All About Tahli Tree, Tahli tree is a medicine for many diseases
ਅਨੇਕਾਂ ਰੋਗਾਂ ਦੀ ਦਵਾਈ ਹੈ ਟਾਹਲੀ, ਪੰਜਾਬੀ ਸਾਹਿਤ ਵਿਚ ਵੀ ਟਾਹਲੀ ਦੀ ਚੋਖੀ ਚੜ੍ਹਤ
ਟਾਹਲੀ (Dalbergia sissoo)
ਟਾਹਲੀ ਪੰਜਾਬ ਦਾ ਰਾਜ ਰੁੱਖ ਹੈ। ਟਾਹਲੀ ਦਾ ਵਿਗਿਆਨਕ ਨਾਂ Dalbergia sissoo ਹੈ। ਇਸ ਨੂੰ ਸ਼ੀਸ਼ਮ ਜਾਂ North Indian rosewood ਵਜੋਂ ਵੀ ਜਾਣਿਆ ਜਾਂਦਾ ਹੈ। ਇਸਦਾ ਆਮ ਨਾਂ ਸਿਸੂ , ਤਾਹਲੀ ਜਾਂ ਤਾਲੀ, ਬਿਰਾਦੀ, ਸਿਸੌ, ਸ਼ੀਸ਼ਮ ਅਤੇ ਟਾਹਲੀ ਹਨ। ਪੁਸ਼ਤੋ ਵਿੱਚ ਇਸਦਾ ਨਾਮ ਸ਼ੀਵਾ ਹੈ ਅਤੇ ਫ਼ਾਰਸੀ ਵਿੱਚ ਇਸਨੂੰ ਜੱਗ ਕਿਹਾ ਜਾਂਦਾ ਹੈ। ਹਿੰਦੀ ਅਤੇ ਉਰਦੂ ਵਿੱਚ ਇਸਨੂੰ ਸ਼ੀਸ਼ਮ ਕਿਹਾ ਜਾਂਦਾ ਹੈ। ਬੰਗਾਲੀ ਵਿੱਚ ਇਸਨੂੰ ਸ਼ੀਸ਼ੂ ਕਿਹਾ ਜਾਂਦਾ ਹੈ । ਪੂਰਬੀ ਉੱਤਰ ਪ੍ਰਦੇਸ਼ ਅਤੇ ਪੱਛਮੀ ਬਿਹਾਰ ਵਿੱਚ ਇਸਦਾ ਸਥਾਨਕ ਨਾਮ ਸੀਸੋ ਹੈ ।
ਟਾਹਲੀ ਦੁਨੀਆਂ ਭਰ ਵਿਚ ਇੱਕ ਮਹੱਤਵਪੂਰਨ ਵਪਾਰਕ ਲੱਕੜ ਵਜੋਂ ਪ੍ਰਸਿੱਧ ਹੈ। ਇਹ ਤੇਜ਼ੀ ਨਾਲ ਵਧਣ ਵਾਲਾ, ਸਖ਼ਤ, ਪਤਝੜੀ ਰੁੱਖ ਹੈ ਜੋ ਭਾਰਤੀ ਉਪਮਹਾਂਦੀਪ ਅਤੇ ਦੱਖਣੀ ਈਰਾਨ ਇਲਾਕੇ ਦਾ ਮੂਲ ਹੈ। ਟਾਹਲੀ ਪੱਛਮ ਵਿਚ ਅਫਗਾਨਿਸਤਾਨ ਤੋਂ ਲੈ ਕੇ ਪੂਰਬ ਵਿਚ ਬਿਹਾਰ, ਭਾਰਤ ਤੱਕ ਹਿਮਾਲਿਆ ਦੀਆਂ ਤਲਹਟੀਆਂ ਵਿਚ ਆਮ ਪਾਇਆ ਜਾਂਦਾ ਰੁੱਖ ਹੈ। ਇਹ ਈਰਾਨ ਵਿੱਚ ਵੀ ਕੁਦਰਤੀ ਤੌਰ 'ਤੇ ਹੁੰਦਾ ਹੈ। ਇਹ ਰੁੱਖ ਬੀਜਾਂ ਅਤੇ ਜੜ੍ਹਾਂ ਦੁਆਰਾ ਰਾਹੀਂ ਪੈਦਾ ਹੁੰਦਾ ਹੈ । ਟਾਹਲੀ ਕਰੀਬ 25 ਮੀਟਰ ਉਚਾਈ ਅਤੇ ਵਿਆਸ ਵਿੱਚ 2 ਤੋਂ 3 ਮੀਟਰ ਤੱਕ ਵਧ ਸਕਦੀ ਹੈ। ਖੁੱਲ੍ਹੇ ਵਿੱਚ ਉਗਣ ਵੇਲੇ ਇਸ ਦੇ ਤਣੇ ਅਕਸਰ ਟੇਢੇ-ਮੇਢੇ ਹੁੰਦੇ ਹਨ। ਇਸਦੇ ਪੱਤੇ ਲਗਭਗ 5 ਸੈਂਟੀਮੀਟਰ ਗੋਲ ਆਕਾਰ ਅਤੇ ਸਿਰੇ ਤੋਂ ਕੁਝ ਨੁਕੀਲੇ ਹੁੰਦੇ ਹਨ। ਇਸਦੇ ਫੁੱਲ ਚਿੱਟੇ ਤੋਂ ਗੁਲਾਬੀ, ਸੁਗੰਧਿਤ ਅਤੇ ਸੰਘਣੇ ਸਮੂਹਾਂ ਵਿੱਚ ਹੁੰਦੇ ਹਨ। ਫਲੀਆਂ ਆਇਤਾਕਾਰ ਪਤਲੀਆਂ, ਪੱਟੀ ਵਰਗੀਆਂ, 4 ਤੋਂ 8 ਸੈਂਟੀਮੀਟਰ ਲੰਬੀਆਂ, 1 ਸੈਂਟੀਮੀਟਰ ਚੌੜੀਆਂ ਹੁੰਦੀਆਂ ਹਨ। ਇਸ ਦੀਆਂ ਫਲੀਆਂ ਹਲਕੇ ਭੂਰੇ ਰੰਗ ਦੀਆਂ ਹੁੰਦੀਆਂ ਹਨ। ਇਹਨਾਂ ਵਿੱਚ ਇੱਕ ਤੋਂ ਪੰਜ ਬੀਨ ਦੇ ਆਕਾਰ ਦੇ ਬੀਜ਼ ਹੁੰਦੇ ਹਨ।
ਟਾਹਲੀ 10 ਤੋਂ 40 ਡਿਗਰੀ ਔਸਤਨ ਤਾਪਮਾਨ ਵਿਚ ਵਧੀਆ ਹੁੰਦੀ ਹੈ। ਇਹ ਰੁੱਖ 2,000 ਮਿਲੀਮੀਟਰ ਤੱਕ ਔਸਤ ਸਾਲਾਨਾ ਵਰਖਾ ਅਤੇ ਤਿੰਨ ਤੋਂ ਚਾਰ ਮਹੀਨਿਆਂ ਦੇ ਸੋਕੇ ਦਾ ਸਾਮ੍ਹਣਾ ਕਰ ਸਕਦਾ ਹੈ। ਇਸ ਲਈ ਸ਼ੁੱਧ ਰੇਤ ਅਤੇ ਬੱਜਰੀ ਤੋਂ ਲੈ ਕੇ ਨਦੀ ਦੇ ਕਿਨਾਰਿਆਂ ਦੇ ਨੇੜਲੀ ਮਿੱਟੀ ਸਹੀ ਮੰਨੀ ਜਾਂਦੀ ਹੈ। ਟਾਹਲੀ ਥੋੜੀ ਖਾਰੀ ਮਿੱਟੀ ਵਿੱਚ ਵੀ ਉੱਗ ਸਕਦੀ ਹੈ। ਇਸਦੇ ਬੂਟੇ ਛਾਂ ਪ੍ਰਤੀ ਅਸਹਿਣਸ਼ੀਲ ਹੁੰਦੇ ਹਨ।
ਟਾਹਲੀ ਦੀ ਖੇਤੀ/Things to consider while growing a tahli tree
ਟਾਹਲੀ ਦਾ ਪ੍ਰਸਾਰ ਆਮ ਤੌਰ 'ਤੇ ਜੜ੍ਹ ਰਾਹੀਂ ਹੁੰਦਾ ਹੈ, ਪਰ ਬੀਜਾਂ ਦੁਆਰਾ ਵੀ ਇਸਨੂੰ ਉਗਾਇਆ ਜਾ ਸਕਦਾ ਹੈ। ਇਸਦੇ ਬੀਜ ਨੂੰ ਬਿਜਾਈ ਤੋਂ ਪਹਿਲਾਂ 48 ਘੰਟਿਆਂ ਲਈ ਪਾਣੀ ਵਿੱਚ ਭਿਉਂਣਾ ਚਾਹੀਦਾ ਹੈ। ਇਸਦੀ ਬਿਜਾਈ ਦੇ 1-3 ਹਫ਼ਤਿਆਂ ਵਿੱਚ ਉਗਣ ਦੀ ਉਮੀਦ ਹੁੰਦੀ ਹੈ। ਬੀਜਾਂ ਦੀ ਉਗਮਣ ਦਰ 60%-80% ਤੱਕ ਹੁੰਦੀ ਹੈ। ਬੀਜਾਂ ਨੂੰ ਥੋੜੀ ਧੁੱਪ ਜਾਂ ਪੂਰੇ ਸੂਰਜ ਦੀ ਲੋੜ ਹੁੰਦੀ ਹੈ। ਟਾਹਲੀ ਜਮੀਨ ਨੂੰ ਉਪਜਾਊ ਬਣਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਟਾਹਲੀ ਹਵਾ ਵਿੱਚੋਂ ਨਾਈਟ੍ਰੋਜਨ ਨੂੰ ਵਰਤ ਕੇ ਜ਼ਮੀਨ ਨੂੰ ਉਪਜਾਊ ਬਣਾਉਂਦੀ ਹੈ। ਭਾਰਤ ਵਿੱਚ, ਟਾਹਲੀ ਦੀ ਲੱਕੜ ਦਾ ਵਪਾਰ ਅਤੇ ਇਸ ਦੀ ਵਰਤੋਂ ਸਰਕਾਰੀ ਪਾਬੰਦੀਆਂ ਦੇ ਅਧੀਨ ਹੈ।
ਅੰਤਰਰਾਸ਼ਟਰੀ ਪੱਧਰ ਟਾਹਲੀ ਦੀ ਲੱਕੜ ਅਤੇ ਵਰਤੋਂ/International level tahli wood and uses
ਟਾਹਲੀ ਦੀ ਲੱਕੜ ਵਿਚ 5 ਫੀਸਦੀ ਤੋਂ ਵਧੇਰੇ ਆਵਾਸ਼ਪਸ਼ੀਲ ਤੇਲ ਹੁੰਦਾ ਹੈ ਜੋ ਇਸ ਨੂੰ ਹਰ ਪੱਖੋਂ ਵਿਸ਼ੇਸ਼ ਬਣਾਉਂਦਾ ਹੈ। ਟਾਹਲੀ ਦੀ ਲੱਕੜ ਅੰਤਰਰਾਸ਼ਟਰੀ ਪੱਧਰ 'ਤੇ ਖੂਬ ਵੇਚੀ ਜਾਂਦੀ ਹੈ ਅਤੇ ਇਹ ਗੁਲਾਬਵੁੱਡ ਜੀਨਸ ਦੇ ਨਾਂ ਨਾਲ ਜਾਣੀ ਜਾਂਦੀ ਹੈ। ਬਿਹਾਰ ਰਾਜ ਵਿਚ ਇਸਦੀ ਕਾਸ਼ਤ ਵਧੇਰੇ ਕੀਤੀ ਜਾਂਦੀ ਹੈ। ਬਿਹਾਰ ਵਿੱਚ ਇਸ ਨੂੰ ਸੜਕਾਂ ਦੇ ਕਿਨਾਰਿਆਂ, ਨਹਿਰਾਂ ਦੇ ਨਾਲ, ਅਤੇ ਚਾਹ ਦੇ ਬਾਗਾਂ ਵਿਚ ਛਾਂਦਾਰ ਰੁੱਖ ਵਜੋਂ ਲਾਇਆ ਜਾਂਦਾ ਹੈ । ਆਮ ਤੌਰ 'ਤੇ ਦੱਖਣੀ ਭਾਰਤੀ ਸ਼ਹਿਰਾਂ ਜਿਵੇਂ ਕਿ ਬੰਗਲੌਰ ਦੇ ਗਲੀ ਮੁਹੱਲਿਆਂ ਵਿਚ ਵੀ ਟਾਹਲੀ ਨੂੰ ਆਮ ਤੌਰ ’ਤੇ ਲਾਇਆ ਜਾਂਦਾ ਹੈ।
ਟਾਹਲੀ ਨੂੰ ਸੁਕਾਉਣ ਦੀ ਪ੍ਰਕਿਰਿਆ/Process of drying tahli
ਟਾਹਲੀ ਦੀ ਲੱਕੜ ਆਮ ਤੌਰ 'ਤੇ ਫਰਨੀਚਰ ਨਿਰਮਾਣ ਵਿੱਚ ਵਰਤੇ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਕਾਈ ਜਾਂਦੀ ਹੈ। ਇਸ ਪ੍ਰਕਿਰਿਆ ਨੂੰ ਆਮ ਤੌਰ 'ਤੇ ਸੀਜ਼ਨਿੰਗ ਕਿਹਾ ਜਾਂਦਾ ਹੈ। ਸਥਾਨਕ ਪੱਧਰ 'ਤੇ, ਇਸ ਨੂੰ ਲਗਭਗ ਛੇ ਮਹੀਨਿਆਂ ਲਈ ਸੂਰਜ ਦੇ ਹੇਠਾਂ ਸੁਕਾਉਣ ਲਈ ਖੁੱਲੇ ਖੇਤਰਾਂ ਵਿੱਚ ਰੱਖ ਦਿੱਤਾ ਜਾਂਦਾ ਹੈ। ਵਪਾਰਕ ਤੌਰ 'ਤੇ, ਇਸ ਨੂੰ ਮੌਸਮ ਦੀਆਂ ਸਥਿਤੀਆਂ ਅਨੁਸਾਰ ਲਗਭਗ 7 ਤੋਂ 15 ਦਿਨਾਂ ਲਈ ਗਰਮ ਹਵਾ ਦੇ ਗੇੜ ਅੰਦਰ ਬੰਦ ਕਮਰੇ ਵਿੱਚ ਸੁਕਾਇਆ ਜਾਂਦਾ ਹੈ।
ਟਾਹਲੀ ਦੀ ਸਾਜ ਬਣਾਉਣ ਲਈ ਖਾਸ ਵਰਤੋਂ/Special uses of tahli for making music instruments
ਟਾਹਲੀ ਦੀ ਲੱਕੜ ਵਧੀਆ ਮਜਬੂਤ ਅਤੇ ਹੰਢਣਸਾਰ ਮੰਨੀ ਜਾਂਦੀ ਹੈ। ਇਹ ਉਹ ਲੱਕੜ ਹੈ ਜਿਸ ਤੋਂ ਅਨੇਕਾਂ ਸਾਜ ਜਿਵੇਂ 'ਮ੍ਰਿਦੰਗਾ' ਸੁਰੰਗੀ ਆਦਿ ਅਨੇਕਾਂ ਸੰਗੀਤਕ ਯੰਤਰ ਬਣਾਏ ਜਾਂਦੇ ਹਨ। ਸੰਗੀਤਕ ਯੰਤਰਾਂ ਤੋਂ ਇਲਾਵਾ, ਇਸ ਦੀ ਵਰਤੋਂ ਉੱਚ ਕੋਟੀ ਦੇ ਫਰਨੀਚਰ, ਬੁੱਤਕਾਰੀ, ਪਾਵੇ, ਹਥੌੜਿਆਂ ਦੇ ਦਸਤੇ, ਰੇਲਵੇ ਦੇ ਸਲੀਪਰ, ਪਲਾਈਵੁੱਡ , ਖੇਤੀਬਾੜੀ ਸੰਦਾਂ, ਫਲੋਰਿੰਗ, ਗੁਲਾਈਆਂ ਆਦਿ ਲਈ ਵੀ ਕੀਤੀ ਜਾਂਦੀ ਹੈ। ਇਹ ਬੇਹੱਦ ਟਿਕਾਊ ਲੱਕੜ ਹੈ। ਬਾਲਣ ਦੀ ਲੱਕੜ ਦੇ ਤੌਰ 'ਤੇ, ਇਸ ਨੂੰ 10 ਤੋਂ 15 ਸਾਲਾਂ ਦੇ ਚੱਕਰ 'ਤੇ ਉਗਾਇਆ ਜਾਂਦਾ ਹੈ। ਟਾਹਲੀ ਦੀ ਲੱਕੜ ਖਾਣਾ ਪਕਾਉਣ ਲਈ ਸ਼ਾਨਦਾਰ ਚਾਰਕੋਲ ਬਣਾਉਣ ਦੇ ਵੀ ਸਮਰੱਥ ਹੈ।
ਪੰਜਾਬੀ ਲੋਕਧਾਰਾ, ਸੱਭਿਆਚਾਰ, ਗੀਤਾਂ, ਲੋਕ ਗੀਤਾਂ, ਅਖਾਣਾਂ ਅਤੇ ਫਿਲਮਾ ਵਿਚ ਟਾਹਲੀ/Tahli in Punjabi folklore, culture, songs, folk songs, akhanas and films
ਪੰਜਾਬੀ ਸਾਹਿਤ ਅਤੇ ਸਭਿਆਚਾਰ ਵਿਚ ਟਾਹਲੀ ਦਾ ਵਿਸ਼ੇਸ਼ ਸਥਾਨ ਹੈ। ਮਨਬੀਰ ਭੁੱਲਰ ਦੀ ਫਿਲਮ ਟਾਹਲੀ ਇਸਦੀ ਵਿਸ਼ੇਸ਼ ਉਦਾਰਨ ਹੈ। ਇਹ ਫਿਲਮ ਟਾਹਲੀ ਵੱਢਣ ਨੂੰ ਲੈ ਕੇ ਦੋ ਭਾਈਚਾਰਿਆਂ ਵਿਚ ਹੁੰਦੀ ਕਤਲੋਗਾਰਤ ਅਤੇ ਖਿੱਚੋਤਾਣ ਦੀ ਸ਼ਾਨਦਾਰ ਕਹਾਣੀ ਹੈ। ਇਹ ਸਾਰੀ ਫਿਲਮ ਟਾਹਲੀ ਦੁਆਲੇ ਹੀ ਘੁੰਮਦੀ ਹੈ। ਇਸੇ ਤਰ੍ਹਾਂ ਸਾਡੇ ਗੀਤਾਂ, ਲੋਕ ਗੀਤਾਂ, ਕਵਿਤਾਵਾਂ, ਲੋਕ ਬੋਲੀਆਂ ਅਤੇ ਲੋਕ ਬਾਤਾਂ ਵਿਚ ਵੀ ਟਾਹਲੀ ਦਾ ਜਿਕਰ ਸਿਰ ਚੜ੍ਹ ਬੋਲਦਾ ਹੈ। ਜਿਵੇਂ ਦੇਖੋ ਨਮੂਨੇ-
ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ
ਗਾਉਣ ਵਾਲੇ ਦਾ ਮੂੰਹ...
ਹਾਣੀਆਂ ਟਾਹਲੀ ’ਤੇ ਘੁੱਗੀ ਕਰੇ ਘੂੰ-ਘੂੰ...
ਹੀਰਿਆਂ ਹਰਨਾਂ ਬਾਗੀਂ ਚਰਨਾ
ਬਾਗਾਂ ਦੇ ਵਿੱਚ ਟਾਹਲੀ
ਸਾਡੇ ਭਾਅ ਦਾ ਰੱਬ ਰੁੱਸਿਆ
ਸਾਡੀ ਰੁਸਗੀ ਝਾਂਜਰਾਂ ਵਾਲੀ
ਉੱਚੀਆਂ ਲੰਮੀਆਂ ਟਾਲੀਆਂ ਵੇ ਹਾਣੀਆਂ...
ਹੇਠ ਵਗੇ ਦਰਿਆ...
ਮੈਂ ਦਰਿਆ ਦੀ ਮਛਲੀ ਸੋਹਣਿਆਂ
ਬਗਲਾ ਬਣ ਕੇ ਆ...
ਉੱਚੀਆਂ-ਲੰਮੀਆਂ ਟਾਹਲੀਆਂ ਵੇ ਕੋਈ ਵਿੱਚ ਗੁਜਰੀ ਦੀ ਪੀਂਘ ਵੇ ਮਾਹੀਆ...
ਕੋਈ ਝੂਟ-ਝੁਟੇਂਦੇ ਦੋ ਜਾਣੇ ਵੇ ਕੋਈ ਆਸ਼ਿਕ ਅਤੇ ਮਸ਼ੂਕ ਵੇ ਮਾਹੀਆ...
ਜਾਂ
ਉੱਚੇ ਟਿੱਬੇ ਮੈਂ ਆਟਾ ਗੁੰਨ੍ਹਾਂ
ਆਟੇ ਨੂੰ ਆ ਗਈ ਲਾਲੀ
ਵੀਰਾ ਨਾ ਵੱਢ ਵੇ
ਸ਼ਾਮਲਾਟ ਦੀ ਟਾਹਲੀ
ਵੀਰਾ ਨਾ ਵੱਢ ਵੇ...
ਕਿੱਕਰ ਦਾ ਮੇਰਾ ਚਰਖਾ ਮਾਏ,
ਟਾਹਲੀ ਦਾ ਬਣਵਾਦੇ
ਇਸ ਚਰਖੇ ਦੇ ਹਿੱਲਣ ਮਝੇਰੂ,
ਮਾਲ੍ਹਾਂ ਬਹੁਤੀਆਂ ਖਾਵੇ
ਚਰਖੀ ਮੇਰੀ ਟਾਹਲੀ ਦੀ ਗੁਝ ਪਵਾਵਾਂ ਤੂਤ ਦੀ
ਮੈਂ ਕੱਤਾ ਚਰਖੀ ਘੂਕਦੀ
ਉੱਚੀ ਟਾਹਲੀ ਉੱਤੇ ਘੁੱਗੀਆਂ ਦਾ ਜੋੜਾ,
ਮਾਵਾਂ ਧੀਆਂ ਦਾ ਲੰਮਾ ਵਿਛੋੜਾ
ਰੱਬਾ ਕਿਤੇ ਮਿਲੀਏ
ਮਿਲੀਏ ਤਾਂ ਮਿਲੀਏ ਮਿਲ ਮੇਰੀਏ ਜਾਨੇ
ਹੁਣ ਤਾਂ ਪੈ ਗਈਆਂ ਵੱਸ ਬਿਗਾਨੇ
ਰੱਬਾ ਕਿਤੇ ਮਿਲੀਏ
ਕੱਲੀ ਹੋਵੇ ਨਾ ਬਣਾਂ ਦੇ ਵਿੱਚ ਟਾਹਲੀ
ਕੱਲਾ ਨਾ ਹੋਵੇ ਪੁੱਤ ਜੱਟ ਦਾ
ਜਾਂ
ਕੌਲ ਕੱਲਰ ਵਿੱਚ ਲੱਗਗੀ ਟਾਹਲੀ
ਵਧਗੀ ਸਰੂੰਆਂ ਸਰੂੰਆਂ
ਆਉਂਦਿਆ ਰਾਹੀਆ ਘੜਾ ਚੁਕਾ ਜਾ
ਕੌਣ ਵੇਲੇ ਦੀਆਂ ਖੜੀਆਂ
ਖੜੀਆਂ ਦੇ ਸਾਡੇ ਪੱਟ ਫੁਲ ਗਏ
ਵੇਖ ਮਚਦੀਆਂ ਤਲੀਆਂ
ਰੂਪ ਕੁਆਰੀ ਦਾ-
ਖੰਡ ਮਿਸ਼ਰੀ ਦੀਆਂ ਡਲੀਆਂ
ਇਸੇ ਤਰ੍ਹਾਂ ਨੰਦ ਲਾਲ ਨੂਰਪੁਰੀ ਨੇ ਆਪਣੇ ਇਕ ਗੀਤ ਵਿਚ ਟਾਹਲੀ ਰੁੱਖ ਦਾ ਚਿੱਤਰਨ ਬਾਖੂਬੀ ਪੇਸ਼ ਕੀਤਾ ਹੈ-
ਇਕ ਪਾਸੇ ਟਾਹਲੀਆਂ ਤੇ ਇਕ ਪਾਸੇ ਬੇਰੀਆਂ,
ਸਾਉਣ ਦਾ ਮਹੀਨਾ, ਪੀਂਘਾਂ ਤੇਰੀਆਂ ਤੇ ਮੇਰੀਆਂ ।
ਟਾਹਲੀ ਮੇਰੇ ਬੱਚੜੇ ਲੱਕ ਟੁਣੂ...ਟੁਣੂ... ਲੋਕ ਸਾਹਿਤ ਦੀ ਸ਼ਾਨਦਾਰ ਬਾਲ ਕਹਾਣੀ
ਟਾਹਲੀ ਮੇਰੇ ਬੱਚੜੇ ਲੱਕ ਟੁਣੂ...ਟੁਣੂ...ਪੰਜਾਬੀ ਲੋਕ ਸਾਹਿਤ ਦੀ ਇੱਕ ਸ਼ਾਨਦਾਰ ਬਾਲ ਕਹਾਣੀ ਹੈ ਜਿਸ ਵਿਚ ਟਾਹਲੀ ਦਾ ਜਿਕਰ ਵਾਰ ਮਿਲਦਾ। ਇਸ ਕਹਾਣੀ ਵਿੱਚ ਦੋ ਪਾਤਰ ਤੋਤਾ ਅਤੇ ਤੋਤੀ ਆਪਸ ਵਿੱਚ ਗੱਲਾਂ ਕਰਦੇ ਹਨ।
ਬਾਗ ਦੇ ਵਿਚ ਬੈਠੇ ਸ਼ਿਕਾਰੀਆਂ ਤੋਂ ਡਰਦੀ ਤੋਤੀ ਤੋਤੇ ਨੂੰ ਚੋਗਾ ਚੁਗਣ ਜਾਣ ਤੋਂ ਰੋਕਦੀ ਹੈ ਅਤੇ ਆਖਦੀ ਹੈ ਕਿ -
ਵੇ ਤੋਤਿਆ ਮਨ ਮੋਤਿਆ.. ਤੂੰ ਚੋਗ ਚੁਗਣ ਨਾ ਜਾ
ਚੋਗਾ ਵਾਲੇ ਡਾਢੜੇ.. ਵੇ ਲੈਂਦੇ ਫਾਹੀਆਂ ਪਾ
ਤੋਤਾ ਤੋਤੀ ਦੀ ਗੱਲ ਨਹੀਂ ਮੰਨਦਾ ਅਤੇ ਉੱਡ ਕੇ ਚੋਗ ਚੁਗਣ ਚਲਿਆ ਜਾਂਦਾ ਹੈ। ਤੋਤੀ ਉਸਦੇ ਮਗਰ ਉੱਡਦੀ ਹੈ ਅਤੇ ਤੋਤਾ ਉਸਨੂੰ ਘਰ ਮੋੜ ਜਾਣ ਲਈ ਕਹਿੰਦਾ ਹੈ ਅਤੇ ਆਖਦਾ ਹੈ ਕਿ -
ਮੈਂ ਜਿਉਂਦਾ ਮੈਂ ਜਾਗਦਾ
ਤੂੰ ਘਰ ਚਲ ਮੈਂ ਆਂਵਦਾ
ਤੋਤਾ ਤੋਤੀ ਦੀ ਗੱਲ ਨਹੀਂ ਮੰਨਦਾ ਅਤੇ ਬਾਗ ਦੇ ਵਿੱਚ ਚਲਾ ਜਾਂਦਾ ਹੈ। ਬਾਗ ਦੇ ਵਿੱਚ ਸ਼ਿਕਾਰੀ ਫਾਹੀ ਲਾ ਕੇ ਬੈਠਾ ਹੁੰਦਾ ਹੈ ਅਤੇ ਉਹ ਤੋਤੇ ਨੂੰ ਫੜ ਲੈਂਦਾ ਹੈ। ਫਸਿਆ ਹੋਇਆ ਤੋਤਾਂ ਸ਼ਿਕਾਰੀ ਨੂੰ ਆਪਣੇ ਬੱਚਿਆਂ ਦਾ ਵਾਸਤਾ ਪਾ ਕੇ ਕਹਿੰਦਾ ਹੈ ਕਿ -
ਟਾਹਲੀ ਮੇਰੇ ਬਚੜੇ ਲੱਕ ਟੁਣ... ਟੁਣੂ...
ਮੀਂਹ ਪਿਆ ਭਿੱਜ ਜਾਣਗੇ ਲੱਕ ਟੁਣੂ...ਟੁਣੂ...
ਹਵਾ ਆਈ ਉੱਡ ਜਾਣਗੇ ਲੱਕ ਟੁਣੂ...ਟੁਣੂ...
ਟਾਹਲੀ ਮੇਰੇ ਬਚੜੇ ਲੱਕ ਟੁਣੂ...ਟੁਣੂ
ਪੰਜਾਬੀ ਅਖਾਣਾਂ ਵਿਚ ਟਾਹਲੀ/Tahli in Punjabi akhanas
ਪੰਜਾਬੀ ਅਖਾਣਾ ਵਿਚ ਵੀ ਟਾਹਲੀ ਦਾ ਜਿਕਰ ਮਿਲਦਾ ਹੈ ਦੇਖੋ ਨਮੂਨਾ
ਕਾਵਾਂ ਦੇ ਬੱਚੇ ਟਾਹਲੀਆਂ ’ਤੇ ਰਹਿਣ
ਇਸ ਸਭ ਤੋਂ ਇਲਾਵਾ ਸਾਡੇ ਅਨੇਕਾਂ ਗੁਰੂ ਘਰਾਂ ਦਾ ਨਾਂ ਟਾਹਲੀ ਦੇ ਨਾਂ ਤੇ ਰੱਖਿਆ ਹੋਇਆ ਹੈ। ਟਾਹਲੀ ਸਹਿਬ ਦੇ ਨਾਂ ’ਤੇ ਪੰਜਾਬ ਦੇ ਵਿਚ ਕਈ ਗੁਰਦਆਰਾ ਸਾਹਿਬ ਮੌਜੂਦ ਹਨ।
ਵੱਖ-ਵੱਖ ਦਵਾਈਆਂ ਵਿਚ ਟਾਹਲੀ ਦੀ ਵਰਤੋਂ/Use of tahli in various medicines
ਟਾਹਲੀ ਰੁੱਖ ਦੇ ਬੀਜ, ਤੇਲ, ਪਾਊਡਰ, ਪੱਤੇ ਅਤੇ ਲੱਕੜ ਕਈ ਤਰਾਂ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਵਰਤੀ ਜਾਂਦੀ ਹੈ। ਟਾਹਲੀ ਦੇ ਸਹੀ ਇਸਤੇਮਾਲ ਨਾਲ ਬਹੁਤ ਸਾਰੀਆਂ ਬੀਮਾਰੀਆਂ ਵਿਚ ਲਾਭ ਲਿਆ ਜਾ ਸਕਦਾ ਹੈ।
ਟਾਹਲੀ ਦੇ ਤੇਲ ਨਾਲ ਚਮੜੀ ਰੋਗਾਂ ਦਾ ਇਲਾਜ/Treatment of skin diseases with tahli oil
ਚੰਬਲ਼ ਜਾਂ ਸਰੀਰ ’ਤੇ ਖਾਜ ਦੀ ਸਮੱਸਿਆ ਹੋਵੇ ਤਾਂ ਟਾਹਲੀ ਦਾ ਤੇਲ਼ ਬਹੁਤ ਵਧੀਆ ਅਸਰ ਦਿਖਾਉਂਦਾ ਹੈ। ਟਾਹਲ਼ੀ ਦਾ ਤੇਲ਼ ਆਪਾਂ ਘਰ ਵੀ ਕੱਢ ਸਕਦੇ ਹਾਂ ਪਰ ਉਸ ਦਾ ਢੰਗ ਥੋੜ੍ਹਾ ਔਖਾ ਹੈ ਮਿਹਨਤ ਬਹੁਤ ਹੈ ਇਸ ਲਈ ਤੁਸੀਂ ਬਜ਼ਾਰ ’ਚੋਂ ਬਣਿਆ-ਬਣਾਇਆ ਲੈ ਕੇ ਵਰਤ ਸਕਦੇ ਹੋ। ਚੰਬਲ ਅਤੇ ਖਾਜ ਦੇ ਰੋਗ ਵਿਚ ਟਾਹਲ਼ੀ ਦਾ ਤੇਲ਼ ਅਤੇ ਸ਼ੁੱਧ ਨਾਰੀਅਲ਼ ਦਾ ਤੇਲ਼ ਮਿਲਾ ਕੇ ਰੱਖ ਲਵੋ। ਰੋਜ਼ ਸਵੇਰੇ-ਸ਼ਾਮ ਮਾਲਿਸ਼ ਕਰੋ। ਇਸ ਦੇ ਨਾਲ਼ ਹੀ ਟਾਹਲ਼ੀ ਦੇ ਤੇਲ਼ ਦੀਆਂ 2-2 ਬੂੰਦਾਂ ਪਤਾਸੇ ’ਚ ਪਾ ਕੇ ਖਾਉ। ਇਹ ਚਮੜੀ ਰੋਗਾਂ ਵਿਚ ਬਹੁਤ ਹੀ ਫਾਇਦਾ ਕਰਦਾ ਹੈ।
ਟਾਹਲੀ ਦੇ ਤੇਲ ਨਾਲ ਸਰੀਰ ਦੀ ਜਲਨ ਦਾ ਇਲਾਜ/Treatment of body burns with tahli oil
ਕਈ ਮਰਦਾ ਜਾਂ ਔਰਤਾਂ ਦੇ ਸਰੀਰ ਵਿੱਚ ਜਲਨ ਦੀ ਸ਼ਿਕਾਇਤ ਰਹਿੰਦੀ ਹੈ। ਜੇਕਰ ਸਰੀਰ ਦੇ ਜਿਸ ਅੰਗ ਵਿਚ ਜਲਨ ਹੋਵੇ ਉੱਥੇ ਅੱਗੇ ਟਾਹਲੀ ਦਾ ਤੇਲ ਪਾਇਆਂ ਜਲਨ ਠੀਕ ਹੋ ਜਾਂਦੀ ਹੈ।
ਖੂਨ ਦੀ ਸਫਾਈ ਲਈ ਟਾਹਲੀ ਦਾ ਬੂਰਾ/
ਜੇਕਰ ਆਮ ਖਾਜ ਜਿਹੜੀ ਵਾਰ-ਵਾਰ ਹੋਵੇ ਤਾਂ ਟਾਹਲ਼ੀ ਦਾ ਬੁਰਾਦਾ ਜੋ ਤੁਹਾਨੂੰ ਲੱਕੜ ਦੇ ਆਰੇ ’ਤੇ ਅਸਾਨੀ ਨਾਲ਼ ਮਿਲ਼ ਜਾਵੇਗਾ, ਦੋ ਕਿਲੋ ਟਾਹਲ਼ੀ ਦਾ ਬੁਰਾਦਾ, 6 ਕਿਲੋ ਪਾਣੀ ’ਚ ਭਿਉਂ ਕੇ ਰੱਖ ਦਿਉ। ਦੂਜੇ ਦਿਨ ਇਹਨੂੰ ਉਬਾਲਾ ਦਿਉ। ਜਦੋਂ ਪਾਣੀ 3 ਕਿਲੋ ਰਹਿ ਜਾਵੇ ਤਾਂ ਇਹ ਛਾਣ ਲਵੋ। ਇਹਦੇ ਵਿੱਚ ਡੇਢ ਕਿੱਲੋ ਖੰਡ ਬੂਰਾ ਪਾ ਕੇ ਚੰਗੀ ਤਰ੍ਹਾਂ ਫੈਂਟ ਲਵੋ। ਇਹ ਇੱਕ ਸ਼ਰਬਤ ਤਿਆਰ ਹੋ ਜਾਵੇਗਾ। 2-3 ਚਮਚ ਤਿੰਨ ਟਾਈਮ ਲਵੋ। ਖੂਨ ਦੀ ਸਫਾਈ ਹੋ ਕੇ, ਚਮੜੀ ਰੋਗ ਖਤਮ ਹੋ ਜਾਵੇਗਾ।
ਟਾਹਲੀ ਦੇ ਪੱਤਿਆਂ ਨਾਲ ਔਰਤਾਂ ਦੀਆਂ ਛਾਤੀਆਂ ਦੀ ਸੋਜ਼ ਦੇ ਇਲਾਜ/Treatment of swelling of women's breasts with tahli leaves
ਇਸਦੇ ਪੱਤੇ ਗਰਮ ਕਰਕੇ ਛਾਤੀਆਂ ’ਤੇ ਬੰਨ੍ਹੋ ਤੇ ਇਸ ਦੇ ਕਾੜ੍ਹੇ ਨਾਲ਼ ਛਾਤੀਆਂ ਧੋਣ ਨਾਲ਼ ਸੋਜ਼ ਉੱਤਰ ਜਾਂਦੀ ਹੈ। ਇਸਦੇ ਪੱਤਿਆਂ ਦਾ 50 ਮਿ.ਲੀ. ਕਾੜ੍ਹਾ ਤੁਹਾਡੇ ਪੇਸ਼ਾਬ ਦੀ ਜਲ਼ਣ, ਪੱਥਰੀ ਦਾ ਦਰਦ ਠੀਕ ਕਰ ਸਕਦਾ ਹੈ।
ਟਾਹਲੀ ਦੇ ਪੱਤਿਆਂ ਨਾਲ ਮਾਹਵਾਰੀ ਦੌਰਾਨ ਜ਼ਿਆਦਾ ਖੂਨ ਪੈਣ ਦਾ ਇਲਾਜ/Treatment of excessive bleeding during menstruation with tahli leaves
8-10 ਪੱਤੇ ਤੇ 20 ਗ੍ਰਾਮ ਮਿਸ਼ਰੀ ਮਿਲਾ ਕੇ ਘੋਟੋ, ਚੱਟਣੀ ਵਾਂਗ ਹੋਣ ’ਤੇ ਖਾ ਲਵੋ। ਕੁਝ ਦਿਨ ਖਾਣ ਨਾਲ਼ ਜ਼ਿਆਦਾ ਪੈਣ ਵਾਲਾ ਖੂਨ ਸਧਾਰਨ ਅਵਸਥਾ ’ਚ ਆ ਜਾਂਦਾ ਹੈ। ਔਰਤਾਂ ’ਚ ਸਫੈਦ ਪਾਣੀ ਪੈਣਾ ਵੀ ਹਟ ਜਾਂਦਾ ਹੈ। ਇਹੀ ਨੁਸਖਾ ਪੁਰਸ਼ਾਂ ਦੀ ਧਾਂਤ ਪੈਣ ’ਤੇ ਵੀ ਕੰਮ ਕਰਦਾ ਹੈ।
ਮਹਾਂਵਾਰੀ, ਸਫੈਦ ਪਾਣੀ, ਧਾਂਤ ਰੋਗ ਅਤੇ ਪੇਸ਼ਾਬ ਦੇ ਰੋਗਾਂ ਵਿਚ ਟਾਹਲੀ ਦੇ ਪੱਤੇ/Tahli leaves for menstruation, white water, dental diseases and urinary diseases
ਇਸਦੇ ਪੱਤਿਆਂ ਦਾ 50 ਮਿ.ਲੀ. ਕਾੜ੍ਹਾ ਤੁਹਾਡੇ ਪੇਸ਼ਾਬ ਦੀ ਜਲ਼ਣ, ਪੱਥਰੀ ਦਾ ਦਰਦ ਠੀਕ ਕਰ ਸਕਦਾ ਹੈ। ਟਾਹਲੀ ਦੇ 8-10 ਪੱਤੇ ਤੇ 20 ਗ੍ਰਾਮ ਮਿਸ਼ਰੀ ਮਿਲਾ ਕੇ ਘੋਟੋ, ਚੱਟਣੀ ਵਾਂਗ ਹੋਣ ’ਤੇ ਖਾ ਲਵੋ। ਕੁਝ ਦਿਨ ਖਾਣ ਨਾਲ਼ ਮਹਾਵਾਰੀ ਸਬੰਧੀ ਸਮੱਸਿਆਵਾਂ ਅਤੇ ਔਰਤਾਂ ’ਚ ਸਫੈਦ ਪਾਣੀ ਪੈਣ ਦਾ ਰੋਗ ਹਟ ਜਾਂਦਾ ਹੈ। ਇਹੀ ਨੁਸਖਾ ਪੁਰਸ਼ਾਂ ਦੀ ਧਾਂਤ ਪੈਣ ’ਤੇ ਵੀ ਕੰਮ ਕਰਦਾ ਹੈ। ਇਸ ਤੋਂ ਇਲਾਵਾ ਪਿਸ਼ਾਬ ਰੋਗ ਜਿਵੇਂ ਪੇਸ਼ਾਬ ਦਾ ਰੁਕ-ਰੁਕ ਆਉਣਾ, ਪੇਸ਼ਾਬ ਵਿਚ ਜਲਨ ਹੋਣਾ, ਪੇਸ਼ਾਬ ਵਿਚ ਦਰਦ ਹੋਣਾ ਇਸ ਲਈ 20-40 ਮਿਲੀ ਟਾਹਲੀ ਦੇ ਪੱਤਿਆਂ ਦਾ ਕਾੜ੍ਹਾ ਦਿਨ ਵਿੱਚ 3 ਵਾਰ ਪੀਓ। ਇਨਾਂ ਰੋਗਾਂ ਵਿਚ ਲਾਭ ਹੁੰਦਾ ਹੈ।
ਲਕੋਰੀਆ ਦੇ ਇਲਾਜ ਲਈ ਟਾਹਲੀ ਦੇ ਪੱਤੇ/Tahli leaves for the treatment of leucorrhea
ਲਕੋਰੀਆ ਦੇ ਇਲਾਜ ਵਿੱਚ ਵੀ ਟਾਹਲੀ ਦੇ ਕਾਫੀ ਫਾਇਦੇ ਮਿਲਦੇ ਹਨ। ਟਾਹਲੀ ਦੇ 8-10 ਪੱਤੇ ਅਤੇ 25 ਗ੍ਰਾਮ ਮਿਸ਼ਰੀ ਨੂੰ ਮਿਲਾ-ਪੀਸ ਕੇ ਸਵੇਰੇ ਵੇਲੇ ਵਰਤੋਂ ਕਰੋ ਲਕੋਰੀਆ ਠੀਕ ਹੋ ਜਾਂਦਾ ਹੈ।
ਹੱਥਾ ਪੈਰਾਂ ’ਚ ਜਲ਼ਣ ਦੇ ਇਲਾਜ ਲਈ ਟਾਹਲੀ ਦੇ ਪੱਤੇ/Tahli leaves for the treatment of burning in the hands and feet
ਜਿਵੇਂ ਪੈਰਾਂ ’ਚੋਂ ਸੇਕ ਨਿੱਕਲਣਾ, ਅੱਖਾਂ ’ਚ ਜਲ਼ਣ, ਸਰੀਰ ’ਚੋਂ ਗਰਮ ਸੇਕ ਨਿੱਕਲਣਾ ਅਜਿਹੇ ਰੋਗਾਂ ’ਚ ਰੋਜ਼ 10 ਪੱਤੇ ਟਾਹਲ਼ੀ ਦੇ ਜੋ ਨਰਮ-ਨਰਮ ਹੋਣ ਉਹ ਚਬਾਉ। ਟਾਹਲੀ ਦੇ ਪੱਤਿਆਂ ਨੂੰ ਕੁੱਟ ਕੇ ਚੱਟਣੀ ਵਾਂਗ ਬਣਾ ਕੇ ਪੈਰਾਂ ’ਤੇ ਲੇਪ ਕਰੋ। ਲਗਾਤਾਰ ਵਰਤਣ ਨਾਲ ਅਰਾਮ ਮਿਲਦਾ ਹੈ। ਸ਼ਰਤ ਇਹ ਹੈ ਕਿ ਚਾਹ, ਕੌਫੀ ਤੇ ਗਰਮ ਚੀਜ਼ਾਂ ਦਾ ਸਖਤੀ ਨਾਲ਼ ਪਰਹੇਜ਼ ਕੀਤਾ ਜਾਵੇ।
ਪੇਟ ਦੀ ਜਲਨ ਵਿੱਚ ਟਾਹਲੀ ਦੇ ਲਾਭ/Benefits of tahli in stomach burns
ਟਾਹਲੀ ਦੇ ਨਾਲ ਅਸੀਂ ਪੇਟ ਦੇ ਜਲਣ ਦਾ ਇਲਾਜ ਕਰ ਸਕਦੇ ਹਾਂ। ਇਸ ਲਈ 10-15 ਮਿਲੀ ਗਰਾਮ ਟਾਹਲੀ ਦੇ ਪਤਿਆਂ ਦਾ ਰਸ ਪੀਣ ਨਾਲ ਪੇਟ ਦੀ ਜਲਨ ਠੀਕ ਹੋ ਜਾਂਦੀ ਹੈ।
ਅੱਖਾਂ ਦੀ ਬਿਮਾਰੀ ਲਈ ਟਾਹਲੀ ਦੇ ਪੱਤਿਆਂ ਦੇ ਫਾਇਦੇ
ਟਾਹਲੀ ਦੇ ਪੱਤਿਆਂ ਦੇ ਰਸ ਵਿਚ ਸ਼ਹਿਦ ਮਿਲਾ ਕੇ 1-2 ਬੂੰਦਾਂ ਵਿੱਚ ਅੱਖਾਂ ਵਿੱਚ ਪਾਉਣ ਨਾਲ ਅੱਖਾਂ ਦੀ ਜਲਨ ਤੋਂ ਆਰਾਮ ਮਿਲਦਾ ਹੈ।
ਬੁਖਾਰ ਠੀਕ ਕਰਨ ਲਈ ਟਾਹਲੀ ਦੇ ਰੁੱਖ ਦੀ ਵਰਤੋਂ/To cure fever: Uses of the Tahli Tree
ਹਰ ਤਰ੍ਹਾਂ ਦੇ ਬੁਖਾਰ ਵਿੱਚ ਟਾਹਲੀ ਦੇ ਗੁਣਾਂ ਦਾ ਲਾਭ ਮਿਲਦਾ ਹੈ। ਟਾਹਲੀ ਦਾ ਸਾਰ 20 ਗ੍ਰਾਮ, ਪਾਣੀ, 320 ਦੁੱਧ ਵਿੱਚ ਪਕਾਉ। ਇਹ ਮਿਸ਼ਰਣ ਦਿਨ ਵਿਚ 3 ਵਾਰ ਪਿਲਾਓ ਬੁਖਾਰ ਠੀਕ ਹੋ ਜਾਵੇਗਾ।
ਅਨੀਮੀਆ ਵਿੱਚ ਟਾਹਲੀ ਦੇ ਦਰੱਖਤ ਦੀ ਚਿਕਿਤਸਕ ਵਰਤੋਂ/Medicinal Uses of the Tahli Tree in Anemia
ਐਨੀਮੀਆ ਨੂੰ ਠੀਕ ਕਰਨ ਲਈ 10-15 ਮਿਲੀ ਟਾਹਲੀ ਦੇ ਪਤਿਆਂ ਦਾ ਰਸ ਲਓ। ਇਹ ਸਵੇਰ ਅਤੇ ਸ਼ਾਮ ਲੈਣ ਨਾਲ ਐਨੀਮੀਆ ਵਿਚ ਲਾਭ ਹੁੰਦਾ ਹੈ।
ਟਾਹਲੀ ਦੀਆਂ ਟਾਹਣੀਆਂ ਦਾਤਣ ਵਜੋਂ/Tahli Branches as a Datun and brush
ਰਵਾਇਤੀ ਤੌਰ 'ਤੇ, ਟਾਹਲੀ ਰੁੱਖ ਦੀਆਂ ਟਾਹਣੀਆਂ (ਜਿਸ ਨੂੰ ਦਾਤਣ ਕਿਹਾ ਜਾਂਦਾ ਹੈ) ਨੂੰ ਦੰਦਾਂ ਦੇ ਬੁਰਸ਼ ਵਜੋਂ ਬਾਖੂਬੀ ਵਰਤਿਆ ਜਾਂਦਾ ਹੈ। ਇਸ ਦੇ ਨਾਲ-ਨਾਲ ਇਹਨਾਂ ਨੂੰ ਜੀਭ ਸਾਫ਼ ਕਰਨ ਲਈ ਵੀ ਵਰਤਿਆ ਜਾਂਦਾ ਹੈ । ਇਹ ਅਭਿਆਸ ਪੰਜਾਬ ਪਾਕਿਸਤਾਨ, ਅਫਰੀਕਾ ਅਤੇ ਮੱਧ ਪੂਰਬ ਵਿੱਚ ਸਦੀਆਂ ਤੋਂ ਕੀਤਾ ਜਾ ਰਿਹਾ ਹੈ। ਭਾਰਤ ਦੀ ਪੇਂਡੂ ਆਬਾਦੀ ਅੱਜ ਵੀ ਆਪਣੇ ਦਿਨ ਦੀ ਸ਼ੁਰੂਆਤ ਟਾਹਲੀ ਦੀ ਦਾਤਣ ਨਾਲ ਦੰਦਾਂ ਦੀ ਸਫਾਈ ਕਰਕੇ ਕਰਦੇ ਹਨ। ਅਨੇਕਾਂ ਦੇਸ਼ਾਂ ਵਿੱਚ, ਟਾਹਲੀ ਦੀਆਂ ਦਾਤਣਾਂ ਅਤੇ ਟਹਿਣੀਆਂ ਅੱਜ ਵੀ ਬਾਜਾਰ ਵਿਚ ਖੂਬ ਵੇਚੀਆਂ ਜਾਂਦੀਆਂ ਹਨ।
ਨੋਟ- ਟਾਹਲੀ/Tahli ਦੇ ਕਿਸੇ ਵੀ ਹਿੱਸੇ ਨੂੰ ਦਵਾਈ ਵਜੋਂ ਵਰਤਣ ਤੋਂ ਪਹਿਲਾਂ ਸਿਹਤ ਮਾਹਰ ਦੀ ਸਲਾਹ ਜਰੂਰ ਲਵੋ। ਇਹ ਸਾਰੀ ਜਾਣਕਾਰੀ ਇੰਟਰਨੈੱਟ ਉੱਤੇ ਉਪਲੱਭਦ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਕਰਕੇ ਟਰਾਂਸਲੇਟ ਕੀਤੀ ਗਈ ਹੈ। ਅਸੀਂ ਇਸ ਦੀ ਸਟੀਕਤਾ ਦਾ ਕੋਈ ਦਾਅਵਾ ਨਹੀਂ ਕਰਦੇ।
Post a Comment