ਕਚਨਾਰ ਦੇ ਅਨੇਕਾਂ ਸਿਹਤ ਲਾਭ /The Kachnar tree is a boon for health

The Kachnar tree is a boon for health

ਪੰਜਾਬੀ ਸਾਹਿਤ ਵਿਚ ਕਚਨਾਰ ਦਾ ਵਿਸ਼ੇਸ਼ ਸਥਾਨ ਅਤੇ ਇਸਦੇ ਅਣਗਿਣਤ ਸਿਹਤ ਲਾਭ


ਸਾਡੇ ਦੇਸ਼ ਵਿਚ ਕਚਨਾਰ ਮੁੱਖ ਪ੍ਰਜਾਤੀਆਂ ਹਨ। ਇਹ ਪ੍ਰਜਾਤੀਆਂ Bauhinia variegata, Bauhinia Purpurea ਅਤੇ Bauhinia Blakeana ਹਨ। ਕਚਨਾਰ ਨੂੰ ਕੈਮਲ ਫੁੱਟ ਟਰੀ, ਬਟਰਫਲਾਈ ਟਰੀ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਪਾਲ ਵਿੱਚ ਇਸ ਰੁੱਖ ਨੂੰ ਕੋਇਰਾਲੋ ਕਿਹਾ ਜਾਂਦਾ ਹੈ। ਫੁੱਲ ਨੂੰ ਨੇਪਾਲੀ ਭਾਸ਼ਾ ਵਿੱਚ ਕੋਇਰਾਲੋ ਕੋ ਫੂਲ ਕਿਹਾ ਜਾਂਦਾ ਹੈ। ਕਚਨਾਰ ਫੈਬੇਸੀ ਪਰਿਵਾਰ ਵਿੱਚ ਫੁੱਲਦਾਰ ਪੌਦੇ ਦੀ ਇੱਕ ਪ੍ਰਜਾਤੀ ਹੈ। ਇਹ ਭਾਰਤ, ਚੀਨ ਦੱਖਣ-ਪੂਰਬੀ ਏਸ਼ੀਆ ਤੱਕ ਦੇ ਖੇਤਰਾਂ ਦਾ ਮੂਲ ਰੁੱਖ ਹੈ। ਕਚਨਾਰ ਦੀਆਂ ਤਿੰਨ ਮੁੱਖ ਕਿਸਮਾਂ ਲੱਗਭਗ ਸਾਰੇ ਭਾਰਤ ਵਿਚ ਮਿਲਦੀਆਂ ਹਨ।

1. Bauhinia variegata ਪ੍ਰਜਾਤੀ

ਇਸ ਪ੍ਰਜਾਤੀ ਨੂੰ ਮਾਰਚ ਮਹੀਨੇ ਵਿਚ ਫੁੱਲ ਲਗਦੇ ਹਨ ਅਤੇ ਇਸ ਨੂੰ ਫਲੀਆਂ ਵੀ ਲੱਗਦੀਆਂ ਹਨ।

2. Bauhinia Purpurea ਪ੍ਰਜਾਤੀ
ਇਸ ਪ੍ਰਜਾਤੀ ਨੂੰ ਅਕਤੂਬਰ ਮਹੀਨੇ ਵਿਚ ਫੁੱਲ ਲੱਗਦੇ ਹਨ ਅਤੇ ਇਨ੍ਹਾਂ ਫੁੱਲਾਂ ਨੂੰ ਫਲੀਆਂ ਵੀ ਪੈਂਦੀਆਂ ਹਨ।

3. Bauhinia Blakeana ਪ੍ਰਜਾਤੀ 
ਇਹ ਪ੍ਰਜਾਤੀ ਤਿਆਰ ਕੀਤੀ ਗਈ ਪ੍ਰਜਾਤੀ ਹੈ ਅਤੇ ਇਹ ਬਾਂਂਝ ਹੈ। ਇਸ ਨੂੰ ਫਲੀਆਂ ਨਹੀਂ ਸਿਰਫ ਫੁੱਲ ਹੀ ਲੱਗਦੇ ਹਨ।

ਕਚਨਾਰ ਦਾ ਅਕਾਰ, ਫੁਲ, ਫਲ ਅਤੇ ਫਲੀਆਂ

 ਇਹ ਰੁੱਖ ਦਰਮਿਆਨੇ ਆਕਾਰ ਦਾ ਹੁੰਦਾ ਹੈ, ਜੋ 10-12 ਮੀਟਰ (33-39 ਫੁੱਟ) ਤੱਕ ਵਧ ਸਕਦਾ ਹੈ। ਇਹ ਖੁਸ਼ਕ ਮੌਸਮ ਵਿੱਚ ਆਪਣੇ ਪੱਤੇ ਝਾੜਦਾ ਹੈ । ਇਸਦੇ ਪੱਤੇ 10-20 ਸੈਂਟੀਮੀਟਰ  ਤਿਤਲੀ ਅਕਾਰ ਦੇ ਕੁਝ ਗੁਲਾਈ ਵਿਚ ਹੁੰਦੇ ਹਨ। ਇਸੇ ਲਈ ਇਸ ਨੂੰ ਬਟਰਫਲਾਈ ਟਰੀ ਵੀ ਕਿਹਾ ਜਾਂਦਾ ਹੈ।  ਇਸਦੇ ਫੁੱਲ ਚਮਕਦਾਰ ਗੁਲਾਬੀ ਜਾਂ ਚਿੱਟੇ ਰੰਗ ਦੇ ਹੁੰਦੇ ਹਨ।  ਫੁੱਲਾਂ ਦਾ ਵਿਆਸ 8-12 ਸੈਂਟੀਮੀਟਰ ਅਤੇ ਆਮ ਤੌਰ ’ਤੇ ਪੰਜ ਪੱਤੀਆਂ ਵਾਲੇ ਹੁੰਦੇ ਹਨ । ਇਸ ਦੀ ਫਲੀ 15-30 ਸੈਂਟੀਮੀਟਰ ਦੇ ਕਰੀਬ ਲੰਬੀ ਅਕਾਰ ਵਿਚ ਚਪਟੀ ਹੁੰਦੀ ਹੈ , ਜਿਸ ਵਿੱਚ ਕਈ ਬੀਜ ਹੁੰਦੇ ਹਨ । ਬੀਜਾਂ ਵਾਲੀ ਫਲੀ ਪੱਕਣ ਤੋਂ ਬਾਅਦ ਦਰੱਖਤ 'ਤੇ ਪੂਰੀ ਤਰ੍ਹਾਂ ਸੁੱਕ ਅਤੇ ਮੁੜ ਜਾਂਦੀ ਹੈ।

ਕਚਨਾਰ ਦਾ ਮੂਲ ਸਥਾਨ

ਕਚਨਾਰ ਗਰਮਖੰਡੀ ਦੇਸ਼ਾਂ ਦਾ ਰੁੱਖ ਹੈ। ਇਹ ਇੱਕ ਬਹੁਤ ਹੀ ਪ੍ਰਸਿੱਧ ਸਜਾਵਟੀ ਰੁੱਖ ਹੈ। ਇਸਦੇ ਸੁਗੰਧਿਤ ਫੁੱਲ ਕਾਫੀ ਮਨਮੋਹਕ ਹੁੰਦੇ ਹਨ । ਜਦੋਂ ਇਸਦੇ ਫੁੱਲ, ਵਿਕਸਤ ਹੋ ਜਾਂਦੇ ਹਨ ਤਾਂ ਉਨ੍ਹਾਂ ਵਿੱਚ ਮੁਕੁਲ ਬਣ ਜਾਂਦੇ ਹਨ, ਜਿੰਨਾ ਨੂੰ ਖਾਣ ਲਈ ਵੀ ਵਰਤਿਆ ਜਾਂਦਾ ਹੈ । ਕਚਨਰ ਦੇ ਦਰੱਖਤ ਦੇ ਸਾਰੇ ਹਿੱਸੇ, ਜੜ੍ਹਾਂ, ਸੱਕ, ਤਣੇ, ਪੱਤੇ, ਫੁੱਲ ਅਤੇ ਬੀਜ ਲਾਭਦਾਇਕ ਪੌਸ਼ਟਿਕ ਤੱਤਾਂ ਅਤੇ ਚਿਕਿਤਸਕ ਮਿਸ਼ਰਣਾਂ ਨਾਲ ਭਰਪੂਰ ਹੁੰਦੇ ਹਨ, ਜੋ ਸਾਡੀ ਸਿਹਤ ਅਤੇ ਤੰਦਰੁਸਤੀ ਲਈ ਅਨੇਕਾਂ ਲਾਭ ਪ੍ਰਦਾਨ ਕਰਦੇ ਹਨ। ਕਚਨਾਰ ਦੇ ਰੁੱਖ ਭਾਰਤ, ਚੀਨ, ਇੰਡੋਨੇਸ਼ੀਆ, ਥਾਈਲੈਂਡ, ਸ਼੍ਰੀਲੰਕਾ ਵਿਚ ਵਧੇਰੇ ਪਾਏ ਜਾਂਦੇ ਹਨ। 

ਪੰਜਾਬੀ ਸਾਹਿਤ ਅਤੇ ਅਖਾਣਾਂ ਵਿਚ ਕਚਨਾਰ ਦਾ ਵਿਸ਼ੇਸ਼ ਸਥਾਨ 


ਪੰਜਾਬੀ ਗੀਤਾਂ, ਲੋਕ ਗੀਤਾਂ ਅਤੇ ਕਵਿਤਾਵਾ ਵਿਚ ਕਚਨਾਰ ਅਤੇ ਇਸਦੀ ਖੂਬਸੂਰਤੀ ਦਾ ਜਿਕਰ ਅਕਸ ਮਿਲਦਾ ਹੈ। 
ਖਿੜ-ਖਿੜ ਫੁੱਲਾ ਕਚਨਾਰ ਦਿਆ
ਕੂਲਾਂ ਵਗਦੀਆਂ ਓ, ਖਿੜ-ਖਿੜ ਫੁੱਲਾ ਕਚਨਾਰ ਦਿਆ 
ਅਸੀਂ ਅੱਥਰੂ ਵੀ ਬੀਜੇ, ਅਸੀਂ ਮੁੜ੍ਹਕਾ ਵੀ ਬੀਜਿਆ 
ਤੇਰੀਆਂ ਰੁੱਤਾਂ ਦਾ ਹਾਲਾਂ, ਚਿੱਤ ਨਹੀਂ ਰੀਝਿਆ 
ਸਾਡੇ ਖ਼ਾਬਾਂ ਵਿਚ ਓ, ਸਾਡੇ ਖ਼ਾਬਾਂ ਵਿਚ ਸੈਨਤਾਂ ਮਾਰਦਿਆ 
ਕੂਲਾਂ ਵਗਦੀਆਂ ਓ...ਖਿੜ-ਖਿੜ ਫੁੱਲਾ ਕਚਨਾਰ ਦਿਆ...


ਹਜਾਰਾ ਸਿੰਘ ਗੁਰਦਾਸਪੁਰੀ

ਦੇਖੋ ਹੋਰ ਨਮੂਨਾ

ਫੁਲ ਖ਼ਿੜੇ ਕਚਨਾਰ ਦੇ
ਪੈਲਾਂ ਪਾਵਣ ਮੋਰ
ਚੰਨ ਚੁਫੇਰੇ ਭਾਲਦੇ
ਮੇਰੇ ਨੈਣ ਚਕੋਰ

ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿਚ ਕਚਨਾਰ ਰੁੱਖ ਦਾ ਜਿਕਰ

ਹੋ ਜਾਏਗੀ ਇਕ ਰੋਜ਼ ਸਬਜ਼
ਦਿਲ ਦੀ ਫਲਾਹੀ
ਬੰਜਰ ਵੀ ਮੁਕੱਦਰ ਦਾ ਨੀ
ਹੋ ਜਾਏਗਾ ਚਾਹੀ ।
ਹੈ ਆਸ ਮੇਰੇ ਹੋਠਾਂ ਦੀ
ਕਚਨਾਰ ਦੀ ਛਾਵੇਂ
ਸੁਸਤਾਣਗੇ ਮੁਸਕਾਨਾਂ ਦੇ
ਬੇਅੰਤ ਹੀ ਰਾਹੀ ।
(ਸ਼ਿਵ ਕੁਮਾਰ ਬਟਾਲਵੀ)


ਪੰਜਾਬੀ ਗ਼ਜ਼ਲਾਂ ਵਿਚ ਕਚਨਾਰ


ਕੋਈ ਸੌਖਾ ਨਹੀਂ ਹੈ ਮਨ ਦਾ ਜੰਗਲ ਪਾਰ ਹੋ ਜਾਣਾ
ਕਿਸੇ ਇਨਸਾਨ ਦਾ ਇਨਸਾਨ ਤੋਂ ਕਿਰਦਾਰ ਹੋ ਜਾਣਾ
ਕਰੇ ਹੈਰਾਨ ਇਹ ਜੀਵਨ ਤਪਸ਼ ਦੀ ਮਾਰ ਮਗਰੋਂ ਵੀ
ਕਿਸੇ ਸੁੱਕੇ ਬਿਰਖ਼ ਦਾ ਫੇਰ ਤੋਂ ਕਚਨਾਰ ਹੋ ਜਾਣਾ

ਕੇਸਰ ਕਰਮਜੀਤ

ਪੰਜਾਬੀ ਗੀਤਾਂ ਵਿਚ ਕਚਨਾਰ ਰੁੱਖ ਅਤੇ ਇਸ ਦੀਆਂ ਕਲੀਆਂ ਦਾ ਜਿਕਰ


ਇਸੇ ਤਰ੍ਹਾਂ ਪੰਜਾਬੀ ਗੀਤਾਂ ਵਿਚ ਵੀ ਕਚਨਾਰ ਅਤੇ ਇਸ ਦੀਆਂ ਕਲੀਆਂ ਦਾ ਵਿਸ਼ੇਸ਼ ਗੁਣਗਾਨ ਮਿਲਦਾ ਹੈ। ਜਿਵੇਂ-

ਤੇਰਾ ਅੰਗ-ਅੰਗ ਕੱਚਾ ਕਚਨਾਰ ਸੋਹਣੀਏ...
ਚਿੱਟੇ ਦੰਦ ਜਿਵੇਂ ਮਤੀਆਂ ਦੇ ਹਾਰ ਸੋਹਣੀਏ...

ਤੂੰ ਕੱਚੀ ਕਲੀ ਕਚਨਾਰ ਦੀ,ਰੱਖ ਸਾਂਭ ਸਾਂਭ ਖ਼ੁਸ਼ਬੋ 
(ਬਾਬੂ ਸਿੰਘ ਮਾਨ)

ਪੰਜਾਬੀ ਅਖਾਣਾ ਵਿਚ ਕਚਨਾਰ ਦਾ ਜਿਕਰ-

ਕੱਚੀ ਕਲੀ ਕਚਨਾਰ ਦੀ
ਰੰਗ ਰਚਦੀ ਵਿੱਚ ਥੋੜ੍ਹਾ
ਝੂਠੀ ਯਾਰੀ ਜੱਟ ਦੀ
ਜਿਥੇ ਮਿਲ਼ੇ ਕਰੇ ਨਹੋਰਾ

ਕਚਨਰ ਦਾ ਪੋਸ਼ਣ ਮੁੱਲ

ਕਚਨਾਰ ਵਿਚ ਵਿਟਾਮਿਨ ਸੀ, ਵਿਟਾਮਿਨ ਬੀ, ਕੈਲਸ਼ੀਅਮ , ਫਾਸਫੋਰਸ, ਮੈਗਨੀਸ਼ੀਅਮ, ਆਇਰਨ, ਜ਼ਿੰਕ ਆਦਿ ਮੁੱਖ ਖਣਿਜਾਂ ਦੇ ਨਾਲ-ਨਾਲ ਖੰਡ ਕਾਰਬੋਹਾਈਡਰੇਟ, ਖੁਰਾਕੀ ਰੇਸ਼ੇ, ਪ੍ਰੋਟੀਨ ਲੋੜੀਂਦੇ ਮੈਕਰੋਨਿਊਟ੍ਰੀਟਸ ਅਤੇ ਸਿਹਤਮੰਦ ਚਰਬੀ ਭਰਪੂਰ ਮਾਤਰਾ ਵਿਚ ਹੁੰਦੀ ਹੈ। ਭਾਰਤ ਦੇ ਬਹੁਤ ਸਾਰੇ ਖੇਤਰਾਂ ਵਿੱਚ ਇਸ ਤੋਂ ਕਰੀ ਅਤੇ ਅਚਾਰ ਤਿਆਰ ਕੀਤੇ ਜਾਂਦੇ ਹਨ। ਕਚਨਾਰ ਦੀਆਂ ਮੁਕੁਲੀਆਂ ਨੂੰ ਪਿਆਜ਼ ਅਤੇ ਮਸਾਲਿਆਂ ਨਾਲ ਪਕਾਇਆ ਜਾਂਦਾ ਹੈ ਅਤੇ ਰਵਾਇਤੀ ਭੋਜਨ ਦੇ ਤੌਰ ’ਤੇ ਖਾਧਾ ਜਾਂਦਾ ਹੈ। ਰਵਾਇਤੀ ਤੌਰ ’ਤੇ ਕਚਨਾਰ ਕਰੀ ਦਹੀਂ, ਪਿਆਜ਼ ਅਤੇ ਦੇਸੀ ਮਸਾਲਿਆਂ ਦੀ ਵਰਤੋਂ ਕਰਕੇ ਤਿਆਰ ਕੀਤੀ ਜਾਂਦੀ ਹੈ । 

ਨੇਪਾਲ ਵਿਚ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਚਨਾਰ ਦੀਆਂ ਮੁਕਲਾਂ ਦਾ ਆਚਾਰ

ਭਾਰਤੀ ਉਪ-ਮਹਾਂਦੀਪ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਇਨ੍ਹਾਂ ਨੂੰ ਅਚਾਰ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਇਹ ਇੱਕ ਵਧੀਆ ਐਂਟੀਆਕਸੀਡੈਂਟ ਅਤੇ ਕੈਂਸਰ ਵਿਰੋਧੀ ਹੁੰਦੀਆਂ ਹਨ। ਨੇਪਾਲ ਵਿਚ ਇਸ ਦੇ ਫੁੱਲ ਅਤੇ ਮੁਕੁਲ ਦੀ ਵਰਤੋਂ ਅਚਾਰ ਬਣਾਉਣ ਲਈ ਕੀਤੀ ਜਾਂਦੀ ਹੈ। ਫੁੱਲ ਅਤੇ ਮੁਕੁਲ ਨੂੰ ਥੋੜ੍ਹੀ ਦੇਰ ਲਈ ਉਬਾਲਿਆ ਜਾਂਦਾ ਹੈ ਅਤੇ ਫਿਰ ਉਬਲੇ ਹੋਏ ਆਲੂ, ਕੱਟੀਆਂ ਹਰੀਆਂ ਮਿਰਚਾਂ, ਕੱਟੇ ਹੋਏ ਪਿਆਜ਼, ਤਾਜ਼ੇ ਮਟਰ, ਧਨੀਆ ਪੱਤੇ ਅਤੇ ਮਸਾਲੇ ਨਮਕ, ਮਿਰਚ, ਹਲਦੀ ਪਾਊਡਰ, ਜੀਰਾ ਪਾਊਡਰ, ਧਨੀਆ ਪਾਊਡਰ, ਭੁੰਨੇ ਹੋਏ ਤਿਲ ਪਾਊਡਰ ਨਾਲ ਮਿਲਾਇਆ ਜਾਂਦਾ ਹੈ। ਇਸ ਤੋਂ ਬਾਅਦ ਸਰ੍ਹੋਂ ਦੇ ਤੇਲ ਅਤੇ ਮੇਥੀ ਦੇ ਬੀਜਾਂ ਤੜਕਾ ਲਾਇਆ ਜਾਂਦਾ ਹੈ ਅਤੇ ਫਿਰ ਨਿੰਬੂ ਦਾ ਰਸ ਸੁਆਦ ਅਨੁਸਾਰ ਮਿਲਾਇਆ ਜਾਂਦਾ ਹੈ। ਇਸ ਤੋਂ ਬਾਅਦ ਇਹ ਅਚਾਰ ਤੁਰੰਤ ਪਰੋਸਣ ਦੇ ਯੋਗ ਹੋ ਜਾਂਦਾ ਹੈ। ਨੇਪਾਲ ਵਿਚ ਇਹ ਅਚਾਰ ਤਿਉਹਾਰਾਂ ਦੌਰਾਨ ਵਰਤਾਏ ਜਾਣ ਵਾਲੇ ਭੋਜਨ ਦਾ ਮਹੱਤਵਪੂਰਨ ਹਿੱਸਾ ਹੈ । 

ਕਚਨਾਰ ਦੀ ਬੀੜੀਆਂ ਬਣਾਉਣ ਲਈ ਵਰਤੋਂ 

ਕਚਨਾਰ ਦੀ ਲੱਕੜ ਭੂਰੇ ਰੰਗ ਦੀ ਹੁੰਦੀ ਹੈ ਜੋ ਕਿ ਆਮ ਤੌਰ ’ਤੇ ਕਈ ਪ੍ਰਕਾਰ ਦੇ ਸੰਦ ਬਣਾਉਣ ਲਈ ਵਰਤੀ ਜਾਂਦੀ ਹੈ। ਕਚਨਾਰ ਦੇ ਸੱਕ ਦੀ ਗੱਲ ਕਰੀਏ ਤਾਂ ਇਹ ਰੰਗਾਈ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਕਚਨਾਰ ਦੀ ਗੂੰਦ ਵਰਤੋਂ ਵਿਚ ਲਿਆਈ ਜਾਂਦੀ ਹੈ। ਇਸ ਦੇ ਪੱਤੇ ਬੀੜੀਆਂ ਬਣਾਉਣ ਵੇਲੇ ਵਿਸ਼ੇਸ਼ ਤੌਰ ’ਤੇ ਵਰਤੇ ਜਾਂਦੇ ਹਨ। ਇਨ੍ਹਾਂ ਪੱਤਿਆਂ ਵਿਚ ਲਪੇਟ ਕੇ ਬੀੜੀਆਂ ਨੂੰ ਬਣਾਇਆ ਜਾਂਦਾ ਹੈ।

ਦਵਾਈ ਦੇ ਤੌਰ ’ਤੇ ਕਚਨਾਰ ਦੀ ਵਰਤੋਂ

ਕਚਨਰ ਦੇ ਪੱਤਿਆਂ ਦਾ ਨਿਚੋੜ ਜਿਗਰ ਦੀ ਕਾਰਜ ਸ਼ਕਤੀ ਵਿਚ ਸੁਧਾਰ ਕਰਦਾ ਹੈ ਅਤੇ ਪੀਲੀਆ ਵਿੱਚ ਵੀ ਇਸਦੇ ਸ਼ਾਨਦਾਰ ਨਤੀਜੇ ਹੁੰਦੇ ਹਨ। ਇਹ metabolism ਦਾ ਸੰਤੁਲਨ ਕਾਇਮ ਰੱਖਣ ਵਿਚ ਵੀ ਸਹਾਈ ਹੁੰਦਾ ਹੈ। ਇਸਦੇ ਸੱਕ ਦਾ ਕਾੜ੍ਹਾ ਭੁੱਖ ਵਧਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਹ ਮੂੰਹ ਦੇ ਛਾਲਿਆਂ ਅਤੇ ਸਾਹ ਦੀ ਬਦਬੂ ਲਈ ਗਾਰਗਲ ਵਜੋਂ ਵੀ ਵਰਤਿਆ ਜਾਂਦਾ ਹੈ।  ਇਸ ਦੇ ਨਾਲ-ਨਾਲ ਇਹ ਚਮੜੀ ਦੇ ਰੋਗਾਂ ਵਿੱਚ ਵੀ ਵਰਤਿਆ ਜਾਂਦਾ ਹੈ। ਇਸ ਵਿਚ ਕਈ ਮਹੱਤਵਪੂਰਨ ਵਿਟਾਮਿਨ, ਖਣਿਜ, ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ ਭਰਪੂਰ ਮਾਤਰਾ ਵਿਚ ਹੁੰਦੀ ਹੈ। ਕਚਨਾਰ ਵਿਚ ਐਂਟੀ-ਇਨਫਲੇਮੇਟਰੀ, ਐਂਟੀਮਾਈਕਰੋਬਾਇਲ, ਐਂਟੀਹਾਈਪਰਗਲਾਈਸੀਮਿਕ, ਐਂਟੀ-ਆਰਥਰੀਟਿਕ ਅਤੇ ਸਾਈਟੋਟੌਕਸਿਕ ਭਾਵ ਕੈਂਸਰ ਘਟਾਉਣ ਵਾਲੀਆਂ ਵਿਸ਼ੇਸ਼ਤਾਵਾਂ ਵਾਲੇ ਬਾਇਓਐਕਟਿਵ ਫਾਈਟੋਨਿਊਟ੍ਰੀਐਂਟਸ ਵੀ ਹੁੰਦੇ ਹਨ। ਇਹ ਹਾਈਪੋਥਾਇਰਾਇਡਿਜ਼ਮ, ਅਨਿਯਮਿਤ ਮਾਂਹਵਾਰੀ, ਸ਼ੂਗਰ, ਬਲੱਡ ਸ਼ੂਗਰ, ਮੂੰਹ ਦੇ ਫੋੜੇ  ਅਤੇ ਪਾਚਨ ਸੰਬੰਧੀ ਸਮੱਸਿਆ ਸਮੇਤ ਬਹੁਤ ਸਾਰੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਵਿੱਚ ਬਹੁਤ ਲਾਭਦਾਇਕ ਹੁੰਦੇ ਹਨ।

ਕਚਨਾਰ ਵਿਚ ਥਾਇਰਾਇਡ ਦੀ ਸਮੱਸਿਆ ਨੂੰ ਠੀਕ ਕਰਨ ਦੇ ਗੁਣ

ਹਾਈਪੋਥਾਈਰੋਡਿਜ਼ਮ ਉਦੋਂ ਵਾਪਰਦਾ ਹੈ ਜਦੋਂ ਥਾਇਰਾਇਡ ਗਲੈਂਡ ਥਾਇਰਾਇਡ ਹਾਰਮੋਨਸ ਦਾ ਲੋੜੀਂਦੀ ਮਾਤਰਾ ਦਾ ਉਤਪਾਦਨ ਨਹੀਂ ਕਰਦੀ।  ਇਹ ਸਰੀਰ ਵਿੱਚ ਮੇਟਾਬੋਲਿਜ਼ਮ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਸੁਰੱਖਿਅਤ ਰੱਖਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਆਯੂਰਵੇਦ ਅਨੁਸਾਰ ਵਾਤ, ਪਿਤ, ਕਫ ਦੇ ਤਿੰਨ ਦੋਸ਼ਾਂ ਕਾਰਨ, ਥਾਇਰਾਇਡ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਦੇ ਨਾਲ-ਨਾਲ ਭਾਰ ਅਸੰਤੁਲਨ ਤੋਂ ਇਲਾਵਾ, ਮੋਟਾਪਾ ਅਤੇ ਪਾਚਨ ਸਬੰਧੀ ਸਮੱਸਿਆਵਾਂ ਵੀ ਆਉਂਦੀਆਂ ਹਨ। ਇਸ ਲਈ ਕਚਨਾਰ ਦੇ ਕਾੜ੍ਹਾ ਅਤੇ ਪਾਊਡਰ ਲੈਣ ਨਾਲ ਹਾਈਪੋਥਾਇਰਾਇਡਿਜ਼ਮ ਦੇ ਇਲਾਜ ਵਿੱਚ ਮਦਦ ਮਿਲਦੀ ਹੈ । ਇਹ ਉਪਚਾਰ ਸਰੀਰ ਵਿੱਚ ਭੋਜਨ ਪਦਾਰਥਾਂ ਦੇ ਸਮਾਈਕਰਣ ਨੂੰ ਆਸਾਨ ਬਣਾਉਂਦੇ ਹਨ, ਨਾਲ ਹੀ ਤਿੰਨ ਦੋਸ਼ਾਂ ਨੂੰ ਨਿਯੰਤ੍ਰਿਤ ਕਰਦੇ ਹਨ, ਮੈਟਾਬੋਲਿਜ਼ਮ ਵਿੱਚ ਸੁਧਾਰ ਕਰਦੇ ਹਨ ਅਤੇ ਭਾਰ ਸੰਤੁਲਨ ਕਰਨ ਵਿਚ ਸਹਾਈ ਹੁੰਦੇ ਹਨ।


ਕਚਨਾਰ ਸ਼ੂਗਰ ਅਤੇ ਬਲੱਡ ਸ਼ੂਗਰ ਨੂੰ ਘੱਟ ਕਰਨ ਵਿਚ ਸਹਾਈ

ਕਚਨਾਰ ਵਿਚ ਭਰਪੂਰ ਮਾਤਰਾ ਵਿੱਚ ਐਂਟੀ-ਡਾਇਬਟਿਕ ਅਤੇ ਐਂਟੀਹਾਈਪਰਗਲਾਈਸੀਮਿਕ ਮਿਸ਼ਰਣਾਂ ਦਾ ਭੰਡਾਰ ਹੁੰਦਾ ਹੈ। ਇਹ ਸਰੀਰ ਵਿੱਚ ਇਨਸੁਲਿਨ ਵਿਧੀ ਨੂੰ ਕਾਇਮ ਰੱਖਣ ਵਿਚ ਸਹਾਈ ਹੁੰਦਾ ਹੈ। ਇਸ ਨਾਲ ਖੂਨ ਵਿੱਚ ਗਲੂਕੋਜ਼ ਦੇ ਵਧਦੇ ਪੱਧਰ ਨੂੰ ਹੇਠਾਂ ਲਿਆਉਣ ਵਿਚ ਵੀ ਮਦਦ ਮਿਲਦੀ ਹੈ। ਇਸ ਤਰਾਂ ਕਚਨਾਰ ਸ਼ੂਗਰ ਨੂੰ ਘਟਾਉਣ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਰੱਖਣ ਵਿੱਚ ਵੀ ਸਹਾਇਤਾ ਕਰਦਾ ਹੈ।

ਕਚਨਾਰ ਹੈਮੋਰੋਇਡਜ਼ ਦੇ ਉਪਚਾਰ ਵਿਚ ਸਹਾਈ

ਕਚਨਾਰ ਵਿਚ ਅਗਨੀ ਨੂੰ ਵਧਾਉਣ ਵਾਲੇ ਮਿਸ਼ਰਣ ਕਾਫੀ ਮਾਤਰਾ ਵਿਚ ਹੁੰਦੇ ਹਨ, ਜੋ ਪਾਚਨ ਰਸਾਂ ਨੂੰ ਉਤੇਜਿਤ ਕਰਨ ਵਿਚ ਸਹਾਈ ਹੁੰਦੇ ਹਨ। ਅਸੀਂ ਜਾਣਦੇ ਹਾਂ ਕਿ  ਲਗਾਤਾਰ ਬਦਹਜ਼ਮੀ ਅਤੇ ਕਬਜ਼ ਕਾਰਨ ਗੁਦਾ ਦੀਆਂ ਨਾੜੀਆਂ ਵਿੱਚ ਸੋਜਸ਼ ਹੋ ਜਾਂਦੀ ਹੈ, ਜਿਸਦੇ ਨਤੀਜੇ ਵਜੋਂ ਖੁਜਲੀ, ਦਰਦ, ਮਲ ਤਿਆਗ ਸਮੇਂ ਖੂਨ ਨਿਕਲਣਾ ਆਦਿ ਸਮੱਸਿਆਵਾਂ ਹੋ ਜਾਂਦੀਆਂ ਹਨ।  ਕਚਨਾਰ ਇਨ੍ਹਾਂ ਸਮੱਸਿਆਵਾਂ ਅਤੇ ਦਰਦ ਤੋਂ ਰਾਹਤ ਦਿਵਾਉਣ ਵਿਚ ਸਹਾਈ ਹੁੰਦਾ ਹੈ ਅਤੇ ਗੁਦਾ ਵਿੱਚ ਸੋਜ ਅਤੇ ਬਵਾਸੀਰ ਨੂੰ ਰੋਕਦਾ ਹੈ।

ਕਚਨਾਰ ਮਾਹਵਾਰੀ ਚੱਕਰ ਨੂੰ ਨਿਯਮਤ ਕਰਨ ਵਿਚ ਸਹਾਈ 

ਅਯੂਰਵੇਦ ਅਨੁਸਾਰ ਮਾਂਹਵਾਰੀ ਦੀਆਂ ਸਮੱਸਿਆਵਾਂ ਵਾਧ ਜਾਂ ਘਾਟ ਭਾਵ ਅਮੇਨੋਰੀਆ, ਜੋ ਕਿ ਪਿਤ ਦੋਸ਼ ਦੇ ਅਸੰਤੁਲਨ ਅਤੇ ਸਰੀਰ ਵਿਚ ਜ਼ਿਆਦਾ ਗਰਮੀ ਹੋਣ ਕਾਰਨ ਵਾਪਰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਕਚਨਾਰ ਦੇ ਕਾੜੇ ਲੈਣ ਨਾਲ ਦੂਰ ਕੀਤਾ ਜਾ ਸਕਦਾ ਹੈ। ਕਿਉਂਕਿ ਕਚਨਾਰ ਵਿਚ ਠੰਡਕ ਵਧਾਉਣ ਵਾਲੇ ਗੁਣ ਕਾਫੀ ਮਾਤਰਾ ਵਿਚ ਹੁੰਦੇ ਹਨ। ਇਸ ਤਰਾਂ ਪਿਤ ਦੋਸ਼ ਵਿਚ ਸੰਤੁਲਨ ਹੋਣ ਕਾਰਨ ਮਾਹਵਾਰੀ ਚੱਕਰ ਠੀਕ ਹੁੰਦਾ ਹੈ।

ਕਚਨਾਰ ਦਸਤ ਦੇ ਇਲਾਜ ਵਿਚ ਸਹਾਈ

ਅਕਸਰ ਡੀਹਾਈਡਰੇਸ਼ਨ, ਵਾਤ ਦੋਸ਼, ਅਤੇ ਕੁਝ ਹੋਰ ਕਾਰਨਾਂ ਕਰਕੇ ਦਸਤ ਲੱਗ ਜਾਂਦੇ ਹਨ, ਜਿਸਦੇ ਨਤੀਜੇ ਵਜੋਂ ਪਤਲਾ ਮਲ ਸਰੀਰ ਵਿਚੋਂ ਵਾਰ-ਵਾਰ ਵਹਿਣਾ ਸ਼ੁਰੂ ਹੋ ਜਾਂਦਾ ਹੈ। ਕੁਦਰਤ ਨੇ ਕਚਨਾਰ ਨੂੰ ਵਾਤ-ਸੰਤੁਲਨ ਗੁਣਾਂ ਦਾ ਖਜਾਨਾ ਬਖਸ਼ਿਆ ਹੈ। ਇਨ੍ਹਾਂ ਗੁਣਾਂ ਸਦਕਾ ਕਚਨਾਰ ਦਸਤਾਂ ਨੂੰ ਸਫਲਤਾਪੂਰਵਕ ਠੀਕ ਕਰਦਾ ਹੈ, ਪਾਚਨ ਨੂੰ ਵਧਾਉਂਦਾ ਹੈ। ਇਸ ਦੇ ਨਾਲ ਨਾਲ ਅੰਤੜੀਆਂ ਅਤੇ ਬਲੈਡਰ ਦੇ ਕਾਰਜਾਂ ਨੂੰ ਸਹੀ ਰੱਖਣ ਵਿਚ ਵੀ ਮਦਦ ਕਰਦਾ ਹੈ।

ਕਚਨਾਰ ਦੀ ਸਹੀ ਖੁਰਾਕ ਅਤੇ ਮਾਤਰਾ  

ਜ਼ਿਆਦਾਤਰ ਲੋਕਾਂ ਲਈ ਕਚਨਾਰ ਦਾ ਸੇਵਨ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਸਮੁੱਚੀ ਤੰਦਰੁਸਤੀ ਵਿੱਚ ਬਹੁਤ ਸੁਧਾਰ ਕਰਦਾ ਹੈ। ਇਸ ਦੇ ਸੱਕ ਦੇ ਪਾਊਡਰ ਨੂੰ 1 ਤੋਂ 3 ਗ੍ਰਾਮ ਦੀ ਮਾਤਰਾ ਵਿੱਚ, ਜਾਂ 40 ਤੋਂ 80 ਮਿਲੀਲੀਟਰ ਪੱਤਿਆਂ ਦੇ ਕਾੜੇ ਵਿੱਚ ਜਾਂ 10 ਤੋਂ 20 ਮਿਲੀਲੀਟਰ ਫੁੱਲਾਂ ਦੇ ਅਰਕ ਨੂੰ ਰੋਜ਼ਾਨਾ ਲੈਣਾ ਪ੍ਰਭਾਵਸ਼ਾਲੀ ਸੇਵਨ ਮੰਨਿਆ ਜਾਂਦਾ ਹੈ। ਕਚਨਾਰ ਨੂੰ ਰੁਟੀਨ ਨਾਲ ਖੁਰਾਕ ਵਿੱਚ ਸ਼ਾਮਲ ਕਰਕੇ ਮਾਪੀ ਮਾਤਰਾ ਅਨੁਸਾਰ ਭੋਜਨ ਦੇ ਰੂਪ ਵਿੱਚ ਵੀ ਲਿਆ ਜਾ ਸਕਦਾ ਹੈ। 

ਕਚਨਾਰ ਦੇ ਮਾੜੇ ਪ੍ਰਭਾਵ

ਕੁਦਰਤੀ ਤੌਰ ’ਤੇ ਕਚਨਾਰ ਦਾ ਰਸ ਕੌੜਾ ਅਤੇ ਤਿੱਖਾ ਹੁੰਦਾ ਹੈ। ਉਹਨਾਂ ਲੋਕਾਂ ਲਈ ਕਚਨਾਰ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ ਜੋ ਕਿਡਨੀ ਦੇ ਰੋਗ, ਜਿਗਰ ਦੇ ਖਾਸ ਵਿਗਾੜਾਂ ਤੋਂ ਪੀੜਤ ਹੁੰਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਨੇ ਕੋਈ ਹੋਰ ਇਲਾਜ ਜਾਂ ਸਰਜਰੀ ਕਰਵਾਈ ਹੈ ਉਨ੍ਹਾਂ ਨੂੰ ਕਚਨਾਰ ਦੀ ਵਰਤੋਂ ਸਿਹਤ ਮਾਹਰ ਦੀ ਰਾਇ ਨਾਲ ਹੀ ਕਰਨੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਵੀ ਕਚਨਾਰ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਵਿੱਚ ਹਾਰਮੋਨ ਨੂੰ ਪ੍ਰਭਾਵਿਤ ਕਰਨ ਵਾਲੇ ਗੁਣ ਹੁੰਦੇ ਹਨ।
ਜੇਕਰ ਕੋਈ ਵਿਅਕਤੀ ਥਾਇਰਾਇਡ, ਡਾਇਬੀਟੀਜ਼ ਜਾਂ ਪੀਸੀਓਐਸ ਵਰਗੀ ਕਿਸੇ ਵੀ ਅੰਤਰੀਵ ਸਮੱਸਿਆ ਨਾਲ ਪਰੇਸ਼ਾਨ ਹੈ, ਤਾਂ ਕਿਸੇ ਵੀ ਨੁਕਸਾਨਦੇਹ ਮਾੜੇ ਪ੍ਰਭਾਵਾਂ ਤੋਂ ਬਚਣ ਲਈ, ਕਿਸੇ ਪ੍ਰਮਾਣਿਤ ਆਯੁਰਵੈਦਿਕ ਪ੍ਰੈਕਟੀਸ਼ਨਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਕਚਨਾਰ ਦੀ ਵਰਤੋਂ ਕਰਨੀ ਚਾਹੀਦੀ ਹੈ।


ਨੋਟ- ਕਚਨਾਰ ਦੇ ਕਿਸੇ ਵੀ ਹਿੱਸੇ ਨੂੰ ਦਵਾਈ ਵਜੋਂ ਵਰਤਣ ਤੋਂ ਪਹਿਲਾਂ ਸਿਹਤ ਮਾਹਰ ਦੀ ਸਲਾਹ ਜਰੂਰ ਲਵੋ। ਇਹ ਸਾਰੀ ਜਾਣਕਾਰੀ ਇੰਟਰਨੈੱਟ ਉੱਤੇ ਉਪਲੱਭਦ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਕਰਕੇ ਟਰਾਂਸਲੇਟ ਕੀਤੀ ਗਈ ਹੈ। ਅਸੀਂ ਇਸ ਦੀ ਸਟੀਕਤਾ ਦਾ ਕੋਈ ਦਾਅਵਾ ਨਹੀਂ ਕਰਦੇ। 


Jasbir Wattanawalia


ਪੰਜਾਬ ਵਿਚੋਂ ਅਲੋਪ ਹੋ ਰਿਹਾ ਖੈਰ ਦਾ ਰੁੱਖ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

Post a Comment

Previous Post Next Post

About Me

Search Poetry

Followers