਤ ਰਾਖੇ।
- ਬਗਲਾ ਹੰਸੁ ਨਾ ਹੋਵਈ, ਲੱਖ ਸਰਵਰ ਨਾਹਵੈ।
- ਬਗਲਾ ਭਗਤ, ਮੱਛੀਆਂ ਦਾ ਰਾਖਾ।
- ਬਗਿਆੜ ਗਊਆਂ ਦੇ ਭੇਸ ਚ।
- ਬੱਚੇ ਹਰਾਮ ਦੇ ਨਹੀਂ ਹੁੰਦੇ, ਹਰਾਮ ਦੇ ਮਾਪੇ ਹੁੰਦੇ ਨੇ।
- ਬਣੀ ਦੇ ਸਾਰੇ ਯਾਰ।
- ਬਣੀਆਂ 'ਤੇ ਕੋਈ ਨਹੀਂ ਬਹੁੜਦਾ।
- ਬਣੀ-ਤਣੀ ਦੇ ਸਾਰੇ ਸਾਥੀ।
- ਬੱਤੀ ਦੰਦਾਂ ਵਿੱਚ ਜੀਭ ਕੈਦ।
- ਬੱਤੀ ਦੰਦਾਂ ਵਿੱਚੋਂ ਮੰਗਿਆ ਹਾਜ਼ਰ।
- ਬਦ ਨਾਲੋਂ ਬਦਨਾਮ ਬੁਰਾ।
- ਬੱਦਲ ਚੜ੍ਹਿਆ ਟਿੱਲਿਓਂ, ਮਹੀਂ ਨਾ ਖੋਲ੍ਹੀਂ ਕਿੱਲਿਓਂ।
- ਬੱਦਲ ਜਦੋਂ ਵਰ੍ਹਦਾ, ਨੀਵਾਂ ਹੋ ਕੇ ਵਰ੍ਹਦਾ।
- ਬੱਦਲਾਂ ਦੀ ਧੁੱਪ ਬੁਰੀ, ਤੇ ਝਿੜਕ ਬੁਰੀ ਮਤਰੇਈ ਦੀ।
- ਬਦਲੀ-ਬਦਲੀ ਦਿਨ ਗਿਆ, ਕੁਚੱਜੀ ਦਾ ਟੱਬਰ ਭੁੱਖਾ ਰਿਹਾ।
- ਬੰਦਾ ਹੀ ਬੰਦੇ ਦਾ ਦਾਰੂ।
- ਬੰਦਾ ਕਹੀਆਂ ਭਰ-ਭਰ ਗਵਾਵੇ ਤਾਂ ਵੀ ਕੁਝ ਨਹੀਂ ਗਵਾਚਦਾ, ਪਰ ਜਨਾਨੀ ਸੂਈ ਦੇ ਨੱਕੇ ਨਾਲ ਵੀ ਘਰ ਰੋੜ੍ਹ ਦਿੰਦੀ ਹੈ।
- ਬੰਦਾ ਜੋੜੇ ਪਲੀ-ਪਲੀ, ਤੇ ਮੂਰਖ ਰੁੜ੍ਹਾਵੇ ਕੁੱਪਾ।
- ਬੰਦਾ ਨਹੀਂ ਮਾੜਾ, ਬੰਦੇ ਦੇ ਬੋਲ ਮਾੜੇ।
- ਬੰਦਾ ਨਹੀਂ ਰਹਿੰਦਾ, ਬੰਦੇ ਦੀ ਗੱਲ ਰਹਿ ਜਾਂਦੀ ਹੈ।
- ਬੰਦਾ ਪਰਖੀਏ ਵੱਸ ਪਿਆਂ, ਸੋਨਾ ਪਰਖੀਏ ਕਸ ਪਿਆਂ। (ਕਸਵੱਟੀ)
- ਬੰਦਾ ਮੰਗੇ ਆਟਾ, ਉਹਨੂੰ ਆਟੇ ਤੋਂ ਵੀ ਘਾਟਾ, ਰੰਨ ਮੰਗੇ ਪੇੜੇ, ਉਹਨੂੰ ਦੇਣ ਵਾਲੇ ਬਥੇਰੇ।
- ਬੰਦਾ ਰੰਗ ਦਾ ਕਾਲਾ ਹੋਵੇ, ਪਰ ਦਿਲ ਦਾ ਕਾਲਾ ਨਾ ਹੋਵੇ।
- ਬਦੀ ਕਰੇ ਪਰ ਨੂੰ, ਢੁੱਕ ਆਵੇ ਘਰ ਨੂੰ।
- ਬਦੀ ਦਾ ਬੇੜਾ ਭਰ ਕੇ ਡੁੱਬਦਾ।
- ਬੰਦੇ ਜਿਹਾ ਪੰਖੇਰੂ ਕਿਹੜਾ ? ਜੋ ਬਿਨ ਖੰਭਾਂ ਉੱਡ ਜਾਵੇ।
- ਬੰਦੇ ਦਾ ਝੁਰਨਾ, ਤੇ ਪਤਾਸੇ ਦਾ ਖੁਰਨਾ, ਇਕ ਬਰਾਬਰ। ਜਸਬੀਰ ਵਾਟਵਾਲੀਆ
- ਬੱਧਾ 12 ਸਾਲ, ਤੇ ਖੁੱਲਾ 18 ਸਾਲ।
- ਬੱਧਾ ਚੱਟੀ ਜੋ ਕਰੇ ਨਾ ਗੁਣ ਨਾ ਉਪਕਾਰ।
- ਬੱਧਾ ਚੋਰ ਹੀ ਮਾਰ ਖਾਂਦਾ।
- ਬੱਧਾ ਚੋਰ, ਤੇ ਛੁੱਟਾ ਝਗੜਾ।
- ਬੱਧੀ ਬੱਝਦੀ, ਤੇ ਛੱਡੀ ਛੁੱਟਦੀ।
- ਬੱਧੀ ਮੁੱਠੀ ਲੱਖ ਬਰਾਬਰ, ਖੁੱਲ ਗਈ ਤਾਂ ਕੱਖ ਬਰਾਬਰ।
- ਬੰਨ੍ਹਾ ਉੱਤੇ ਹੀ ਬਿੜਕਾਂ ਹੁੰਦੀਆਂ ਨੇ।
- ਬਰਸੇ ਫਾਗਣ ਦੂਣ ਚੁਆਗਣ, ਬਰਸੇ ਚੇਤ ਨਾ ਖਲ਼ ਨਾ ਖੇਤ।
- ਬਲ ਬਿਨਾਂ ਆਦਰ ਨਹੀਂ।
- ਬਲਦ ਲਿਆਈਏ ਲਾਣੇ ਦਾ, ਤੇ ਸਾਕ ਲਈਏ ਟਿਕਾਣੇ ਦਾ।
- ਬਲਦਾਂ ਦੇ ਹੱਡ ਵਗਣ,ਤੇ ਸੰਢਿਆਂ ਦਾ ਮਾਸ।
- ਬਲ਼ਦੀ ਬਲ਼ੇ ਨਾ ਕੀਤੀ ਗਾਂਹ, ਵੇ ਝੁੱਡੂ ਤੇਰਾ ਨਾਂ।
- ਬਲੀ ਦਾ ਬੱਕਰਾ।
- ਬੱਲ੍ਹ ਹਮੇਸ਼ਾ ਵੱਡਾ ਹੋਵੇ।
- ਬਾਹਮਣ ਦਾ ਵੈਰੀ ਬਾਹਮਣ।
- ਬਾਹਮਣ ਮੰਗਿਆ, ਤੇ ਧਾਈਂ ਠੂੰਗਿਆ ਪੂਰੀ ਨਹੀਂ ਪੈਂਦੀ।
- ਬਾਹਮਣ ਮਰ ਗਏ ਕਿ ਖੀਰ ਮੁੱਕ ਗਈ।
- ਬਾਹਮਣਾਂ ਦੀ ਜੰਝ ਤੇ ਝੋਨੇ ਦੀ ਜੜ੍ਹ ਦਾ ਅੰਤ ਨਹੀਂ।
- ਬਾਹਮਣੀ ਦੇ ਪੂਤ, ਕੋਈ ਜਿੰਨ, ਕੋਈ ਭੂਤ।
- ਬਾਹਰ ਦੀ ਚੋਪੜੀ, ਤੇ ਘਰ ਦੀ ਰੁੱਖੀ।
- ਬਾਹਰ ਬੋਗਾ-ਬੋਗਾ, ਘਰੇ ਛੱਪੜੀ ਨਾ ਟੋਭਾ।
- ਬਾਹਰ ਮੀਆਂ 5 ਹਜ਼ਾਰੀ, ਘਰ ਬੀਬੀ ਕਰਮਾਂ ਦੀ ਮਾਰੀ।
- ਬਾਹਰ ਮੀਆਂ ਫੱਤੂ, ਘਰ ਸਾਗ ਨਾ ਸੱਤੂ।
- ਬਾਹਰੋਂ ਆਇਆ ਕੱਤਣਾ, ਤੇ ਘਰੋਂ ਪਿਆ ਘੱਤਣਾ।
- ਬਾਹਰੋਂ ਨਾਂਹ, ਤੇ ਅੰਦਰੋਂ ਹਾਂ।
- ਬਾਹਲੇ ਹਾਸੇ ਧੀ ਗਈ, ਤੇ ਘਰ-ਘਰ ਫਿਰਦੀ ਨੂੰਹ।
- ਬਾਂਹਾਂ ਉਤੇ ਬੜਕਾਂ।
- ਬਾਗਾ ਤੇਰੀ ਜੜ੍ਹ ਵਧੇ, ਯੁੱਗ-ਯੁੱਗ ਭੰਵਰਾ ਜੀਅ, ਉੱਜੜ ਖੇੜਾ ਮੁੜ ਵਸੇ, ਮੂਰਖ ਜਾਣੇ ਕੀ?
- ਬਾਜਰਾ ਜੇਠੀ ਦਾ, ਤੇ ਪੁੱਤਰ ਪਲੇਠੀ ਦਾ।
- ਬਾਜਰੇ ਦੀ ਕੋਠੀ, ਤੇ ਗੁਜਰਾਤੀ ਜਿੰਦੇ।
- ਬਾਜਾਂ ਨੂੰ ਘਾਹ, ਤੇ ਚਿੜੀਆਂ ਨੂੰ ਮਾਸ।
- ਬਾਂਝ ਕੀ ਜਾਣੇ, ਪ੍ਰਸੂਤ ਦੀਆਂ ਪੀੜਾਂ।
- ਬਾਝ ਪਿਆਰੇ ਜੀਵੀਐ, ਵਿਣ ਖਾਧੇ ਮਰੀਐ।
- ਬਾਝੋਂ ਸਾਈਆਂ, ਸਾਵਣ ਵੀ ਤਿਹਾਈਆਂ।
- ਬਾਣ ਨਾ ਗਈ ਤੇਰੀ, ਬੁੱਢੀ ਵਰ੍ਹੇਂਦੀ ਵੇਰੀਂ।
- ਬਾਣੀ ਸੋਈ ਜੋ ਕੰਠ , ਪੈਸਾ ਸੋਈ ਜੋ ਗੰਠ।
- ਬਾਣੀਓਂ, ਅੱਗੋਂ, ਪਾਣੀਓਂ, ਜੋ ਬਚਿਆ ਸੋ ਜਾਣਿਓਂ।
- ਬਾਣੀਆਂ ਹੇਠਾਂ ਪਿਆ ਵੀ ਰੋਵੇ, ਤੇ ਉੱਤੇ ਪਿਆ ਵੀ।
- ਬਾਣੀਏ ਦਾ ਪੁੱਤ, ਕੁਝ ਦੇਖ ਕੇ ਡਿੱਗਦਾ।
- ਬਾਣੀਏ ਪੁੱਤ, ਪੱਟੀ ਨਾ ਪੜ੍ਹਾਈਂ।
- ਬਾਤ ਨਾ ਪੁੱਛਣ ਭੂਤਨੇ, ਮੇਰਾ ਪੁੱਤ ਬੋਹਲਾਂ ਦਾ ਰਾਖਾ।
- ਬਾਤੜੀਓਂ ਘਰ ਉਂਜੜੇ, ਤੇ ਚੁੱਲ੍ਹੇ ਦਾਲ ਨਾ ਹੋ।
- ਬਾਂਦਰ ਕੀ ਜਾਨਣ ਲੌਂਗਾਂ ਦਾ ਭਾਅ।
- ਬਾਂਦਰ ਬੁੱਢਾ ਹੋ ਜਾਂਦਾ ਪਰ ਛਾਲਾਂ ਮਾਰਨੀਆਂ ਨਹੀਂ ਭੁੱਲਦਾ।
- ਬਾਂਦਰ, ਝੀਰ, ਕਲੰਦਰ, ਨਾਈ ਇਹਨਾਂ ਨੂੰ ਅਕਲ ਕਦੇ ਨਾ ਆਈ।
- ਬਾਂਦਰਾਂ ਦੇ ਗਲ ਮੋਤੀਆਂ ਦੇ ਹਾਰ।
- ਬਾਂਦਰਾਂ ਨੂੰ ਬਨਾਰਸ ਦੀਆਂ ਟੋਪੀਆਂ।
- ਬਾਂਦਰੀ ਦੇ ਪੈਰ ਸੜੇ, ਉਹਨੇ ਬੱਚੇ ਪੈਰਾਂ ਹੇਠ ਲਏ।
- ਬਾਂਦੀ ਦੇ ਹੱਥ ਕਾਮੇ, ਬੀਬੀ ਦਾ ਮੂੰਹ ਕਾਮਾਂ।
- ਬਾਪ ਜਿਨਾਂ ਦੇ ਸੂਰਮੇ, ਪੁੱਤ ਉਨਾਂ ਦੇ ਖੋ।
- ਬਾਪ ਨਾ ਮਾਰੀ ਮੇਂਡਕੀ, ਬੇਟਾ ਤੀਰ ਅੰਦਾਜ਼।
- ਬਾਪੂ ਫਿਰੇ ਫੋਸੀ-ਫੋਸੀ, ਪੁੱਤ ਪੰਡਾਂ ਬਖ਼ਸ਼ੇ।
- ਬਾਪੂ-ਬਾਪੂ ਕਹਿੰਦੇ ਸੀ ਬੜਾ ਖੁਸ਼ ਰਹਿੰਦੇ ਸੀ, ਬਾਪੂ-ਬਾਪੂ ਕਹਾਇਆ ਡਾਢਾ ਦੁੱਖ ਪਾਇਆ।
- ਬਾਬਲ ਨੂੰਹਾਂ ਸਹੇੜੀਆਂ, ਕੁਝ ਟਿੰਡਾਂ ਤੇ ਕੁਝ ਰੇੜ੍ਹੀਆਂ।
- ਬਾਬਲ ਬੇਟੀ, ਗੁੱਦੜ ਲਪੇਟੀ।
- ਬਾਬਲ ਮੇਰੇ ਚੀਰਾ ਦਿੱਤਾ, ਸਾਹ ਲਵਾਂ ਤਾਂ ਪਾਟੇ।
- ਬਾਬਾ ਅਟੱਲ, ਪੱਕੀ ਪਕਾਈ ਘੱਲ।
- ਬਾਬਾ ਆਊ ਤਾਂ ਬੱਕਰੀਆਂ ਚਰਾਊ।
- ਬਾਬਾ ਆਵੇ ਨਾ ਤੇ ਘੰਟਾ ਵੱਜੇ ਨਾ।
- ਬਾਬਾ ਪੋਤਰੀਆਂ ਦਾ ਮਾਸੜ।
- ਬਾਬਾ ਵੀ ਗਰਮ, ਬਾਬੇ ਦੀਆਂ ਗੋਲੀਆਂ ਵੀ ਗਰਮ।
- ਬਾਬਾਣੀਆਂ, ਕਹਾਣੀਆਂ, ਪੁੱਤ-ਸਪੁੱਤ ਕਰੇਣ।
- ਬਾਬੁਲ ਦਿੱਤੀ ਢੀਂਗਰੀ, ਉਹ ਵੀ ਪ੍ਰਵਾਨ।
- ਬਾਰ ਪਰਾਈ ਬੈਸਣਾਂ, ਸਾਈਂ ਮੁਝੇ ਨਾ ਦੇ।
- ਬਾਰਾਂ ਸਾਲ ਦਿੱਲੀ ਰਹੇ ਭੱਠ ਹੀ ਝੁਕਦੇ ਰਹੇ।
- ਬਾਰਾਂ ਪੂਰਬੀਏ, 13 ਚੁੱਲ੍ਹੇ।
- ਬਾਰੀਂ ਬਰਸੀਂ ਸੰਢ ਵਿਆਹੀ, ਉਨ੍ਹੇ ਵੀ ਕਾਣੀ ਕੁੜੀ ਜਾਈ।
- ਬਾਰੀਂ ਵਰ੍ਹੀਂ ਦੁਸਹਿਰਾ।
- ਬਾਲ ਤੇ ਪਸ਼ੂ, ਪ੍ਰੀਤ ਦੇ ਭੁੱਖੇ।
- ਬਾਲ ਦੀ ਮਾਂ ਨਾ ਮਰੇ ਤੇ ਬੁੱਢੇ ਦੀ ਰੰਨ ਨਾ ਮਰੇ।
- ਬਿਜਲੀ ਵੀ ਸਹੇ 'ਤੇ ਹੀ ਪੈਂਦੀ ਹੈ।
- ਬਿਨ ਮਾਂਗੇ ਸੋਨਾ ਮਿਲੇ, ਮਾਂਗੇ ਮਿਲੇ ਨਾ ਭੀਖ।
- ਬਿਨਾਂ ਬੁਲਾਏ ਬੋਲਣਾ ਅਹਿਮਕਾਂ ਦਾ ਕੰਮ।
- ਬਿੱਲਾ-ਕਪਰਾ, ਆਦਮੀ, ਮੁੱਛਾਂ ਵਾਲੀ ਰੰਨ, ਤਿੰਨੇ ਵੰਨ-ਕੁਵੰਨ।
- ਬਿੱਲੀ ਖਾਏਗੀ ਨਾ, ਤਾਂ ਰੋੜ੍ਹੇਗੀ ਜਰੂਰ।
- ਬਿੱਲੀ ਜਦੋਂ ਡਿੱਗਦੀ ਹੈ, ਪੰਜਿਆਂ ਪਰਨੇ ਡਿੱਗਦੀ ਹੈ।
- ਬਿੱਲੀ ਦੀ ਖੱਲ ਚ ਸ਼ੇਰ।
- ਬਿੱਲੀ ਦੁੱਧ ਪੀਵੂਗੀ, ਤਾਂ ਜਿੰਦਰੇ ਵੱਜਣਗੇ।
- ਬਿੱਲੀ ਦੇ ਗਲ਼ ਟੱਲੀ ਬੰਨੇ ਕੌਣ?
- ਬਿੱਲੀ ਦੇ ਨੌਂਹ ਲੁਕੇ ਹੁੰਦੇ ਨੇ।
- ਬਿੱਲੀ ਨੇ ਸੀਂਹ ਪੜ੍ਹਾਇਆ ਉਸੇ ਨੂੰ ਖਾਣ ਨੂੰ ਆਇਆ।
- ਬਿੱਲੀ ਨੇ ਗਿਲਾਸ ਰੋੜ੍ਹਿਆ ਤੇ ਚੂਹਿਆਂ ਨੂੰ ਕੁਰਲੀ ਕਰਨ ਦਾ ਚੇਤਾ ਆ ਗਿਆ।
- ਬਿੱਲੀ ਲਾਹੁਣ ਗਏ, ਸ਼ੇਰਾਂ ਨੂੰ ਗਲ਼ ਪਾ ਆਏ।
- ਬਿੱਲੀਆਂ ਜੰਮਦੀਆਂ ਦੁੱਧ ਨੂੰ, ਤੇ ਚੂਹਾ ਜੰਮਦਾ ਅਨਾਜ ਨੂੰ।
- ਬਿੱਲੀਆਂ ਨੂੰ ਚੂਹਿਆਂ ਦੇ ਸੁਪਨੇ।
- ਬਿੱਲੇ ਦਾ ਵਿਸਾਹ ਨਾ ਕਰੀਏ, ਭਾਵੇਂ ਸਕਾ ਭਾਈ।
- ਬੀਅ ਵੀ ਉੱਥੇ ਹੀ ਪਾਈਦਾ ਹੈ, ਜਿੱਥੇ ਉੱਗਣ ਦੀ ਆਸ ਹੋਵੇ।
- ਬੀਜਿਆ ਨਾ ਵਾਹਿਆ, ਘੜੰਮ ਪੱਲਾ ਡਾਹਿਆ।
- ਬੀਜੇ ਅੰਬ ਤੇ ਲੱਗੇ ਅੱਕ।
- ਬੀਜੇ ਕੋਈ, ਤੇ ਵੱਢੇ ਕੋਈ।
- ਬੀਬੀ ਹੁਰੀਂ ਹਲੇ, ਤਾਂ ਸਾਰਾ ਜੱਗ ਹਲੇ।
- ਬੀਬੀ ਟੋਕਾਂ, ਆਪ ਨਾ ਖਾਂਦੀ ਤੇ ਦੇਂਦੀ ਲੋਕਾਂ।
- ਬੀਬੀ ਦਾ ਚੌਂਕਾ ਤੇ ਕਵੱਲੀ ਦਾ ਢੌਂਕਾ।
- ਬੀਬੋ ਦੇ ਸਿਰ ਮੁੱਕੀਆਂ, ਬੰਦੀ ਦਿਲ ਦਰਿਆ।
- ਬੀਵੀ ਮੋਈ ਤਾਂ ਸਭ ਜਗ ਆਇਆ, ਮੀਆਂ ਮੋਇਆ ਤਾਂ ਕੋਈ ਨਾ ਆਇਆ।
- ਬੁੰ*** ਵਿੱਚ ਗੂੰਹ ਨਹੀਂ , ਤੇ ਕਾਵਾਂ ਨੂੰ ਸੈਣਤਾਂ।
- ਬੁਝ ਗਈ ਬੱਤੀ, ਨਿਖੁੱਟ ਗਿਆ ਤੇਲ।
- ਬੁੱਢੜੀ ਮਰੀ ਤੇ ਗੀਗੀ ਜਾਈ, ਟੱਬਰ ਓਡਾ-ਕੋਡਾ।
- ਬੁੱਢਾ ਚੋਰ, ਮਸੀਤੇ ਡੇਰਾ।
- ਬੁੱਢਾ ਢੱਗਾ ਸੱਭੇ ਔਗੁਣ।
- ਬੁੱਢੀ ਅੱਜ ਮਰਦੀ ਤੇ ਜਲਾਬ ਕੱਤੇ ਨੂੰ।
- ਬੁੱਢੀ ਹੋਈ ਡੂੰਮਾਂ ਦੀ ਜਵਾਰ ਨਿੱਸਰੀ।
- ਬੁੱਢੀ ਕੰਜਰੀ, ਤੇਲ ਦਾ ਉਜਾੜਾ।
- ਬੁੱਢੀ ਘੋੜੀ ਲਾਲ ਲਗਾਮ।
- ਬੁੱਢੀ ਘੋੜੀ, ਬਨਾਤੀ ਹੰਨਾ।
- ਬੁੱਢੀ ਮੱਝ ਪੁਰਾਣਾ ਗੱਡਾ, ਮਿੱਤ ਪਚਾਦਾ,ਭੱਜਣਾ ਤੇ ਭੱਜ ਜਾ ਨਹੀਂ ਤੇ ਖਾਧਾ ਹੀ ਖਾਧਾ।
- ਬੁੱਢੇ ਢੱੱਗਿਆਂ ਦੀ ਵਾਹੀ, ਅੱਗੇ ਦੱਬ ਤੇ ਚੋਖੀ ਕਾਹੀ।
- ਬੁੱਢੇ ਤੋਤੇ ਪੜ੍ਹਨ ਕੁਰਾਨ।
- ਬੁੱਧ ਸ਼ਨਿਚਰ ਕੱਪੜਾ, ਤੇ ਗਹਿਣਾ ਐਤਵਾਰ।
- ਬੁੱਧ ਸਿੰਘ ਦੀ ਬੁੱਧ ਗਈ, ਅਤਰ ਸਿੰਘ ਦੀ ਖੁਸ਼ਬੋ, ਲਹਿਣੇ ਦਾ ਦੇਣਾ ਪਿਆ, ਜੋ ਕਰਤਾਰ ਕਰੇ ਸੋ ਹੋ।
- ਬੁਰਾ ਹਾਲ ਤੇ ਬਾਂਕੇ ਦਿਹਾੜੇ।
- ਬੁਰਾ ਗ਼ਰੀਬ ਦਾ ਮਾਰਨਾ, ਬੁਰੀ ਗ਼ਰੀਬ ਦੀ ਆਹ, ਗਲੇ ਬੱਕਰੇ ਦੀ ਖੱਲ ਨਾ, ਲੋਹਾ ਭਸਮ ਹੋ ਜਾ।
- ਬੁਰਾ ਜੰਗਲ ਦਾ ਵਾਸਾ, ਬੁਰਾ ਮੂਰਖ ਦਾ ਹਾਸਾ।
- ਬੁਰਾਈ ਉੱਡੇ, ਖੰਭ ਲਾ ਕੇ।
- ਬੁਰਿਆ ਤੈਥੋਂ ਡਰ ਨਹੀਂ ਲੱਗਦਾ, ਤੇਰੀ ਬੁਰਿਆਈ ਤੋਂ ਲੱਗਦਾ।
- ਬੁਰਿਆਂ ਦੇ ਸੰਗ ਬੈਠ ਕੇ, ਭਲਿਆਂ ਦੀ ਪੱਤ ਕੀ?
- ਬੁਰੇ ਹਾਲ ਤੇਹਰਵਾਂ ਪੈਂਡਾ।
- ਬੁਲਬਲਿਆਂ ਵਾਲਾ ਮੀਹ ਰੋਜ਼ ਰੋਜ਼ ਨਹੀਂ ਪੈਂਦਾ।
- ਬੁਲਬੁਲ ਗਈ ਤਮਾਚੇ ਲਾ, ਝੁੱਡੂ ਬਹਿ ਗਿਆ ਚੂਰੀ ਖਾ।
- ਬੁਲਬੁਲ ਮਰ ਗਈ, ਪਰ ਪਿੱਠ ਦੀ ਲਾਲੀ ਨਹੀਂ ਗਈ।
- ਬੂਹਾ ਤਾਕ ਭਲਾ, ਤੇ ਲੇਖਾ ਪਾਕ ਭਲਾ।
- ਬੂਟਾ ਲੱਗਿਆ, ਤੇ ਵੇਲਾਂ ਹਰੀਆਂ।
- ਬੇਇਜ਼ਤ ਜ਼ਿੰਦਗੀ ਮੌਤੋਂ ਬੁਰੀ।
- ਬੇਸ਼ਰਮ ਦੇ ਪਿੱਛੇ ਰੁੱਖ ਉੱਗਿਆ, ਕਹਿੰਦਾ ਯਾਰ ਛਾਵੇਂ ਬੈਠਿਆ ਕਰਨਗੇ।
- ਬੇਸ਼ਰਮਾਂ ਦੀ ਦਾਲ ਡੁਲ ਗਈ, ਕਹਿੰਦਾ ਅਸੀਂ ਡੋਲ੍ਹ-ਡੋਲ੍ਹ ਕੇ ਖਾਨੇ ਹੁੰਨੇ ਆ।
- ਬੇਹਾ ਹੁੱਕਾ ਅਣ-ਧੋਤਾ ਮੂੰਹ, ਚੰਦਰੀ ਨੂੰਹ , ਬੰਦਿਆਂ ਵੱਲ ਕੰਡ ਤੇ ਕੰਧ ਵੱਲ ਮੂੰਹ, ਇਹ ਤਿੰਨਾਂ ਦੇ ਫਿੱਟੇ ਮੂੰਹ।
- ਬੇਗਾਨਾ ਗਹਿਣਾ ਪਾਇਆ, ਤੇ ਅੱਧਾ ਰੂਪ ਗਵਾਇਆ।
- ਬੇਗਾਨੀ ਸ਼ਹਿ 'ਤੇ ਮੁੱਛਾਂ ਨਹੀਂ ਮਨਵਾਈ ਦੀਆਂ।
- ਬੇਗਾਨੇ ਘਰ ਥੁੱਕਣ ਦਾ ਵੀ ਡਰ।
- ਬੇਗਾਨੇ ਦਮ, ਸ਼ਾਹੂਕਾਰ ਮੈਂ।
- ਬੇਗਾਨੇ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਢਾਹੀਦੀ।
- ਬੇਰੀਂ ਬੇਰ ਤੇ ਕਣਕਾਂ ਢੇਰ।
- ਬੇੜੀ ਤਾਂ ਸੋਨੇ ਦੀ ਵੀ ਡੁੱਬ ਜਾਂਦੀ ਏ।
- ਬੈਠ-ਬਿਠਾਏ ਖਾਧਿਆਂ, ਖੂਹ ਵੀ ਜਾਣ ਨਿਖੁੱਟ।
- ਬੈਠਾ ਨਹੀਂ ਦਿਸਦਾ, ਤਾਂ ਖੜਾ ਜਿਆਦਾ ਦਿਸੂ।
- ਬੈਠੇ ਦੀ ਢੇਰੀ, ਤੇ ਫਿਰਦੇ ਦੀ ਫੇਰੀ।
- ਬੋਹਲ਼ ਸਾਈਆਂ ਦਾ, ਤੇ ਹਵਾ ਚੂੜ੍ਹਿਆਂ ਦੀ।
- ਬੋਲ ਨਾ ਸਕੇ, ਬਿਟ ਬਿਟ ਤੱਕੇ।
- ਬੋਲ਼ਾ ਦੋ ਵਾਰ ਹੱਸਦਾ।
- ਬੋਲੀਂ ਕਾਜ ਵਿਗਾੜਿਆ, ਜੋ ਮੂਲੀ ਪੱਤਾ।
- ਬੋਲ਼ੇ ਅੱਗੇ ਗਾਉਣਾ, ਗੂੰਗੇ ਅੱਗੇ ਗੱਲ, ਅੰਨ੍ਹੇ ਅੱਗੇ ਨੱਚਣਾ, ਤਿੰਨੇ ਝੱਲ ਵਲੱਲ।
- ਬੋਲ਼ੇ ਅੱਗੇ ਗਾਵੀਏ, ਭੈਰੋਂ ਸੋ ਗਉੜੀ।
‘ਭ’ ਅੱਖਰ ਵਾਲੇ ਅਖਾਣ
- ਭੱਸ ਗਲ਼ਾ, ਲੰਗਾਅ ਗਲ਼ਾ।
- ਭੰਗ, ਕੰਗ, ਜਵਾਈ ਨੰਗ, ਤਿੰਨੇ ਕਰਦੇ ਨੇ ਤੰਗ।
- ਭਗਤ ਕੁੱਤਾ ਤੇ ਭਗਵਾਨ ਭੌਂਕੇ ਸਾਰੀ ਰਾਤ।
- ਭੱਜਦਿਆਂ ਨੂੰ ਵਾਹਣ ਇੱਕੋ ਜਿਹੇ।
- ਭੱਜੀਆਂ ਬਾਹਾਂ ਗਲ਼਼ ਨੂੰ ਆਉਂਦੀਆਂ ਨੇ ।
- ਭੱਜੀਆਂ-ਟੁੱਟੀਆਂ ਦੇ ਪੱਤਣ ਮੇਲੇ।
- ਭੱਠ ਏਹਾ ਦਿੱਤਾ, ਜਿਹੜਾ ਸਾੜੇ ਪਿੱਤਾ।
- ਭੱਠ ਦੀ ਅੱਗ ਭੱਠੀ ਵਿੱਚ।
- ਭੱਠ ਪਵੇ ਸੋਨਾ, ਜਿਹੜਾ ਕੰਨਾਂ ਨੂੰ ਖਾਵੇ।
- ਭੱਠ ਬੁੜੀ ਦੀ ਯਾਰੀ ਤੇ ਉੱਠਣ ਬਹਿਣ ਨੇ ਮਾਰੀ।
- ਭੰਡਾ-ਭੰਡਾਰੀਆ ਕਿਤਨਾ ਕੋ ਭਾਰ ਇਕ ਮੁੱਠੀ ਚੁੱਕ ਲੈ ਦੂਜੀ ਤਿਆਰ।
- ਭੰਨ ਘੜਾਈਆਂ ਟੇਢੜੀਆਂ, ਤੇ ਬੂਥੀ ਉਹੋ ਰਹੀ।
- ਭਰ ਕੁਨਾਲਾ ਛਾਣਿਆ, ਫੱਗਣ ਨਹੀਂ ਸੀ ਜਾਣਿਆ।
- ਭਰਜਾਈਏ ਨੀ ਭਰਜਾਈਏ, ਚੁੱਲ੍ਹੇ ਚੌਂਕੇ ਉੱਤੋਂ ਘੁਮਾਈਏ, ਮੇਰੇ ਵੀਰੇ ਪਿੱਛੇ ਆਈਏ, ਤੇਰਾ ਕੱਢ ਕਲੇਜਾ ਖਾਈਏ।
- ਭਰ-ਭਰ ਪੀਤੀਆਂ, ਤੇ ਰੱਬ ਨਾਲ ਗੱਲਾਂ ਕੀਤੀਆਂ।
- ਭਰਮ ਗਵਾਈਏ ਆਪਣਾ, ਕੋਈ ਨਾ ਦਿੰਦਾ ਵੰਡ।
- ਭਰਮ ਦਾ ਦਾਰੂ ਮੌਤ।
- ਭਰਾ ਦੇ ਪੱਜ ਖਾਈਏ, ਤੇ ਭਤੀਜੇ ਦੇ ਭੱਜ ਦੇਈਏ।
- ਭਰਾ ਭਰਾਵਾਂ ਦੇ ਤੇ ਚਿੱਚੜ ਕਾਵਾਂ ਦੇ।
- ਭਰਾ ਭਰਾਵਾਂ ਦੇ ਤੇ ਥੁੱਕ ਦਾੜ੍ਹੀ ਪੰਚਾਂ ਦੀ।
- ਭਰਾ ਭਰਾਵਾਂ ਦੇ, ਤੇ ਢੋਡਰ ਕਾਵਾਂ ਦੇ।
- ਭਰਿਆ ਹੀ ਉਛਲਦਾ ਏ।
- ਭਰਿਆ ਮੇਲਾ ਛੱਡਣਾ ਹੀ ਚੰਗਾ।
- ਭਰੀ ਭੁਕੰਨੀ ਚੁੱਪ ਚੁਪੀਤੀ, ਖੜਕੇ ਕੁੰਨੀ ਸੱਖਣੀ।
- ਭਰੇ ਸਮੁੰਦਰੋਂ, ਘੋਗਾ ਲੱਭਾ।
- ਭਰੇ ਤੇ ਭਰਿਆ ਤੇ ਭੱਸ ਗਵਾਇਆ।
- ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋ ਛੁੱਟੀ।
- ਭਲੇ ਦੇ ਭਾਈ, ਤੇ ਬੁਰੇ ਦੇ ਜਵਾਈ।
- ਭਲੇ ਮੂੰਹਾਂ ਤੋਂ ਬੁਰੇ ਮੂੰਹ।
- ਭਲੇਮਾਣਸ ਦੀ ਮਿੱਟੀ ਖਰਾਬ।
- ਭੜਭੂੰਜਿਆਂ ਦੀ ਕੁੜੀ, ਤੇ ਕੇਸਰ ਦਾ ਟਿੱਕਾ।
- ਭਾਅ ਚਵਾਨ ਆਈ, ਚਾਨੀ ਸਾਈਂ ਹੋ ਬੈਠੀ।
- ਭਾਅ ਨਾਲ ਭਰਾ ਕੀ?
- ਭਾਅ ਬਦਲ ਜਾਂਦਾ, ਪਰ ਸੁਭਾਅ ਨਹੀਂ ਬਦਲਦਾ।
- ਭਾਈ ਉਹ, ਜੋ ਕਿਸੇ ਨਾਲ ਵਾਹ ਚੱਲੇ, ਨਹੀਂ ਆਪਣੇ ਰਾਹ ਚੱਲੇ।
- ਭਾਈ ਭਾਅ ਦਾ, ਨਹੀਂ ਆਪਣੇ ਰਾਹ ਦਾ।
- ਭਾਈ ਭਾ ਵਿਹੂਣੇ, ਭਤਰੀਜੇ ਤਰੀਜੇ।
- ਭਾਈ ਮਰਨ ਤਾਂ ਜਾਂਦੀਆਂ ਭੱਜ ਬਾਹੀਂ।
- ਭਾਈਆਂ ਜਹੀ ਬਹਾਰ ਨਹੀਂ, ਜੇ ਖਾਰ ਨਾ ਹੋਵੇ, ਮੀਹਾਂ ਜਹੀ ਬਹਾਰ ਨਹੀਂ, ਜੇ ਗਾਰ ਨਾ ਹੋਵੇ, ਜੂਏ ਜਿਹਾ ਵਪਾਰ ਨਹੀਂ, ਜੇ ਹਾਰ ਨਾ ਹੋਵੇ।
- ਭਾਗ ਤੇ ਭੂਤਨੇ, ਵੇਖ ਕੇ ਨਹੀਂ ਲੱਗਦੇ।
- ਭਾਗਹੀਣ ਖੇਤੀ ਕਰੇ, ਸੋਕਾ ਪਵੇ ਜਾਂ ਢੱਗਾ ਮਰੇ।
- ਭਾਗਹੀਣ ਜੇ ਜੰਝੇਂ ਜਾਇ, ਰਸ ਬਹੇ ਜਾ ਮੁੱਖ ਖਾਇ।
- ਭਾਜੀ, ਭੋਜਨ, ਨਾਰੀ, ਤਿੰਨੇ ਪਰਦੇ ਤੇ ਅਧਿਕਾਰੀ।
- ਭਾਂਡਾ ਠਹਿਕੇ, ਭਾਂਡੇ ਨਾਲ਼।
- ਭਾਤ ਖਾਧੀ ਖਿਸਕੇ, ਪਹਾੜੀਏ ਮਿੱਤ ਕਿਸਕੇ।
- ਭਾਦਰੋਂ ਕਰੇ ਬਦਰੰਗ, ਗੋਰਾ ਕਾਲਾ ਇੱਕੋ ਰੰਗ।
- ਭਾਦੋਂ ਦਾ ਵੱਟ ਬੁਰਾ, ਵਿਗੜਿਆ ਜੱਟ ਬੁਰਾ।
- ਭਾਦੋਂ ਦੇ ਛੜਾਕੇ, ਰੰਨਾ ਗੁੰਨ੍ਹ ਗਵਾਏ ਆਟੇ।
- ਭਾਦੋਂ ਦੇ ਵਿੱਚ ਵਰਖਾ ਹੋਵੇ, ਕਾਲ਼ ਪਿਛੋਕੜ ਬਹਿ ਕੇ ਰੋਵੇ।
- ਭਾਬੀ ਦੀਆਂ ਪੂਣੀਆਂ ਦਾ ਦੇਵਰ ਜਲਾਲ।
- ਭਾਰਾ ਛਾਬਾ ਹਮੇਸ਼ਾ ਨੀਵਾਂ।
- ਭਾਵੇਂ ਆਪਣਾ ਹੀ ਗੁੜ ਖਾਈਏ ਜੀ।
- ਭਾਵੇਂ ਮਾਰ ਭਾਵੇਂ ਛੱਡ।
- ਭੁੱਖ ਨਾ ਪੁੱਛੇ ਸੁੱਚ, ਭਿੱਟ ਨੇਹੁੰ ਨਾ ਪੁੱਛੈ ਜਾਤ।
- ਭੁੱਖ ਮਿਟੇ ਤੰਦੂਰ ਕੀ? ਢਿੱਡ ਭਰੇ ਤਾਂ ਦੂਰ ਕੀ?
- ਭੁੱਖੜਾਂ ਦੇ ਦੱਸ ਕੀ ਟਿਕਾਣੇ ? ਰੋਟੀ ਖਾ ਕੇ ਚੱਭਣ ਦਾਣੇ!
- ਭੁੱਖਾ ਜੱਟ ਮੂਲੀ ਖਾਏ, ਮੂਲੀ ਭੁੱਖ ਵਧੇਰੇ ਲਾਏ।
- ਭੁੱਖਾ ਜ਼ੋਰੋ ਵੇਚੇ, ਤੇ ਰਾਜਾ ਉਧਾਰੀ ਮੰਗੇ।
- ਭੁੱਖਾ ਬਾਣੀਆਂ, ਵਹੀਆਂ ਫਰੋਲੇ।
- ਭੁੱਖਾਂ ਭੜਥੂ ਘੱਤਿਆ, ਲੱਗੇ ਕਲੇਜੇ ਡੌਂਅ,
- ਭੁੱਖਾ ਮਰੇ, ਤਾਂ ਕੀ ਨਾ ਕਰੇ ?
- ਭੁੱਖਾ, ਸੋ ਰੁੱਖਾ।
- ਭੁੱਖਿਆਂ ਤੋਂ ਭਗਤੀ ਨਹੀਂ ਹੁੰਦੀ।
- ਭੁੱਖਿਆ ਨੀਂਦ ਨਾ ਆਵਈ, ਜੇ ਕੋਈ ਆਖੇ ਸੌਂ।
- ਭੁੱਖਿਆਂ ਨੂੰ ਗਾਜਰਾਂ ਹੀ ਕੜਾਹ।
- ਭੁੱਖਿਆਂ ਨੂੰ ਬੇਰ, ਤੇ ਤਿਹਾਇਆਂ ਨੂੰ ਗੰਨੇ।
- ਭੁੱਖੀ ਮਰਦੀ ਕੁੱਤੀ ਸੇਵੀਆਂ ਖਾਂਦੀ ਆ।
- ਭੁੱਖੀ ਮਰੇ, ਹਗਾਈ ਠਿਣਕੇ।
- ਭੁੱਖੇ ਜੱਟ ਕਟੋਰਾ ਲੱਭਾ ,ਪਾਣੀ ਪੀ-ਪੀ ਆਫਰਿਆ।
- ਭੁੱਖੇ ਦੀ ਧੀ ਰੱਜੀ, ਤੇ ਪਿੰਡ ਉਜਾੜਨ ਲੱਗੀ।
- ਭੁੱਖੇ ਨੂੰ ਵੇਖ ਕੇ ਦੇਵਾਂ ਨਾ, ਤੇ ਰੱਜੇ ਨੂੰ ਵੇਖ ਕੇ ਜ਼ਰਾਂ ਨਾ।
- ਭੁੱਖੇ ਬਾਂਕੇ, ਟਾਪਾਂ ਦੇ ਵੈਰੀ।
- ਭੁੱਖੇ ਮੂਹਰੇ ਪਾਈ ਕਹਾਣੀ, ਜਾਂ ਰੋਟੀ ਜਾਂ ਪਾਣੀ।
- ਭੁੱਖੇ ਮੂਹਰੇ ਬਾਤ ਪਾਈ, ਕਹਿੰਦਾ ਟੁੱਕ।
- ਭੁੱਜਿਆ ਦਾਣਾ ਨਹੀਂ ਤਿੜਕਦਾ, ਕੱਚਾ ਹੀ ਤਿੜਕਦਾ।
- ਭੁੱਜੇ ਦਾਣੇ ਬੜੇ ਸਿਆਣੇ, ਸੁੱਟਣ ਵਾਲੇ ਅੰਨ੍ਹੇ ਕਾਣੇ।
- ਭੁੱਲ ਗਏ ਸਭ ਲੀਰ ਪਰਾਂਦੇ, ਹੁਣ ਮੌਲਾ ਦਿਨ ਸਿੱਧੇ ਆਂਦੇ।
- ਭੁੱਲ ਗਏ ਰਾਗ ਰੰਗ, ਭੁੱਲ ਗਈਆਂ ਜੱਕੜੀਆਂ, ਤਿੰਨੇ ਗੱਲਾਂ ਚੇਤੇ ਰਹੀਆਂ, ਲੂਣ ਤੇਲ ਤੇ ਲਕੜੀਆਂ ।
- ਭੁੱਲਾ ਉਹ ਨਾ ਜਾਣੀਏ, ਜੋ ਮੁੜ ਆਵੇ ਘਰ।
- ਭੁੱਲੀ ਫਿਰਾਂ ਨਮਾਜ, ਮਾਰੀ ਵਖਤਾਂ ਦੀ।
- ਭੂਆ, ਨੀ ਭੂਆ, ਤੇਰੀ ਕੱਤਣੀ ਚ ਸੂਆ, ਕੀ ਕਰਾਂ ਭਤੀਜੀ ਤੇਰਾ ਫੁੱਫੜ ਖੇਡੇ ਜੂਆ।
- ਭੂਖੇ ਭਗਤਿ ਨਾ ਕੀਜੈ, ਯਹ ਮਾਲਾ ਅਪਨੀ ਲੀਜੈ ।
- ਭੇਡ ਸੂਈ ਵੀ ਉਹੋ ਜਹੀ, ਤੇ ਤੂਈ ਵੀ ਉਹੋ ਜਹੀ।
- ਭੇਡ ਦਾ ਭੱਜਾ ਚੂਕਣਾ, ਕਿਸੇ ਨਾ ਰੋਣਾ ਕੂਕਣਾ।
- ਭੇਡ ਦਾ ਭਡੂਰਾ ਪੂਰੇ ਦਾ ਪੂਰਾ।
- ਭੇਡ ਦਾ ਮੁੱਲ ਊਠ ਦਾ ਝੂੰਗਾ।
- ਭੇਡ ਦੀ ਛੜ, ਗੋਡਿਆਂ ਤਾਈਂ।
- ਭੇਡ ਦੇ ਖੂਨ ਬਦਲੇ, ਪਿੰਡ ਨਹੀਂ ਮਾਰੀਦਾ।
- ਭੇਡ ਰੱਖੀ ਉੱਨ ਨੂੰ, ਬੰਨ੍ਹੀ ਖਾਵੇ ਕਪਾਹ।
- ਭੇਡਾਂ ਤਾਂ ਵਿਗੜੀਆਂ ਹੀ ਸੀ, ਹੁਣ ਲੇਲੇ ਵੀ ਵਿਗੜ ਗਏ।
- ਭੇਡਾਂ ਨੇ ਤਾਂ ਉੱਨ ਲਵਾਉਣੀ ਐ ਭਾਵੇਂ ਕੋਈ ਲਾਹ ਲਵੇ।
- ਭੇਡਾਂ ਮਰਨ ਬੇਗਾਨੀਆ ਤੇ ਬੰਤੋ ਰੋਵੇ ਜ਼ੋਰ।
- ਭੇੜ ਦਾ ਮੁੱਲ, ਤੇ ਊਠ ਦਾ ਝੂੰਗਾ।
- ਭੇੜੀਆਂ ਦੇ ਫਿਰਕੇ, ਸੌਣ ਸਵੇਲੇ, ਜਾਗਣ ਚਿਰ ਕੇ।
- ਭੈਣ ਘਰ ਭਾਈ ਕੁੱਤਾ, ਸਹੁਰੇ ਘਰ ਜਵਾਈ ਕੁੱਤਾ
- ਭੈਣ ਘਰ ਭਾਈ ਕੁੱਤਾ, ਸਹੁਰੇ ਘਰ ਜਵਾਈ ਕੁੱਤਾ, ਸੌ ਕੁੱਤਿਆਂ ਦਾ ਉਹ ਸਰਦਾਰ, ਜੋ ਸਹੁਰਾ ਰਹੇ ਜਵਾਈ ਦਵਾਰ।
- ਭੈਣੇ ਉਹਦਾ ਕੀ ਭਰਵਾਸਾ, ਕਦੇ ਤੋਲ਼ਾ, ਕਦੇ ਮਾਸਾ।
- ਭੈੜਾ ਕੁੱਤਾ, ਖਸਮ ਨੂੰ ਗਾਲ਼ਾਂ।
- ਭੈੜਾ ਰੋਣ ਨਾਲੋਂ ਚੁੱਪ ਹੀ ਚੰਗਾ।
- ਭੈੜਿਆਂ ਦੇ ਚਾਰ ਚੰਦਰੇ, ਨਾ ਘਰ ਬੂਹੇ ਨਾ ਜੰਦਰੇ।
- ਭੈੜਿਆਂ ਦੇ ਲੜ ਲੱਗੀ ਆਂ, ਤੇ ਰੋ-ਰੋ ਹੋ ਗਈ ਬੱਗੀ ਆਂ।
- ਭੈੜੀ ਗਾਂ ਦੇ, ਭੈੜੇ ਵੱਛੇ।
- ਭੈੜੇ ਭਾਂਡੇ ਦੀ ਭੈੜੀ ਆਵਾਜ਼।
- ਭੈੜੇ ਭੈੜੇ ਯਾਰ, ਮੇਰੀ ਫੱਤੋ ਦੇ।
- ਭੋਂ ਰੋਹੀ, ਮਾਂਹ ਲੋਹੀ, ਤਲਵਾਰ ਸਰੋਹੀ, ਰੰਨ ਜੱਟੀ, ਹੋਰ ਸਭ ਚੱਟੀ।
- ਭੋਂ ਵਾਹਿਆਂ, ਫਸਲ ਗਾਹਿਆਂ, ਤੇ ਜਾਨ ਨਹਾਇਆਂ।
- ਭੋਏਂ ਵੇਚ ਕੇ ਖਾਣਾ, ਤੇ ਅੰਗੂਠੇ ਦਾ ਚੁੰਘਣਾ ਇੱਕ ਬਰਾਬਰ।
- ਭੋਲ਼ਾ ਭਾਉ ਗੋਬਿੰਦ ਮਿਲਾਵੈ।
- ਭੋਲ਼ਾ ਭਾਅ ਤੇ ਪੱਛੋ ਨਾ ਤਾਅ।
- ਭੋਲ਼ੇ ਕੱਟੇ, ਤੇ ਚੁੰਘਣ ਰੱਜ।
- ਭੋਲ਼ੇ ਭਾਅ, ਪਛੋ ਨਾ ਤਾ
- ਭੌਂਕੜ ਕੁੱਤਾ, ਦੰਦ ਨਾ ਮਾਰੇ।
- ਭੌਰਾਂ, ਭੂੰਡਾਂ ਦੋਸਤੀ ਇਕੋ ਜੇਹੀ ਗੂੰਜ, ਵਾਹ ਪਵੇ ਤਾਂ ਜਾਣੀਏ, ਇਹ ਭੌਰਾ ਇਹ ਭੂੰਡ।
‘ਮ’ ਅੱਖਰ ਵਾਲੇ ਅਖਾਣ
- ਮਸ਼ਾਕ ਬਾਹਮਣੀ, ਸੀਂਢ ਦਾ ਤੜਕਾ।
- ਮਸ਼ੋਰਾਂ ਦੇ ਦਿਨ ਫਿਰ ਜਾਂਦੇ ਆ ਪਰ ਰੰਡੀਆਂ ਦੇ ਨਹੀਂ।
- ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਵਾਰ-ਵਾਰ।
- ਮੱਕਿਓਂ ਪਰੇ ਉਜਾੜ।
- ਮੱਕੇ ਜਾਣਾ, ਤੇ ਮਜੌਰਾ ਨੂੰ ਕੀ ਪੁੱਛਣਾ?
- ਮੱਖੀ, ਮੱਛੀ, ਇਸਤਰੀ, ਤਿੰਨੇ ਜਾਤ-ਕੁਜਾਤ, ਜਿੱਥੇ ਵੇਖਣ ਹਟ ਵਗੇ ਉਥੇ ਰਹਿਣ ਦਿਨ ਰਾਤ।
- ਮੰਗ ਵੀ ਮੰਗੀ, ਤੇ ਰਹੀ ਵੀ ਨੰਗੀ।
- ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲੁ ਨਾ ਜਾ।
- ਮੰਗਤਿਆਂ ਨੂੰ ਘਰ ਇਤਨੇ, ਜਿਤਨੇ ਨੈਣ ਪ੍ਰਾਣ।
- ਮੰਗਤੇ ਦਾ ਮੰਗਤਾ ਵੈਰੀ।
- ਮਗਰ ਬੇਗਾਨੇ, ਮੁੱਕੀਆਂ ਬੀਬੀ ਦੇ ਸੰਗ।
- ਮੰਗਲ ਨਾਧੀ ਜੱਟੀ, ਨਾ ਕੋਈ ਢੱਗੀ ਤੇ ਨਾ ਕੋਈ ਵੱਛੀ।
- ਮੰਗਿਆ ਗਿਆ ਤੇ ਟੰਗਿਆ ਗਿਆ, ਵਿਆਹਿਆ ਗਿਆ ਤਾਂ ਫਾਹਿਆ ਗਿਆ।
- ਮੰਗੀਆਂ ਹਰੜਾਂ, ਤੇ ਦਿੱਤੇ ਬਹੇੜੇ।
- ਮੱਘੀ ਵਿੱਚ ਮਖੇਰਨਾ।
- ਮੱਚ-ਮੱਚ ਲੜਾਈਏ ਧੇਲੇ ਦਾ ਗੁੜ ਖਾਈਏ।
- ਮੱਛੀ ਅਜੇ ਦਰਿਆ ਵਿੱਚ, ਰੰਨ ਮਿਰਚਾਂ ਕੁੱਟੇ।
- ਮੱਛੀ ਹਮੇਸ਼ਾ ਪੱਥਰ ਚੱਟ ਕੇ ਹੀ ਮੁੜਦੀ ਹੈ ।
- ਮੱਝ ਪਾਂਜੇ, ਘਰ ਆਜੇ, ਗਾਂ ਤੀਜੇ, ਤਾਂ ਡੂੰਮਾਂ ਦੀ ਜੈ।
- ਮੱਝ ਫਿਰੇ ਠੱਕੇ ਦੀ ਮਾਰੀ, ਮਾਹੀ ਕਰੇ ਚੁੰਘਣ ਦੀ ਤਿਆਰੀ।
- ਮੱਝ ਮੂਹਰੇ ਬੀਨ ਵਜਾਉਣਾ।
- ਮੱਝ ਲੋਹੀ, ਭੋਂ ਰੋਹੀ, ਰੰਨ ਜੱਟੀ, ਹੋਰ ਸਭ ਚੱਟੀ।
- ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਏ ਤੇ ਲਿੱਦ ਸੁੱਟਣੀ ਪਈ।
- ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਏ, ਲਿੱਦ ਸਿੱਟਣੀ ਪਈ।
- ਮੱਝੀਂ ਘਰ ਵਰਿਆਮਾ, ਤੇ ਘੋੜੀਆਂ ਘਰ ਸੁਲਤਾਨਾਂ।
- ਮੰਡੀ ਇੱਕ ਤੇ ਭਾਅ ਦੋ।
- ਮਣ ਭਾਵੇਂ ਮਾਣੀਂ, ਤਾਵੀਂ ਕਣਕ ਜਵਾਈਆਂ ਖਾਣੀ।
- ਮੰਤਰ ਨਾ ਜਾਣੈ ਠੂੰਏ ਦਾ, ਤੇ ਫੜ੍ਹਦਾ ਫਿਰਦਾ ਸੱਪ।
- ਮਤਲਬੀ ਯਾਰਾਂ ਨਾਲੋਂ ਇਕੱਲੇ ਹੀ ਭਲੇ।
- ਮਥੁਰਾ, ਤੀਨ ਲੋਕ ਸੇ ਨਿਆਰੀ।
- ਮੰਦੇ ਕੰਮੀਂ ਨਾਨਕਾ ਜਦ ਕਦ ਮੰਦਾ ਹੋਇ।
- ਮੰਦੇ ਕੰਮੀ ਨਾਨਕਾ, ਜਦ ਕਦ ਮੰਦਾ ਹੋਇ।
- ਮਨ ਹਰਾਮੀਂ, ਹੁੱਜਤਾਂ ਢੇਰ।
- ਮੰਨ ਭਾਣੇ ਨੂੰ, ਖੋਤੀ ਨਹੀਂ ਖਾਂਦੀ, ਦਾਣੇ ਨੂੰ।
- ਮਨ ਮੰਗੇ ਪਾਤਸ਼ਾਹੀਆਂ, ਮੈਂ ਕਿੱਥੋਂ ਦੇਵਾਂ।
- ਮਨ ਮੰਨੇ ਦਾ ਮੇਲਾ, ਕੌਣ ਗੁਰੂ ? ਤੇ ਕੌਣ ਚੇਲਾ ?
- ਮਨ ਮੰਨੇ ਦਾ ਮੇਲਾ, ਤੇ ਗੁਰ ਮੰਨੇ ਦਾ ਚੇਲਾ।
- ਮਨ ਮਿਲੇ ਦਾ ਮੇਲਾ, ਤੇ ਚਿੱਤ ਮਿਲੇ ਦਾ ਚੇਲਾ।
- ਮਨਖੱਟੂ ਪੁੱਤ ਤੇ ਖੋਟਾ ਪੈਸਾ, ਔਖੇ ਵੇਲੇ ਕੰਮ ਜ਼ਰੂਰ ਆਉਂਦੇ ਆ।
- ਮਨਾਇਆ ਮਿੱਤਰ, ਦੂਣਾ ਵੈਰੀ।
- ਮੰਨਿਆ ਤਾਂ ਦੇਵੀ ਨਹੀਂ ਤਾਂ ਪੱਥਰ।
- ਮਰਦ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ, ਜੇ ਮਿਲਦਾ ਰਹੇ ਮਸਾਲਾ।
- ਮਰਦ ਦੀ ਮਾਇਆ ਤੇ ਬਿਰਖ ਦੀ ਛਾਇਆ, ਉਹਦੇ ਨਾਲ ਹੀ ਚਲੀ ਜਾਂਦੀ ਹੈ।
- ਮਰਦ ਦੀ ਮੁੱਛ, ਤੇ ਜਨਾਨੀ ਦੀ ਗੁੱਤ।
- ਮਰਦਾ ਕੀ ਨਹੀਂ ਕਰਦਾ?
- ਮਰਦਾਂ ਭੱਜਣਾ ਮੇਹਣਾ, ਮਹੀਆਂ ਡੁੱਬਣਾ ਲੱਜ।
- ਮਰਦਾਂ, ਘੋੜਿਆਂ, ਹਾਕਮਾਂ ਕੰਮ ਪੈਣ ਅਵੱਲੇ।
- ਮਰਦੀ ਦੇ ਮੂੰਹ ਨੂੰ ਘਿਓ ਲਾਇਆ, ਮੇਰੀ ਘਿਓ ਖਾਂਦੜੀ ਮੋਈ।
- ਮਰਦੀ ਬੁੱਢੜੀ ਗੀਤ ਗਾਵੇ, ਲੋਕਾਂ ਭਾਣੇ ਵਿਆਹ।
- ਮਰਦੀ ਮਰ ਗਈ ਪਰ ਨਖਰਾ ਨਾ ਗਿਆ।
- ਮਰਾਂ ਨੀ ਮਰਾਂ, ਕਾਲੇ ਤੇ ਹਰਾਂ, ਹੱਗ ਧਰਾਂ।
- ਮਰਾਸੀ ਦਾ ਪੁੱਤ ਕਣਕ ਨਾ ਵੱਢੂ ਤੇ ਧੁੱਪ ਵੀ ਨਾ ਸੇਕੂ।
- ਮਰਿਆ ਸੱਪ ਗਲ ਪਾਉਣਾ।
- ਮਰੇ ਸ਼ਰਮਾਊ, ਜਿਵੇਂ ਹੜਬੁੱਚ।
- ਮਰੇ ਦਾ ਕੀ ਮਾਰਨਾ।
- ਮਲਾਹ ਦਾ ਹੁੱਕਾ, ਸੁੱਕੇ ਦਾ ਸੁੱਕਾ।
- ਮਲਾਹ ਦੇ ਹੁੱਕੇ ਚ ਪਾਣੀ ਨਹੀਂ ਹੁੰਦਾ।
- ਮਾਂ ਅੱਕ ਰੂੜੀ, ਪਿਓ ਤਾਂਦਲ, ਪੁੱਤ ਕੇਸਰ ਦੀ ਜੜ੍ਹ।
- ਮਾਂ ਸ਼ਰਮਾਉਂਦੀ ਅੰਦਰ ਵੜੀ, ਮੂਰਖ ਆਖੇ ਮੈਥੋਂ ਡਰੀ।
- ਮਾਂ ਸਵਾਈ ਮਾਂ ਸੁੱਖੀ, ਧੀ ਸਵਾਈ ਤਾਂ ਧੀ।
- ਮਾਂ ਹੱਗੇ ਫੋਸੀ-ਫੋਸੀ ਤੇ ਪੁੱਤ ਗੁਹੀਰੇ ਵੰਡੇ।
- ਮਾਂ ਹੱਥ ਬਹੁਤ ਕੂਲੇ ਨੇ, ਕਹਿੰਦੀ ਪੁੱਤ ਲੱਗਣਗੇ ਤਾਂ ਪਤਾ ਲੱਗੂ।
- ਮਾਂ ਕੀ ਤੇ ਮਾਸੀ ਕੀ?
- ਮਾਂ ਕੁਚੱਜੀ ਪੁੱਤਾਂ ਕੱਜੀ।
- ਮਾਂ ਗੰਜੀ ਤੇ ਧੀ ਲਿਆਵੇ ਕੰਘੀਂ, ਮਾਂ ਦੇ ਉਲਝੇ ਵਾਲ ਤੇ ਧੀ ਨਾ ਖੜ੍ਹੇ ਨਾਲ਼।
- ਮਾਂ ਜਿਹੀ ਮਾਸੀ, ਕੰਧ ਐਰੇ ਤੇ ਜਾਸੀ।
- ਮਾਂ ਟਟੀਹਰੀ, ਪਿਓ ਕੁਲੰਗ, ਬੱਚੇ ਨਿਕਲੇ ਰੰਗ-ਬਿਰੰਗ।
- ਮਾਂ ਟੁੰਡੀ, ਪਿਓ ਕਾਣਾ, ਪੁੱਤਰ ਮੋਤੀਆਂ ਦਾ ਦਾਣਾ।
- ਮਾਂ ਦਾ ਪੇਟ ਘੁਮਿਆਰ ਦਾ ਆਵਾ, ਕੋਈ ਚਿੱਟਾ ਕੋਈ ਕਾਲਾ।
- ਮਾਂ ਦੀ ਸੌਂਕਣ, ਧੀ ਦੀ ਸਹੇਲੀ।
- ਮਾਂ ਨਾ ਭੈਣ, ਤੇ ਕੌਣ ਪਾਵੇ ਵੈਣ।
- ਮਾਂ ਨਾਲੋਂ ਹੇਜਲੀ, ਸੌ ਫੱਫੇ ਕੁੱਟਣੀ।
- ਮਾਂ ਨਾਲੋਂ ਧੀ ਸਿਆਣੀ ਰਿੱਧੇ-ਪੱਕੇ ਪਾਵੇ ਪਾਣੀ।
- ਮਾਂ ਨੀ ਮਾਂ ਹੁਣ ਮੇਰੇ ਨਾਲ ਕੰਧਾਂ ਵੀ ਲੜਦੀਆਂ ਨੇ।
- ਮਾਂ ਭਾਵੇਂ ਭੱਠ ਝੋਕਣੀ ਹੋਵੇ, ਬੱਚੇ ਨਹੀਂ ਵਿਸਾਰਦੀ, ਪਿਓ ਭਾਵੇਂ ਖੱਬੀ ਖਾਨ ਹੋਵੇ, ਪਰਵਾਹ ਨਹੀਂ ਕਰਦਾ।
- ਮਾਂ ਮਰ ਗਈ ਪਾਲ਼ੇ ਨਾਲ, ਤੇ ਧੀ ਦਾ ਨਾਂ ਨਿਹਾਲੀ। (ਰਜਾਈ)
- ਮਾਂ ਮਰ ਗਈ ਭੁੱਖ ਨਾਲ਼ ਤੇ ਧੀ ਦਾ ਨਾਂ ਰੱਜੀ।
- ਮਾਂ ਮਰ ਗਈ ਭੁੱਖੀ-ਨੰਗੀ, ਤੇ ਧੀ ਦਾ ਨਾਂ ਲਛਮੀ।
- ਮਾਂ ਮੇਘਣੀ, ਪਿਓ ਮੜ੍ਹਾਸ, ਪੁੱਤਰ ਦਾ ਨਾਂ ਠਾਕਰ ਦਾਸ।
- ਮਾਂ ਮੇਰੀ ਨੇ ਨੌ ਪੁੱਤ ਜੰਮੇ, ਕਿਸਮਤ ਵੱਖੋ-ਵੱਖ।
- ਮਾਂ ਮੇਰੀਆਂ ਸੱਤ ਪਕਾਈ, ਪਰ ਚੁੱਲ੍ਹੇ ਪਿੱਛੇ ਨਾ ਰੱਖੀਂ, ਮੇਰੇ ਹੱਥ ਫੜਾਈਂ।
- ਮਾਂ ਮੈਂ ਨਾਨਕੇ ਚੱਲਿਆਂ, ਕਹਿੰਦੀ ਕੋਈ ਨਹੀਂ ਪੁੱਤ, ਪੇਕੇ ਤਾਂ ਮੇਰੇ ਹੀ ਆ।
- ਮਾਂ ਮੋਈ, ਧੀ ਜੰਮੀ, ਫਿਰ ਤਿੰਨਾਂ ਦੇ ਤਿੰਨ।
- ਮਾਂ ਮੋਈ, ਪਿਓ ਪੱਤਰਿਆ।
- ਮਾਂ ਲੀਰਾ-ਕਤੀਰਾ, ਪੁੱਤਰ ਘੁਰਚ ਮੂੰਗਲਾ।
- ਮਾਇਆ ਕੋ ਮਾਇਆ ਮਿਲੇ, ਕਰ-ਕਰ ਲੰਮੇ ਹਾਥ।
- ਮਾਇਆ ਤੇਰੇ ਤੀਨ ਨਾਮ, ਪਰਸਾ, ਪਰਸੂ, ਪਰਸਰਾਮ।
- ਮਾਈ ਚੰਗੀ, ਕੇ ਖਾਈ।
- ਮਾਸ ਦੀ ਰਾਖੀ, ਬਿੱਲਾ।
- ਮਾਸੀ ਨਹੀਂ ਮਾਂ ਦੀ ਭੈਣ।
- ਮਾਂਹ ਮੋਠਾਂ ਚੋਂ ਵੱਡਾ ਕੌਣ?
- ਮਾਂ-ਪਿਓ ਦੀਆਂ ਗਾਲ਼ਾਂ, ਘਿਓ ਦੀਆਂ ਨਾਲਾਂ।
- ਮਾਪੇ ਤਾਂ ਮਿੱਟੀ ਦੇ ਵੀ ਨਹੀਂ ਮਾਨ।
- ਮਾਪੇ ਵਿਲਕਣ ਪੁੱਤਰਾਂ ਨੂੰ, ਤੇ ਪੁੱਤਰ ਵਿਲਕਣ ਟੁੱਕਰਾ ਨੂੰ।
- ਮਾਮਲੇ ਪੈਣ ਤਾਂ ਜਾਣੀਏ, ਉੱਤੋਂ ਕੀ ਪਛਾਣੀਏ।
- ਮਾਮੇ ਦੇ ਕੰਨੀ ਬੀਰ ਬਲੀਆਂ, ਭਾਣਜਾ ਆਕੜਿਆ ਫਿਰੇ।
- ਮਾਰੇ ਨਾਲੋਂ ਯਰਕਾਇਆ ਚੰਗਾ।
- ਮਾਲ ਟੁੱਟੀ ਤੇ ਲੰਡਾ ਭੱਖਿਆ।
- ਮਾਲ ਨਾਲ ਹੀ ਜਗਾਤ ਹੁੰਦੀ ਹੈ।
- ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ।
- ਮਾਵਾਂ ਨੂੰ ਪੁੱਤ ਪਿਆਰੇ, ਤੇ ਹਾਣੀ ਨੂੰ ਹਾਣ ਪਿਆਰਾ।
- ਮਾਵਾਂ ਪੁੱਤ ਜਣੇਂਦੀਆਂ, ਕਰਮ ਨਾ ਦੇਂਦੀਆਂ ਵੰਡ, ਇਕ ਚੜ੍ਹੰਦੇ ਘੋੜੀਆਂ, ਇੱਕ ਟੁੱਕੜੇ ਖਾਂਦੇ ਮੰਗ।
- ਮਾਵਾਂ-ਧੀਆਂ ਮੇਲਣਾ, ਤੇ ਪਿਓ ਪੁੱਤ ਬਰਾਤੀ।
- ਮਾਵਾਂ-ਧੀਆਂ ਰਿੱਧਾ ਭੱਤਾ, ਮਿੱਠਾ ਬੇਬੇ ਮਿੱਠਾ।
- ਮਾੜਾ ਢੱਗਾ 36 ਰੋਗ ।
- ਮਾੜਾ-ਮਾੜੀ ਲੜੇ, ਤੇ ਚੀਕ-ਚਿਹਾੜਾ ਪੜੇ।
- ਮਾੜੀ ਧਾੜ, ਚਮਾਰਾਂ ਉੱਤੇ।
- ਮਾੜੇ ਦਾ ਕੀ ਨਿੰਦਣਾ, ਤੇ ਤਕੜੇ ਦਾ ਕੀ ਸਲਾਹੁਣਾ?
- ਮਾੜੇ ਦੀ ਜਨਾਨੀ ਸਭ ਦੀ ਭਾਬੀ।
- ਮਾੜੇ ਦੀ ਧੀ ਕਿਸੇ ਨੂੰ ਕੀ ?
- ਮਾੜੇ ਦੇ ਗੁਣ ਵਿੱਚੇ ਵਿੱਚ।
- ਮਾੜੇ ਦੇ ਘਰ ਛੰਨਾ, ਤੇ ਸਾਰਾ ਟੱਬਰ ਅੰਨ੍ਹਾ।
- ਮਿਹਨਤ ਦਾ ਫਲ ਮਿੱਠਾ।
- ਮਿਹਨਤ ਦਾ ਰੰਗ ਗੂੜ੍ਹਾ।
- ਮਿਹਨਤ ਨਾ ਜਾਏ ਬਰਬਾਦ ਕਿਸੇ ਦੀ।
- ਮਿਹਨਤ ਰੰਗ ਜਰੂਰ ਲਿਆਉਂਦੀ ਹੈ।
- ਮਿੱਠਾ ਮੌਹਰਾ, ਮਿੱਠੀ ਮਾਸੀ।
- ਮਿੱਠਾ-ਮਿੱਠਾ ਹੱਪ ਤੇ ਕੌੜਾ-ਕੌੜਾ ਥੂਹ।
- ਮਿੱਤਰਾਂ ਦੀ ਲੂਣ ਦੀ ਡਲ਼ੀ, ਨੀ ਤੂੰ ਮਿਸ਼ਰੀ ਬਰਾਬਰ ਜਾਣੀ।
- ਮਿੱਤਰਾਂ ਦੇ ਲਾਰੇ ਤੇ ਮੁੰਡੇ ਰਹਿਣ ਕੁਆਰੇ।
- ਮਿੱਤਰਾਂ ਨਾਲ ਕਰੇਂਦੇ ਠੱਗੀਆਂ, ਥੀਂਦੇ ਜਨਮ ਕਸਾਈ।
- ਮਿਰਜਾ ਮਰ ਗਿਆ, ਕਿ ਸਾਰੰਗੀ ਟੁੱਟ ਗਈ।
- ਮਿਲਦਿਆਂ ਦੇ ਸਾਕ, ਤੇ ਵਾਹੁੰਦਿਆਂ ਦੀ ਭੋਂ।
- ਮਿਲਦੀ ਮੱਝ ਨਹੀਂ, ਤੇ ਲੱਤਾਂ ਕੱਟੇ ਦੀਆਂ ਭੰਨੋ।
- ਮਿਲੇ ਨਾ ਤੀਰਥ ਨ੍ਹਾਤਿਆਂ, ਡੱਡਾਂ ਜਲ ਵਾਸੀ।
- ਮੀਆਂ ਜੋੜੇ ਫੱਕਾ-ਫੱਕਾ, ਬੀਬੀ ਮਾਰੇ ਇੱਕੋ ਧੱਕਾ।
- ਮੀਆਂ ਮੈਨੂੰ ਜਾਣੇ ਨਾ, ਤੇ ਘੜਾ ਘੜਾਵੇ ਟੱਟੂ।
- ਮੀਸਣੀ ਖਾਵੇ ਤੇ ਮੂੰਹ ਨਾ ਹਿਲਾਵੇ।
- ਮੀਂਹ ਉੱਠੇ 'ਤੇ, ਤੇ ਚੋਰ ਡਿੱਠੇ 'ਤੇ।
- ਮੀਂਹ ਆਇਆ ਨਹੀਂ, ਤੇ ਡੱਡੂ ਪਹਿਲਾਂ ਹੀ ਬੋਲਣ ਲੱਗ ਪਏ।
- ਮੀਂਹ ਜੇਠੀ ਦਾ, ਤੇ ਪੁੱਤ ਪਲੇਠੀ ਦਾ।
- ਮੀਂਹ ਪਵੇ ਤਾਂ ਡੱਡੂ ਨਿਕਲ ਹੀ ਆਉਂਦੇ ਨੇ।
- ਮੀਹਾਂ ਦੇ ਵਰਨੇ ਤੇ ਪੁੱਤਾਂ ਦੇ ਜੰਮਣੇ ਆਵਦੇ ਵੱਸ ਥੋੜ੍ਹਾ ਹੁੰਦੇ ਆ।
- ਮੀਣਾ, ਸਾਹ ਪੀਣਾ।
- ਮੁਸੀਬਤ ਇਕੱਲੀ ਨਹੀਂ ਆਉਂਦੀ।
- ਮੁੱਕ ਗਏ ਘੜੇ ਚੋਂ ਦਾਣੇ, ਤੇ ਬਣ ਗਿਆ ਸਿੰਘ ਸਭੀਆ।
- ਮੁੱਕਾ ਭਲਾ ਵੈਰ ਤੇ ਕਿੱਲੇ ਕੱਟੇ ਖੈਰ।
- ਮੁੱਗ ਨੇ ਦਾਲ ਤੇ ਰੋਟੀਆਂ, ਹੋਰ ਸਭੇ ਗੱਲਾਂ ਖੋਟੀਆਂ।
- ਮੁੱਛ ਫੁੱਟ ਗੱਭਰੂ, ਹਿੱਕ ਫੁੱਟ ਨਾਰ, ਸਿੰਗ ਫੁੱਟ ਬਲਦੋਂ, ਬਖਸ਼ੇ ਕਰਤਾਰ।
- ਮੁੰਡਾ ਤੇ ਰੰਬਾ, ਜਿੰਨਾ ਚੰਡੋ, ਉਨਾ ਹੀ ਚੰਗਾ।
- ਮੁੰਡਾ ਭਾਵੇਂ ਨਹੀਂ ਜੰਮਿਆ, ਪਰ ਜਾਨ ਤਾਂ ਛੁੱਟੀ।
- ਮੁੰਡਾ ਭੂਤਨਾ ਕੁੜੀ ਚੁੜੇਲ, ਪੜ੍ਹ ਕੇ ਮੰਤਰ ਕੀਤੇ ਮੇਲ਼।
- ਮੁੰਡਾ ਮੰਗਿਆ ਤਾਂ ਚਰਖਾ ਕਿੱਲੀ ਟੰਗਿਆ, ਮੁੰਡਾ ਵਿਆਹਆ ਤਾਂ ਚਰਖਾ ਲਾਹਿਆ।
- ਮੁੰਡਾ ਮਰਜੂ ਤੜਾਗੀ ਨਾ ਟੁੱਟੂ।
- ਮੁੰਡੇ ਖੇਡਣ ਕੁੜੀਆਂ ਨਾਲ਼, ਨੱਕ ਵਢਾਵਣ ਛੁਰੀਆਂ ਨਾਲ।
- ਮੁੰਡੇ, ਰੌਲ਼, ਰੰਨਾਂ, ਤਿੰਨੋਂ ਉਜਾੜੇ ਦਾ ਬੰਨਾਂ।
- ਮੁਦੱਈ ਸੁਸਤ ਤੇ ਗਵਾਹ ਚੁਸਤ।
- ਮੁੰਨਿਆ ਜੱਟ ਦਾ, ਸਿੱਖਿਆ ਨਾਈ ਦਾ।
- ਮੁੰਨੀ ਬੱਧੀ ਕੀ? ਤੇ ਖੜੋਤੀ ਕੀ?
- ਮੁਫਤ ਦੀ ਸ਼ਰਾਬ, ਕਾਜ਼ੀ ਨੂੰ ਵੀ ਹਲਾਲ।
- ਮੁਫਤ ਦੀ ਗਾਂ ਦੇ ਦੰਦ ਨਹੀਂ ਗਿਣੀਦੇ।
- ਮੁਰਗੀ ਜਿੰਨੀ ਵੱਡੀ ਹੁੰਦੀ ਹੈ ,ਆਂਡਾ ਉਨਾ ਛੋਟਾ ਦਿੰਦੀ ਹੈ।
- ਮੁਰਦਾ ਬੋਲੂ, ਖੱਫਣ ਪਾੜੂ।
- ਮੁਲਕ ਮਾਹੀ ਦਾ ਵੱਸੇ, ਕੋਈ ਰੋਵੇ, ਕੋਈ ਹੱਸੇ।
- ਮੁੱਲਾਂ ਸਬਕ ਨਾ ਦੇਊ, ਘਰ ਤਾਂ ਮੁੜਨ ਦੇਊ।
- ਮੁੱਲਾਂ ਝੰਗੜ ਗੱਛੇ ਨਾ, ਤੇਰੇ ਰਿੱਛ ਮਸੀਤੀਂ ਅੱਛੇ ਨਾ।
- ਮੁੱਲਾਂ ਦੀ ਦੌੜ, ਮਸੀਤ ਤੀਕਰ।
- ਮੁੜ-ਘੁੜ ਖੋਤੀ ਬੋਹੜਾਂ ਥੱਲੇ।
- ਮੂੱਸਾ ਭੱਜਿਆ ਮੌਤ ਤੋਂ, ਤੇ ਮੌਤ ਮੂਹਰੇ।
- ਮੂੰਹ ਕਾਲਾ ਤੇ ਨੀਲੇ ਪੈਰ, ਮੰਗਣ ਤੁਰਿਆ ਨਿੱਤ ਨਿੱਤ ਖੈਰ।
- ਮੂੰਹ ਖਾਵੇ, ਅੱਖਾਂ ਸ਼ਰਮਾਉਣ।
- ਮੂੰਹ ਚੁੰਮਾ, ਟੁੱਕ ਦੇਵਾਂ ਨਾ, ਖਾਹ ਬੱਚਾ ਬਥੇਰੀਆਂ।
- ਮੂੰਹ ਚੁੰਮਿਆ ਸੁੱਤੇ ਪੁੱਤ ਦਾ, ਨਾ ਮਾਂ ਨੂੰ ਠੰਢ ਨਾ ਪੁੱਤ ਰਾਜੀ।
- ਮੂੰਹ ਜੁੱਟੇ, ਤੇ ਕੂੜ ਨਖੁੱਟੇ।
- ਮੂੰਹ ਦੀਆਂ ਲਹਿਰਾਂ-ਬਹਿਰਾਂ, ਤੇ ਹੱਥਾਂ ਦੀ ਹੜਤਾਲ।
- ਮੂੰਹ ਨਹੀਂ ਚੰਗਾ, ਗੱਲ ਹੀ ਚੰਗੀ ਕਰ ਲੈ।
- ਮੂੰਹ ਨਾ ਮੱਥਾ, ਤੇ ਜਿੰਨ ਪਹਾੜੋਂ ਲੱਥਾ।
- ਮੂੰਹ ਵਿੱਚ ਸ਼ੇਖ ਫਰੀਦ, ਤੇ ਬਗਲ ਵਿੱਚ ਇੱਟਾਂ।
- ਮੂੰਹ ਵੀ ਲਾਇਆ ਤੇ ਕੰਮ ਵੀ ਨਾ ਆਇਆ।
- ਮੂੰਹਾਂ ਨੂੰ ਮੁਲਾਜੇ, ਤੇ ਸਿਰਾਂ ਨੂੰ ਸਲਾਮਾਂ।
- ਮੂਹੋਂ ਨਿਕਲੀ, ਤੁਰਤ ਪਰਾਈ।
- ਮੂੰਹੋਂ ਨਿਕਲੇ ਬੋਲ ਦੋਬਾਰਾ ਮੂੰਹ ਚ ਨਹੀਂ ਪੈਂਦੇ।
- ਮੂਤਣ ਬੈਠਾ ਉਹ ਰਲੂ, ਜੀਹਦੇ ਖੁੱਚੀ ਹੋਊ ਜ਼ੋਰ, ਹੱਗਣ ਬੈਠਣ ਉਹ ਰਲੂ ਜੀਹਦੇ ਘਰ ਦਾ ਹੋਊ ਸਾਥ।
- ਮੂਰਖ ਖੱਟੇ ਟੋਇ, ਨਾ ਕੋਈ ਹੱਸੇ, ਨਾ ਕੋਈ ਰੋਇ।
- ਮੂਰਖ ਨੂੰ ਸਮਝਾਉਣਾ ਕੀ, ਤੇ ਪੱਥਰ ਨੂੰ ਕੀ ਪਾਲਾ, ਕੰਬਲ ਭਾਵੇਂ ਲੱਖ ਧੋ ਦੇਈਏ ਅੰਤ ਕਾਲੇ ਦਾ ਕਾਲਾ।
- ਮੂਰਖਾਂ ਦੇ ਸਿਰ 'ਤੇ ਕਿਹੜਾ ਸਿੰਗ ਹੁੰਦੇ ਆ।
- ਮੂਲੀ ਤਾਂ ਲੜਾਈ ਤੇ ਗਾਜਰ ਤੋਂ ਮਨੇਵਾਂ।
- ਮੇਹਣੀ ਘਰ ਨਾ ਉੱਜੜਦੇ, ਕਰਤੂਤੀਂ ਉਜੜਨ।
- ਮੇਰੀ ਸੱਸ ਦੇ ਚਿਲਕਣੇ ਬਾਲੇ, ਬਾਪੂ ਮੈਨੂੰ ਸੰਗ ਲੱਗਦੀ।
- ਮੇਲ ਮਾਨੀਂ ਤੇ ਭੁੜਕਣ ਭੁੱਲਰ।
- ਮੇਲਾ ਮੇਲੀਆਂ ਦਾ, ਪੈਸੇ-ਧੇਲੀਆਂ ਦਾ, ਜਾਂ ਯਾਰਾਂ ਬੇਲੀਆਂ ਦਾ।
- ਮੈਂ ਤਾਂ ਮੰਜਾ ਛੱਡਦਾ ਪਰ ਮੰਜਾ ਮੈਨੂੰ ਨਹੀਂ ਛੱਡਦਾ।
- ਮੈਂ ਤੇ ਭਾਬੋ ਇੱਕੋ, ਲੋਕ ਪਵਾਏ ਫਿੱਕੋ।
- ਮੈਂ ਤੇ ਮੇਰਾ ਬੰਨਾ ਤੀਜੇ ਦਾ ਮੱਥਾ ਭੰਨਾ।
- ਮੈਂ ਤੇ ਮੇਰਾ ਬੰਨਾ, ਤੀਜੇ ਦਾ ਮੱਥਾ ਭੰਨਾ।
- ਮੈਂ ਤੈਨੂੰ ਕਿਹੋ ਜਿਹਾ ਲੱਗਦਾਂ, ਅਖੇ ਆਪਣੇ ਦਿਲ ਕੋਲੋਂ ਪੁੱਛ।
- ਮੈਂ ਵੀ ਰਾਣੀ, ਤੂੰ ਵੀ ਰਾਣੀ, ਕੌਣ ਭਰੂ ਪਾਣੀ ?
- ਮੈਂਹ-ਗਾਂ ਰਵੇ ਦੀ, ਧੀ-ਭੈਣ ਖਲਣੇ ਦੀ।
- ਮੈਰਾ ਪੱਟਿਆ ਰੰਨਾ, ਤੇ ਕਸਾਲਾ ਜਵਾਨਾਂ।
- ਮੋਇਆ ਗਿੱਦੜ ਤੇ ਲੰਮੇ ਹਾਉਕੇ।
- ਮੋਇਆ ਲੱਗੇ ਕੰਢੇ, ਤੇ ਜਿਉਂਦੇ ਲੱਗੇ ਧੰਦੇ।
- ਮੋਈ ਰੰਨ ਗਿੱਟੇ ਦੀ ਸੱਟ, ਮਰਦ ਮਰੇ ਤਾਂ ਸਿਰ ਦੀ ਸੱਟ।
- ਮੋਈ ਰੀਝ ਨਾਲ਼, ਤੇ ਦੱਬੀ ਦਹਿਲੀਜ ਨਾਲ਼।
- ਮੋਈ ਵੱਛੀ ਬਾਹਮਣਾਂ ਦੇ ਨਾਂ।
- ਮੋਈ ਵੱਛੀ, ਬਾਹਮਣ ਦੇ ਨਾਂ।
- ਮੋਏ ਬਾਬੇ ਦੀਆਂ, ਵੱਡੀਆਂ ਅੱਖਾਂ।
- ਮੋਟੀ ਬੁੱਧ ਮੋਟਾ ਮਾਸ।
- ਮੋਠਾਂ ਦੀ ਫਲੀ ਚੋਂ ਕਿਹੜਾ ਦਾਣਾ ਵੱਡਾ ਤੇ ਕਿਹੜਾ ਛੋਟਾ।
- ਮੌਜਾਂ ਕਰਨ ਗੁਮਾਸ਼ਤੇ, ਧਾਹੀਂ ਮਾਰਨ ਸ਼ਾਹ।
- ਮੌਤ ਨਾ ਮਾਰੀ ਕਿਸੇ ਨੇ, ਸੌ ਮੂਸੇ ਮਾਰੇ।ਜਸਬੀਰ ਵਾਟਵਾਲੀਆ
- ਮੌਤ, ਗਰੀਬਾਂ-ਗੱਬਣਾਂ, ਸਭ 'ਤੇ ਇੱਕੋ ਜੇਹੀ।
Post a Comment