ਚਮਤਕਾਰੀ ਪੌਦਾ ਹੈ ਲਸੂੜ੍ਹਾ/The Lasuda is a miraculous plant

ਲਸੂੜ੍ਹੇ ਦੇ ਫਲ., ਪੱਤੇ, ਸੱਕ, ਲੱਕੜ ਹਰ ਹਿੱਸਾ ਹੈ ਚਮਤਕਾਰੀ



ਲਸੂੜਾ (Cordia dichotoma)

ਚਮਤਕਾਰੀ ਪੌਦੇ ਲਸੂੜਾ ਦਾ ਵਿਗਿਆਨਕ ਨਾਂ (Cordia dichotoma) ਹੈ। ਇਸਦਾ ਅੰਗਰੇਜ਼ੀ ਵਿੱਚ ਨਾਂ  fragrant manjack, clammy cherry, glue berry tree and Indian cherry ਹੈ। ਇਹ ਇੱਕ ਛੋਟਾ ਫਲਦਾਰ ਪਤਝੜੀ ਰੁੱਖ ਹੈ ਜੋ ਆਮ ਕਰਕੇ 4-5 ਮੀਟਰ ਦੇ ਕਰੀਬ ਉੱਚਾ ਹੁੰਦਾ ਹੈ, ਹਾਲਾਂਕਿ ਕੁਝ ਥਾਵਾਂ ’ਤੇ ਇਹ 20 ਮੀਟਰ ਦੇ ਕਰੀਬ ਤੱਕ ਦੀ ਉਚਾਈ ਤੱਕ ਵੀ ਦੇਖਿਆ ਗਿਆ ਹੈ। ਲਸੂੜਾ ਬੋਰੇਜ ਪਰਿਵਾਰ ਦੀ ਪ੍ਰਜਾਤੀ ਹੈ। ਇਹ ਭਾਰਤ ਸਮੇਤ ਉੱਤਰੀ ਆਸਟਰੇਲੀਆ ਅਤੇ ਪੱਛਮੀ ਮੇਲਾਨੇਸ਼ੀਆ ਦੀ ਮੁੱਖ ਪ੍ਰਜਾਤੀ ਹੈ। ਇਸ ਤੋਂ ਇਲਾਵਾ ਇਹ ਪੌਦੈ ਕੋਰਡੀਆ ਡਿਕੋਟੋਮਾ ਚੀਨ ਗੁਆਂਗਡੋਂਗ ਗੁਆਂਗਸੀ , ਗੁਈਜ਼ੋ , ਦੱਖਣ-ਪੂਰਬੀ ਤਿੱਬਤ , ਯੂਨਾਨ, ਜਾਪਾਨ , ਤਾਈਵਾਨ , ਪੂਰਬੀ ਭਾਰਤ ਅਤੇ ਪੱਛਮੀ ਹਿਮਾਲਿਆ ਸਮੇਤ ਪਾਕਿਸਤਾਨ , ਸ਼੍ਰੀਲੰਕਾ , ਕੰਬੋਡੀਆ ਅਤੇ ਕੁਝ ਟਾਪੂਆਂ ਤੇ ਮੂਲ ਰੂਪ ਵਿਚ ਪਾਏ ਜਾਂਦੇ ਹਨ । ਇਸ ਦੀਆਂ ਕੁਝ ਕਿਸਮਾਂ ਬਰਮਾ ਫਿਲੀਪੀਨਜ਼ , ਥਾਈਲੈਂਡ , ਵੀਅਤਨਾਮ , ਇੰਡੋਨੇਸ਼ੀਆ , ਮਲੇਸ਼ੀਆ , ਪਾਪੂਆ ਨਿਊ ਗਿਨੀ , ਆਸਟ੍ਰੇਲੀਆ ਦੇ ਗਰਮ ਖੰਡੀ ਅਤੇ ਉਪ-ਉਪਖੰਡੀ ਖੇਤਰਾਂ ਵਿਚ ਵੀ ਪਾਈਆਂ ਜਾਂਦੀਆਂ ਹਨ। ਇਸ ਦੇ ਨਾਲ-ਨਾਲ ਰਾਜਸਥਾਨ ਦੇ ਸੁੱਕੇ ਪਤਝੜ ਵਾਲੇ ਜੰਗਲਾਂ ਤੋਂ ਲੈ ਕੇ ਪੱਛਮੀ ਘਾਟਾਂ ਦੇ ਨਮੀਦਾਰ ਪਤਝੜ ਵਾਲੇ ਜੰਗਲਾਂ ਅਤੇ ਮਿਆਂਮਾਰ ਦੇ ਟਾਈਡਲ ਜੰਗਲਾਂ ਵਿਚ ਵੀ ਇਸ ਦੀਆਂ ਕਈ ਕਿਸਮਾਂ ਪਾਈਆਂ ਜਾਂਦੀਆਂ ਹਨ

ਲਸੂੜਾ ਛੋਟੇ ਤੋਂ ਦਰਮਿਆਨੇ ਆਕਾਰ ਦਾ ਪਤਝੜ ਵਾਲਾ ਰੁੱਖ ਹੈ। ਇਸਦੇ ਦਾ ਸੱਕ ਸਲੇਟੀ ਭੂਰੇ ਰੰਗ ਦਾ ਹੁੰਦਾ ਹੈ। ਇਸ ਉੱਤੇ ਨਿਰੰਤਰ ਝੁਰੜੀਆਂ ਹੁੰਦੀਆਂ ਹਨ। ਇਸਦੇ ਫੁੱਲ ਛੋਟੀ ਡੰਡੀ ਵਾਲੇ, ਲਿੰਗਨੁਮਾ, ਚਿੱਟੇ ਰੰਗ ਦੇ ਹੁੰਦੇ ਹਨ ਜੋ ਸਿਰਫ ਰਾਤ ਨੂੰ ਖੁੱਲ੍ਹਦੇ ਹਨ। ਇਸਦਾ ਫਲ ਪੀਲੇ ਜਾਂ ਗੁਲਾਬੀ-ਚਮਕਦਾਰ ਰੰਗ ਦੇ ਹੁੰਦੇ ਹਨ ਜੋ ਪੱਕਣ 'ਤੇ ਕਾਲੇ ਹੋ ਜਾਂਦੇ ਹਨ। ਇਸਦੇ ਫਲਾਂ ਵਿਚ ਸੰਘਣੀ ਮਿੱਠੀ ਅਤੇ ਚਿਪਚਿਪੀ ਗੂੰਦ ਵਰਗਾ ਗਾੜਾ ਰਸ ਹੁੰਦਾ ਹੈ ਜੋ ਮਿੱਠਾ ਚਿਪਚਿਪਾ ਅਤੇ ਕਾਫੀ ਸਵਾਦੀ ਹੁੰਦਾ ਹੈ। ਜਾਣਕਾਰੀ ਮੁਤਾਬਕ ਤਿਤਲੀ ਅਰਹੋਪਾਲਾ ਮਾਈਕਲ ਦਾ ਲਾਰਵਾ ਸੀ ਲਸੂੜੇ ਦੇ ਪੱਤਿਆਂ ਨੂੰ ਮੁੱਖ ਤੌਰ ’ਤੇ ਖਾਂਦਾ ਹੈ ।

ਪੰਜਾਬ ਦੇ ਵਿਚ ਲਸੂੜਾ

ਲਸੂੜਾ ਪੰਜਾਬ ਦਾ ਵਿਰਾਸਤੀ ਰੁੱਖ ਹੈ। ਪੰਜਾਬ ਵਿਚ ਇਸ ਦੀਆਂ ਦੋ ਕਿਸਮਾਂ ਲਸੂੜਾ ਅਤੇ ਲਸੂੜੀ ਪਾਈਆਂ ਜਾਂਦੀਆਂ ਹਨ। ਦੋਹਾਂ ਦੇ ਅਕਾਰ, ਪੱਤਿਆਂ ਅਤੇ ਫਲਾਂ ਵਿਚ ਕੁਝ ਅੰਤਰ ਹੁੰਦਾ ਹੈ। ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਕੁਝ ਕਾਰਨਾਂ ਕਰਕੇ ਇਹ ਰੁੱਖ ਪੰਜਾਬ ਦੇ ਵਿਚੋਂ ਲੱਗਭਗ ਖਤਮ ਹੋਣ ਦੇ ਕਿਨਾਰੇ ’ਤੇ ਹੈ। ਪੰਜਾਬ ਦੇ ਵਿਚ ਇਕਾ-ਦੁੱਕਾ ਕਿਸਾਨਾਂ ਵੱਲੋਂ ਇਸ ਦੀ ਖੇਤੀ ਵੀ ਕੀਤੀ ਜਾਂਦੀ ਹੈ। ਇਸ ਦੇ ਖੇਤੀ ਵਿਸ਼ੇਸ਼ ਤੌਰ ’ਤੇ ਅਚਾਰ ਜਾਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੇ ਅਚਾਰ ਨੂੰ ਲੰਮੇ ਸਮੇ ਲਈ ਸਟੋਰ ਕੀਤਾ ਜਾ ਸਕਦਾ ਹੈ। ਪੰਜਾਬ ਦੇ ਪਿੰਡਾਂ ਵਿਚ ਬੱਚਿਆਂ ਵੱਲੋਂ ਆਪਣੀਆਂ ਕਿਤਾਬਾਂ ਨੂੰ ਜੋੜਨ ਲਈ ਲਸੂੜੇ ਦੀ ਗੂੰਦ ਦੀ ਵਰਤੋਂ ਵਿਸ਼ੇਸ਼ ‘ਤੇ ਕੀਤੀ ਜਾਂਦੀ ਸੀ।

ਪੰਜਾਬੀ ਲੋਕਧਾਰਾ ਅਤੇ ਸਾਹਿਤ ਵਿਚ ਲਸੂੜਾ

ਲਸੂੜੇ ਅਤੇ ਲਸੂੜੀ ਦਾ ਜ਼ਿਕਰ ਸਾਡੇ ਪੰਜਾਬੀ ਲੋਕਧਾਰਾ, ਗੀਤਾਂ, ਲੋਕ ਗੀਤਾਂ ਅਤੇ ਅਖਾਣਾਂ ਵਿਚ ਵੀ ਬਾਖੂਬੀ ਮਿਲਦਾ ਹੈ। ਜਿਵੇ ਦੇਖੋ ਨਮੂਨਾ-

ਸਾਡੇ ਕੋਠੇ ਦੇ ਮਗਰ ਲਸੂੜੀਆਂ ਵੇ...

ਦਿਨੇ ਲੜਦਾ ਤੇ ਰਾਤੀਂ ਗੱਲਾਂ ਗੂੜ੍ਹੀਆਂ ਵੇ...

ਕਿੱਕਲੀ ਦੇ ਵਿਚ ਲਸੂੜੇ ਦਾ ਜਿਕਰ

ਐਸ ਗਲੀ ਮੈਂ ਆਵਾਂ-ਜਾਵਾਂ

ਐਸ ਗਲੀ ਲਸੂੜਾ...

ਭਾਬੋ ਮੰਗੇ  ਮੁੰਦਰੀਆਂ 

ਨਣਾਨ ਮੰਗੇ ਚੂੜਾ...

ਨੀ ਇਹ ਲਾਲ ਲਸੂੜਾ...

ਬੋਲੀਆਂ ਵਿਚ ਲਸੂੜਾ

ਵਿਹੜੇ ਦੇ ਵਿੱਚ ਅੰਬ ਸੁਣੀਂਦਾ

ਬਾਗਾਂ ਵਿੱਚ ਲਸੂੜਾ

ਕੋਠੇ ਚੜ੍ਹਕੇ ਦੇਖਣ ਲੱਗਿਆ

ਸੂਤ ਟੇਰਦੀ ਦੂਹਰਾ

ਯਾਰੀ ਲਾ ਕੇ ਦਗਾ ਕਮਾ ਗਈ

ਖਾ ਕੇ ਮਰੂੰ ਧਤੂਰਾ

ਕਾਹਨੂੰ ਪਾਇਆ ਸੀ ...

ਪਿਆਰ ਵੈਰਨੇ ਗੂਹੜਾ


ਮਿਤ੍ਰਕ ਦੇਹ ਭਾਵ ਮੰਮੀਜ ਨੂੰ ਸੰਭਾਲਣ ਲਈ ਲਸੂੜੇ ਦੀ ਲੱਕੜ ਵਿਸ਼ੇਸ਼

ਲਸੂੜੇ ਦੀ ਲੱਕੜ ਵੀ ਕਈ ਪੱਖਾਂ ਵਿਸ਼ੇਸ਼ ਅਤੇ ਅਦਭੁਤ ਅਤੇ ਚਮਤਕਾਰੀ ਹੁੰਦੀ ਹੈ। ਲਸੂੜੇ ਦੇ ਵਿਚ ਵਿਸ਼ੇਸ਼ ਗੁਣ ਹੋਣ ਕਾਰਨ ਇਸ ਨੂੰ ਘਸਾ ਕੇ ਇਸ ਵਿਚੋਂ ਅਸਾਨੀ ਨਾਲ ਅੱਗ ਪੈਦਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਲਸੂੜੇ ਦੀ ਲੱਕੜ ਵਿਸ਼ੇਸ਼ ਤਾਬੂਤ ਬਣਾਉਣ ਲਈ ਵੀ ਚੰਗੀ ਮੰਨੀ ਜਾਂਦੀ ਹੈ। ਪ੍ਰਾਚੀਨ ਸਮੇਂ ਵਿਚ ਮ੍ਰਿਤਰ ਦੇਹ ਭਾਵ ਮੰਮੀਜ਼ ਨੂੰ ਲੰਮੇ ਸਮੇਂ ਤੱਕ ਸਟੋਰ ਕਰਕੇ ਰੱਖਣ ਲਈ ਲਸੂੜੇ ਦੀ ਲੱਕੜ ਦੇ ਤਾਬੂਤ ਬਣਾਉਣ ਦੀਆਂ ਉਦਾਰਨਾ ਵੀ ਮਿਲਦੀਆਂ ਹਨ।

 ਲਸੂੜੇ ਦੀ ਜੋਸ਼ੰਦਾ, ਦਵਾਈਆਂ ਅਤੇ ਹੋਰ ਖੁਰਾਕੀ ਪਦਾਰਥ ਵਜੋਂ ਵਰਤੋਂ

ਅਸੀਂ ਸਭ ਜਾਣਦੇ ਹਾਂ ਕਿ 'ਜੋਸ਼ੰਦਾ' ਇੱਕ ਮਸ਼ਹੂਰ ਯੂਨਾਨੀ ਦਵਾਈ ਹੈ, ਜੋ ਕਿ ਜ਼ੁਕਾਮ, ਖੰਘ, ਗਲੇ ਵਿੱਚ ਖਰਾਸ਼, ਨੱਕ ਬੰਦ ਹੋਣਾ, ਸਾਹ ਦੀਆਂ ਸਮੱਸਿਆਵਾਂ ਅਤੇ ਬੁਖਾਰ ਨੂੰ ਠੀਕ ਕਰਨ ਲਈ ਵਰਤੀ ਜਾਂਦੀ ਹੈ। ਇਸ ਵਿੱਚ ਹੋਰ ਜੜੀ-ਬੂਟੀਆਂ ਦੇ ਨਾਲ ਲਸੂੜੇ ਦੇ ਫਲ ਵਿਸ਼ੇਸ਼ ਤੌਰ ’ਤੇ ਪਾਏ ਜਾਂਦੇ ਹਨ। ਲਸੂੜੇ ਦੇ ਇਨ੍ਹਾਂ ਫਲਾਂ ਦੇ ਸਦਕਾ ਹੀ ਜੋਸ਼ਾਂਦਾ ਖੰਘ, ਜੁਕਾਮ ਅਤੇ ਗਲ਼ੇ ਦੀ ਖਰਾਸ਼ ਨੂੰ ਹਟਾਉਣ ਵਿਚ ਵਿਸ਼ੇਸ਼ ਤੌਰ ’ਤੇ ਮਦਦਗਾਰ ਹੁੰਦਾ ਹੈ। 

ਦੱਖਣੀ ਏਸ਼ੀਆ ਵਿਚ ਲਸੂੜੇ ਦੇ ਅਧਪੱਕੇ ਫਲਾਂ ਦਾ ਅਚਾਰ ਵੀ ਬਣਾਇਆ ਜਾਂਦਾ ਹੈ। ਲਸੂੜੇ ਦੇ ਫਲਾਂ ਨੂੰ ਸੁਕਾ ਕੇ ਅਤੇ ਫਿਰ ਇਸ ਨੂੰ ਕਈ ਤਰ੍ਹਾਂ ਦੀਆਂ ਹੋਰ ਸਮੱਗਰੀਆਂ ਨਾਲ ਮਿਲਾ ਕੇ ਇਸਦਾ ਲੱਡੂ ਬਣਾਉਣ ਦੀ ਰਵਾਇਤ ਵੀ ਕਈ ਥਾਵਾਂ ’ਤੇ ਹੈ। ਛੱਤਸਗੜ੍ਹ ਵਿਚ ਲਸੂੜੇ ਦੇ ਨਰਮ ਪੱਤਿਆਂ ਦੀ ਸਬਜੀ ਬਣਾਉਣ ਦੀ ਵੀ ਰਾਵਾਇਤ ਹੈ।

1. ਲਸੂੜਾ ਹਾਈ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ ਵਿਚ ਕਾਰਗਰ

ਦੁਨੀਆ ਵਿੱਚ ਜਿਸ ਬਿਮਾਰੀ ਨਾਲ ਸਭ ਤੋਂ ਵੱਧ ਲੋਕ ਪੀੜਤ ਹਨ ਉਹ ਬਲੱਡ ਪ੍ਰੈਸ਼ਰ ਹੈ। 2016 ਦੇ ਇੱਕ ਅਧਿਐਨ ਅਨੁਸਾਰ, ਲਸੂੜੇ ਦੇ ਫਲਾਂ ਵਿੱਚ ਐਂਟੀ-ਹਾਈਪਰਟੈਂਸਿਵ ਪ੍ਰਭਾਵ ਹੁੰਦੇ ਹਨ। ਇਹ ਫਲ ਐਬਸਟਰੈਕਟ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਕੰਟਰੋਲ ਕਰ ਸਕਦਾ ਹੈ ਅਤੇ ਆਕਸੀਟੇਟਿਵ ਤਣਾਅ ਨੂੰ ਘਟਾ ਸਕਦਾ ਹੈ।

2. ਲਸੂੜਾ ਗਲ਼ ਦੇ ਦਰਦ ਨੂੰ ਠੀਕ ਕਰਨ ਵਿਚ ਸਹਾਈ

ਜੇਕਰ ਤੁਹਾਨੂੰ ਖੰਘ ਜਾਂ ਗਲੇ ਵਿੱਚ ਖਰਾਸ਼ ਹੈ ਤਾਂ ਲਸੂੜੇ ਦੇ ਫਲ ਦਾ ਇੱਕ ਕਾੜ੍ਹਾ ਬਣਾ ਕੇ ਪੀਣਾ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ। ਤੁਸੀਂ ਫਲਾਂ ਨੂੰ ਪਾਣੀ ਵਿਚ ਉਬਾਲ ਕੇ ਇਸ ਦਾ ਸੇਵਨ ਕਰ ਸਕਦੇ ਹੋ ਅਤੇ ਇਸ ਦਾ ਕਾੜ੍ਹਾ ਵੀ ਬਣਾ ਸਕਦੇ ਹੋ। ਇਸ ਤੋਂ ਇਲਾਵਾ, ਲਸੂੜੇ ਦੇ ਸੱਕ ਨੂੰ ਸਫਲਤਾਪੂਰਵਕ ਪਾਣੀ ਵਿੱਚ ਉਬਾਲ ਕੇ, ਫਿਲਟਰ ਕੀਤਾ ਜਾ ਸਕਦਾ ਹੈ ਅਤੇ ਫਿਰ ਖਾਧਾ ਜਾ ਸਕਦਾ ਹੈ। ਇਹ ਮਿਸ਼ਰਣ ਤੁਹਾਨੂੰ ਹੈਰਾਨੀਜਨਕ ਰਾਹਤ ਪ੍ਰਦਾਨ ਕਰੇਗਾ।

3. ਲਸੂੜੇ ਵਿਚ ਐਂਟੀ-ਡਾਇਬੀਟਿਕ ਗੁਣ

ਸ਼ੂਗਰ ਦੇ ਰੋਗੀਆਂ ਨੂੰ ਲਸੂੜੇ ਦੇ ਫਲਾਂ ਤੋਂ ਬਹੁਤ ਫਾਇਦਾ ਹੋ ਸਕਦਾ ਹੈ ਕਿਉਂਕਿ ਇਸ ਵਿੱਚ ਮੌਜੂਦ ਕੁਝ ਪਦਾਰਥ ਪਿਸ਼ਾਬ ਨੂੰ ਸਾਫ ਕਰਨ ਵਿਚ ਸਹਾਈ ਹੁੰਦੇ ਹਨ। ਇੰਟਰਨੈਸ਼ਨਲ ਜਰਨਲ ਆਫ਼ ਫਾਰਮਾਸਿਊਟੀਕਲ ਸਾਇੰਸਜ਼ ਐਂਡ ਰਿਸਰਚ ਦੇ ਨਤੀਜਿਆਂ ਅਨੁਸਾਰ ਇਸਦੇ ਫਲ ਅਤੇ ਬੀਜਾਂ ਵਿਚ ਐਂਟੀ-ਡਾਇਬੀਟਿਕ ਗੁਣ ਹੁੰਦੇ ਹਨ। ਹਾਲਾਂਕਿ ਇਸਦਾ ਮੈਟਫੋਰਮਿਨ ਵਰਗਾ ਪ੍ਰਭਾਵ ਨਹੀਂ ਹੋ ਸਕਦਾ, ਫਿਰ ਵੀ ਇਹ ਬਲੱਡ ਸ਼ੂਗਰ ਮਰੀਜਾਂ ਲਈ ਕਾਫੀ ਲਾਹੇਵੰਦ ਹੁੰਦਾ ਹੈ।

4. ਚਮੜੀ ਦੀ ਐਲਰਜੀ ਲਈ ਲਸੂੜਾ

ਜਦੋਂ ਖੁਰਕ ਅਤੇ ਦਦਰ ਵਰਗੀਆਂ ਸਮੱਸਿਆਵਾਂ ਦੇ ਇਲਾਜ ਕਰਨ ਦੀ ਗੱਲ ਆਉਂਦੀ ਹੈ, ਤਾਂ ਲਸੂੜੇ ਫਲ ਦੇ ਬੀਜ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਲਸੂੜਾ ਫਲ ਖਾਣ ਨਾਲ ਚਮੜੀ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਦਾਦ, ਖੁਜਲੀ, ਖਾਰਸ਼, ਧੱਫੜ ਅਤੇ ਐਲਰਜੀ ਤੋਂ ਕਾਫੀ ਰਾਹਤ ਮਿਲਦੀ  ਹੈ। ਇਸ ਤੋਂ ਇਲਾਵਾ ਇਸ ਦੇ ਬੀਜਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਸਰੀਰ ਦੇ ਖਾਰਸ਼ ਵਾਲੇ ਹਿੱਸੇ ’ਤੇ ਇਹ ਪੇਸਟ ਲਾ ਕੇ ਇਲਾਜ ਕੀਤਾ ਜਾ ਸਕਦਾ ਹੈ।

 5. ਮਾਹਵਾਰੀ ਦੇ ਦਰਦ ਦੌਰਾਨ ਰਾਹਤ ਦਿੰਦਾ ਲਸੂੜਾ 

ਕੁਝ ਔਰਤਾਂ ਨੂੰ ਮਾਹਵਾਰੀ ਦੇ ਦਿਨਾਂ ਦੌਰਾਨ ਮੂਡ ਸਵਿੰਗ ਹੋਣ ਦੇ ਨਾਲ-ਨਾਲ ਕਾਫੀ ਦਰਦ ਵੀ ਹੁੰਦਾ ਹੈ। ਇਸ ਪੜਾਅ 'ਤੇ ਲਸੂੜਾ ਫਲ ਖਾਣ ਨਾਲ ਤਕਲੀਫ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਜੇਕਰ ਅਜਿਹੀ ਸਮੱਸਿਆ ਹੈ ਤਾਂ ਇਸਦੇ ਸੱਕ ਦਾ ਕਾੜ੍ਹਾ ਬਣਾ ਕੇ ਪੀਓ ਇੱਕ ਜਾਂ ਦੋ ਵਾਰ ਇਸ ਤਰ੍ਹਾਂ ਦਾ ਕਾੜ੍ਹਾ ਲੈਣ ਨਾਲ ਬਹੁਤ ਰਾਹਤ ਮਿਲੇਗੀ।

6.  ਲਸੂੜਾ ਸਰੀਰ ਨੂੰ ਮਜ਼ਬੂਤ ​​ਬਣਾਉਣ ਵਿਚ ਸਹਾਈ

ਲਸੂੜਾ ਫਲ ਪ੍ਰੋਟੀਨ ਦੇ ਨਾਲ-ਨਾਲ ਕਾਰਬੋਹਾਈਡਰੇਟ, ਫਾਈਬਰ, ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਦਾ ਵੀ ਵਧੀਆ ਸਰੋਤ ਹੈ। ਇਸ ਲਈ  ਲੋਕ ਅਕਸਰ ਇਸ ਫਲ ਨੂੰ ਕੱਚਾ ਹੀ ਖਾਂਦੇ ਹਨ। ਹਾਲਾਂਕਿ, ਬਹੁਤ ਸਾਰੇ ਇਸ ਨੂੰ ਸੁੱਕੇ ਰੂਪ ਵਿੱਚ ਵੀ ਪਸੰਦ ਕਰਦੇ ਹਨ ਜੋ ਕਿ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਤਰ੍ਹਾਂ, ਲਸੂੜਾ ਫਲ ਸਰੀਰ ਨੂੰ ਮਜ਼ਬੂਤ ​​ਬਣਾਉਣ ਹੈ ਲੋੜੀਂਦੀ ਊਰਜਾ ਪ੍ਰਦਾਨ ਕਰਨ ਵਿਚ ਵੀ ਕਾਫੀ ਸਹਾਈ ਹੁੰਦਾ ਹੈ।

7.  ਲਸੂੜਾ ਦੰਦਾਂ ਦੇ ਦਰਦ ਨੂੰ ਘੱਟ ਕਰਨ ਵਿਚ ਸਹਾਈ

ਦੰਦਾਂ ਦੇ ਦਰਦ ਦੇ ਇਲਾਜ ਲਈ ਲਸੂੜਾ ਕਾਫੀ ਫਾਇਦੇਮੰਦ ਹੁੰਦਾ ਹੈ। ਲਸੂੜੇ ਦੇ ਸੱਕ ਨੂੰ ਪਾਣੀ ਵਿੱਚ ਉਬਾਲ ਕੇ ਫਿਰ, ਇਸ ਮਿਸ਼ਰਣ ਦੀ ਕੁਰਲੀ ਕਰੋ ਇਸ ਨਾਲ ਦੰਦਾਂ ਦੇ ਦਰਦ ਤੋਂ ਬਹੁਤ ਰਾਹਤ ਮਿਲਦੀ ਹੈ।

8.  ਯੂਰਿਕ ਐਸਿਡ, ਸੋਜ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਲਈ ਲਸੂੜਾ

  ਯੂਰਿਕ ਐਸਿਡ ਕਾਰਨ ਜੋੜਾਂ ਦੇ ਦਰਦ ਜਾਂ ਸੋਜ ਦੀ ਸਮੱਸਿਆ ਵਿਚ ਲਸੂੜੇ ਦਾ ਫਲ ਖਾਣਾ ਕਾਫੀ ਲਾਭਕਾਰੀ ਹੁੰਦਾ ਹੈ। ਲਸੂੜੇ ਦੇ ਸੱਕ ਦਾ ਕਾੜ੍ਹਾ ਬਣਾ ਕੇ ਇਸ 'ਚ ਕਪੂਰ ਮਿਲਾ ਕੇ ਸੋਜ ਵਾਲੀ ਥਾਂ 'ਤੇ ਲਗਾਉਣ ਨਾਲ ਵੀ ਕਾਫੀ ਰਾਹਤ ਮਿਲਦੀ ਹੈ।

9.  ਲਿਵਰ ਦੀ ਸਮਰੱਥਾ ਵਧਾਉਣ ਲਈ ਲਸੂੜਾ

ਲਿਵਰ ਦੀ ਸਮਰੱਥਾ ਵਧਾਉਣ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਲਸੂੜਾ ਬਹੁਤ ਪ੍ਰਭਾਵਸ਼ਾਲੀ ਹੋ ਸਕਦਾ ਹੈ। ਸਾਲ 2007 ਵਿੱਚ ਨਾਈਜੀਰੀਅਨ ਜਰਨਲ ਆਫ਼ ਨੈਚੁਰਲ ਪ੍ਰੋਡਕਟਸ ਐਂਡ ਮੈਡੀਸਨ ਦੀ ਰਿਪੋਰਟ ਅਨੁਸਾਰ, ਲਸੂੜਾ ਜਿਗਰ ਦੀ ਸ਼ਕਤੀ ਨੂੰ ਵਧਾਉਣ ਅਤੇ ਇਸਨੂੰ ਸਿਹਤਮੰਦ ਰੱਖਣ ਵਿੱਚ ਕਾਫੀ ਫਾਇਦੇਮੰਦ ਹੁੰਦਾ ਹੈ।


ਨੋਟ- ਲਸੂੜੇ ਦੇ ਕਿਸੇ ਵੀ ਹਿੱਸੇ ਨੂੰ ਦਵਾਈ ਵਜੋਂ ਵਰਤਣ ਤੋਂ ਪਹਿਲਾਂ ਸਿਹਤ ਮਾਹਰ ਦੀ ਸਲਾਹ ਜਰੂਰ ਲਵੋ। ਇਹ ਸਾਰੀ ਜਾਣਕਾਰੀ ਇੰਟਰਨੈੱਟ ਉੱਤੇ ਉਪਲੱਭਦ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਕਰਕੇ ਟਰਾਂਸਲੇਟ ਕੀਤੀ ਗਈ ਹੈ। ਅਸੀਂ ਇਸ ਦੀ ਸਟੀਕਤਾ ਦਾ ਕੋਈ ਦਾਅਵਾ ਨਹੀਂ ਕਰਦੇ। 


Jasbir Wattanawalia


-ਗੁਣਾਂ ਦੀ ਖਾਨ ਹੈ ਢੱਕ/ਪਲਾਸ/ਕੇਸੂ ਦਾ ਰੁੱਖ- ਲੇਖ ਪੜ੍ਹਨ ਲਿੰਕ ’ਤੇ ਕਲਿਕ ਕਰੋ

-ਸਿੰਮਲ ਰੁੱਖ ਦੇ ਬੇਮਿਸਾਲ ਫਾਇਦੇ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

-ਪੰਜਾਬ ਵਿਚੋਂ ਅਲੋਪ ਹੋ ਰਿਹਾ ਖੈਰ ਦਾ ਰੁੱਖ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

Post a Comment

Previous Post Next Post

About Me

Search Poetry

Followers