ਰਾਹੋਂ ਭਟਕੇ ਲੱਗਦੇ, ਰਾਹੀ ਲੰਮੀਆਂ ਰਾਹਵਾਂ ਦੇ
ਪਾਣੀ ਬੋਤਲ ਵਾਲਾ ਪੀਂਦੇ, ਮਾਲਕ ਪੰਜ ਦਰਿਆਵਾਂ ਦੇ
ਰਲ਼ਿਆ ਪਾਣੀ ਦੇ ਵਿੱਚ ਪਾਰਾ, ਜ਼ਹਿਰਾਂ ਕੀਤੀ ਪੌਣ ਨਕਾਰਾ,
ਹੁਣ ਨਾ ਕੋਈ ਭਰੋਸੇ ਯਾਰਾ, ਅੱਜਕਲ੍ਹ ਸਾਡੀਆਂ ਸਾਹਵਾਂ ਦੇ
ਪਾਣੀ ਬੋਤਲ ਵਾਲ਼ਾ ਪੀਂਦੇ, ਮਾਲਕ ਪੰਜ ਦਰਿਆਵਾਂ ਦੇ
ਡਾਢੇ ਵਰਤ ਗਏ ਨੇ ਭਾਣੇ, ਦੂਸ਼ਿਤ ਹੋ ਗਏ ਖਾਣੇ-ਦਾਣੇ,
ਕਿਹੜਾ ਕੱਢ ਗਿਆ ਵੈਰ ਪੁਰਾਣੇ, ਖਾਧੀਆਂ ਖਾਰਾਂ-ਖਾਹਵਾਂ ਦੇ
ਪਾਣੀ ਬੋਤਲ ਵਾਲਾ ਪੀਂਦੇ ਮਾਲਕ ਪੰਜ ਦਰਿਆਵਾਂ ਦੇ
ਕਿੱਡਾ ਕਹਿਰ ਹੋ ਗਿਆ ਲੋਕੋ, ਜੇ ਕੋਈ ਰੋਕ ਸਕੇ ਤਾਂ ਰੋਕੋ
ਲੈ ਗਈ ਅਕਲ ਅਸਾਂ ਦੀ ਕੋਕੋ, ਲਾਵੇ ਬਣੇ ਧਰਾਵਾਂ ਦੇ
ਪਾਣੀ ਬੋਤਲ ਵਾਲਾ ਪੀਂਦੇ, ਮਾਲਕ ਪੰਜ ਦਰਿਆਵਾਂ ਦੇ
ਲੱਗੀ ਪਈ ਐ ਸਿਰੇ ਕਹਾਣੀ, ਭੁੱਲ ਗਏ ਗੁਰੂ ਨਾਨਕ ਦੀ ਬਾਣੀ
'ਵਾਟਾਂਵਾਲੀਆ' ਪਿਤਾ ਸੀ ਪਾਣੀ, ਧਰਤੀ ਥਾਂ ਸੀ ਮਾਵਾਂ ਦੇ
ਪਾਣੀ ਬੋਤਲ ਵਾਲਾ ਪੀਂਦੇ ਮਾਲਕ ਪੰਜ ਦਰਿਆਵਾਂ ਦੇ
Post a Comment