ਮੈਂ ਖਾਣਾ ਬਣਾਉਂਦੇ ਸਮੇਂ ਅਕਸਰ ਹੀ ਨਵੇਂ-ਨਵੇਂ ਐਕਸਪੈਰੀਮੈਂਟ ਕਰਦਾ ਰਹਿੰਦਾ ਹਾਂ। ਹੋਰ ਐਕਸਪੈਰੀਮੈਂਟ ਕਦੇ ਫਿਰ ਸ਼ੇਅਰ ਕਰਾਂਗਾ ਪਰ ਅੱਜ ਦੇ ਐਕਸਪੈਰੀਮੈਂਟ ਵਿੱਚ ਆਪਾਂ ਚੁਕੰਦਰ ਵਾਲੀਆਂ ਮੱਕੀ ਦੀਆਂ ਰੋਟੀਆਂ ਪਕਾਈਆਂ ਹਨ। ਇਹ ਰੋਟੀਆਂ ਮੈਂ ਪਹਿਲਾਂ ਵੀ ਕਈ ਵਾਰ ਪਕਾ ਚੁੱਕਾ ਹਾਂ ਅਤੇ ਕਾਫੀ ਸਵਾਦੀ ਬਣਦੀਆਂ ਹਨ। ਚੁਕੰਦਰ ਨੂੰ ਵੈਸੇ ਕੱਚਾ ਜਿਆਦਾ ਮਾਤਰਾ ਵਿੱਚ ਨਹੀਂ ਖਾਦਾ ਜਾ ਸਕਦਾ ਕਿਉਂਕਿ ਇਹ ਗਲੇ ਨੂੰ ਫੜਦਾ ਹੈ ਪਰ ਪਕਾ ਕੇ ਇਸਨੂੰ ਕਾਫੀ ਮਾਤਰਾ ਵਿੱਚ ਖਾਧਾ ਜਾ ਸਕਦਾ ਹੈ। ਆਪਾਂ ਸਭ ਜਾਣਦੇ ਹਾਂ ਕਿ ਚੁਕੰਦਰ ਦੇ ਕਿੰਨੇ ਸਿਹਤ ਲਾਭ ਹਨ। ਇਸ ਲਈ ਤੁਸੀਂ ਗੂਗਲ ਸਰਚ ਕਰ ਸਕਦੇ ਹੋ, ਅਨੇਕਾ ਰਿਪੋਰਟਾਂ ਤੁਹਾਡੇ ਸਾਹਮਣੇ ਆ ਜਾਣਗੀਆਂ। ਇਸ ਪੋਸਟ ਵਿੱਚ ਮੈਂ ਅਪੋਲੋ ਹੋਸਪਿਟਲ ਦੀ ਇੱਕ ਰਿਪੋਰਟ ਸਾਂਝੀ ਕਰ ਰਿਹਾ ਹਾਂ।
ਆਮ ਤੌਰ ’ਤੇ ਚੁਕੰਦਰ ਪੀਲੇ, ਚਿੱਟੇ, ਗੁਲਾਬੀ ਜਾਂ ਗੂੜ੍ਹੇ ਜਾਮਨੀ ਆਦਿ ਰੰਗ ਦੇ ਹੁੰਦੇ ਹਨ। ਇਨ੍ਹਾਂ ਵਿੱਚ ਵੱਖ-ਵੱਖ ਕਿਸਮਾਂ ਦੇ ਚੁਕੰਦਰ ਪਾਏ ਜਾਂਦੇ ਹਨ। ਚੁਕੰਦਰ ਦੇ ਬੀਟ ਸਾਗ ਵਜੋਂ ਜਾਣੇ ਜਾਂਦੇ ਟੇਪਰੂਟ ਅਤੇ ਪੱਤੇ ਦੋਵੇਂ ਖਾਣ ਯੋਗ ਹਨ। ਇਹ ਭੋਜਨ ਦੇ ਰੰਗ ਵਿੱਚ ਵੀ ਵਰਤਿਆ ਜਾਂਦਾ ਹੈ।ਇਹ ਇੱਕ ਚਿਕਿਤਸਕ ਪੌਦੇ ਵਜੋਂ ਅਤੇ ਖੰਡ ਦੇ ਬਦਲ ਵਜੋਂ ਖੂਬ ਵਰਤਿਆ ਜਾਂਦਾ ਹੈ। ਅਜੋਕੇ ਸਮੇਂ ਵਿੱਚ ਬਹੁਤ ਸਾਰੀਆਂ ਖੰਡ ਮਿੱਲਾਂ ਵੱਲੋਂ ਖੰਡ ਬਣਾਉਣ ਵਾਸਤੇ ਖਾਸ ਕਿਸਮ ਦੇ ਚੁਕੰਦਰ ਦੀ ਖੇਤੀ ਵੀ ਕੀਤੀ ਜਾਣ ਲੱਗੀ ਹੈ। ਗੰਨੇ ਤੋਂ ਬਾਅਦ ਚੁਕੰਦਰ ਹੀ ਇਕ ਫਸਲ ਹੈ ਜਿਸ ਵਿਚ ਸਭ ਤੋਂ ਵਧੇਰੇ ਮਿੱਠਾ ਹੈ।
ਚੁਕੰਦਰ ਅਤੇ ਦਿਲ ਦੀ ਸਿਹਤ: ਅਪੋਲੋ ਹੌਸਪਿਟਲ
ਚੁਕੰਦਰ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤਾਂ ਜਿਵੇਂ ਕਿ ਫੋਲੇਟ (ਵਿਟਾਮਿਨ ਬੀ9), ਮੈਂਗਨੀਜ਼, ਪੋਟਾਸ਼ੀਅਮ, ਆਇਰਨ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਹੁੰਦਾ ਹੈ, ਨਾਲ ਹੀ ਚੁਕੰਦਰ ਫਾਈਬਰ ਅਤੇ ਘੱਟ ਕੈਲੋਰੀ ਦਾ ਇੱਕ ਚੰਗਾ ਸਰੋਤ ਹੈ।
ਜ਼ਰੂਰੀ ਪੌਸ਼ਟਿਕ ਤੱਤਾਂ ਤੋਂ ਇਲਾਵਾ, ਇਸ ਵਿੱਚ ਕੁਝ ਪੌਦਿਆਂ ਦੇ ਮਿਸ਼ਰਣ ਹੁੰਦੇ ਹਨ ਜਿਵੇਂ ਕਿ ਬੇਟਾਨਿਨ, ਵੁਲਗੈਕਸਨਥਿਨ ਅਤੇ ਅਕਾਰਗਨਿਕ ਨਾਈਟ੍ਰੇਟ ਕਾਫੀ ਮਾਤਰਾ ਵਿੱਚ ਹੁੰਦੇ ਹਨ।
ਬੇਟਾਨਿਨ ਚੁਕੰਦਰ ਵਿੱਚ ਮੌਜੂਦ ਸਭ ਤੋਂ ਵੱਧ ਲਾਲ ਰੰਗ ਹੁੰਦਾ ਹੈ, ਜਦੋਂ ਕਿ ਵੁਲਗੈਕਸੈਂਥਿਨ ਪੀਲਾ ਸੰਤਰੀ ਰੰਗ, ਗੂੜ੍ਹੇ ਪੀਲੇ ਚੁਕੰਦਰ ਵਿੱਚ ਪਾਇਆ ਜਾਂਦਾ ਹੈ।
ਇਸਦੇ ਨਾਲ ਨਾਲ ਅਕਾਰਬਨਿਕ ਨਾਈਟ੍ਰੇਟ ਤੱਤ ਵੀ ਚੁਕੰਦਰ ਵਿੱਚ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਅਕਾਰਗਨਿਕ ਨਾਈਟ੍ਰੇਟ ਸਰੀਰ ਦੇ ਅੰਦਰ ਨਾਈਟ੍ਰਿਕ ਆਕਸਾਈਡ ਵਿੱਚ ਬਦਲ ਜਾਂਦਾ ਹੈ ਅਤੇ ਇਸ ਦੇ ਬਹੁਤ ਸਾਰੇ ਸਿਹਤ ਲਾਭ ਹੁੰਦੇ ਹਨ।
ਆਮ ਤੌਰ ਤੇ ਚੁਕੰਦਰ ਜਾਂ ਤਾਂ ਕੱਚਾ ਖਾਧਾ ਜਾਂਦਾ ਹੈ ਜਾਂ ਜੂਸ ਬਣਾ ਕੇ ਪੀਤਾ ਜਾਂਦਾ ਹੈ। ਦੋਵਾਂ ਦੇ ਬਹੁਤ ਸਾਰੇ ਸਿਹਤ ਲਾਭ ਹੁੰਦੇ ਹਨ। ਇਸ ਵਿੱਚ ਸਾੜ ਵਿਰੋਧੀ ਗੁਣ ਕਾਫੀ ਮਾਤਰਾ ਵਿੱਚ ਹੁੰਦੇ ਹਨ। ਇਸ ਤੋਂ ਇਲਾਵਾ ਇਹ ਪਾਚਨ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ, ਭਾਰ ਘਟਾਉਣ ਵਿੱਚ ਮਦਦ ਕਰਦਾ ਹੈ, ਦਿਮਾਗ ਦੀ ਸਿਹਤ ਦਾ ਨੂੰ ਵੀ ਤੰਦਰੁਸਤ ਕਰਦਾ ਹੈ, ਖੂਨ ਦੇ ਪ੍ਰਵਾਹ ਵਿੱਚ ਸੁਧਾਰ ਕਰਦਾ ਹੈ, ਅਨੀਮੀਆ ਨੂੰ ਰੋਕਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਵੀ ਠੀਕ ਰੱਖਦਾ ਹੈ। ਇਸਦੇ ਨਾਲ ਨਾਲ ਇਸ ਵਿੱਚ ਕੈਂਸਰ ਵਿਰੋਧੀ ਗੁਣ। ਵੀ ਹੁੰਦੇ ਹਨ। ਇਸ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਨਾਲ ਭਰਪੂਰ ਅਤੇ ਖੁਰਾਕੀ ਨਾਈਟਰੇਟਸ ਦੀ ਮੌਜੂਦਗੀ ਹੋਣ ਕਾਰਨ ਇਹ ਸਰੀਰ ਦੀ ਆਕਸੀਜਨ ਸੋਖਣ ਦੀ ਸਮਰੱਥਾ ਨੂੰ ਵਧਾ ਕੇ ਅਤੇ ਥਕਾਵਟ ਨੂੰ ਘਟਾਉਣ ਵਿਚ ਮਦਦ ਕਰਕੇ ਕਸਰਤ ਦੀ ਕਾਰਗੁਜ਼ਾਰੀ ਨੂੰ ਵਧਾਉਂਦਾ ਹੈ।
ਚੁਕੰਦਰ ਅਤੇ ਦਿਲ ਦੀ ਸਿਹਤ
ਸੰਤੁਲਿਤ ਖੁਰਾਕ ਅਤੇ ਜੀਵਨਸ਼ੈਲੀ ਦੀ ਘਾਟ ਕਾਰਨ ਅੱਜ ਕੱਲ੍ਹ ਬਹੁਤ ਸਾਰੇ ਲੋਕ ਦਿਲ ਦੀਆਂ ਸਮੱਸਿਆਵਾਂ ਪ੍ਰਭਾਵਿਤ ਹੋ ਰਹੇ ਹਨ। ਲੰਬੇ ਸਮੇਂ ਤੱਕ ਭਾਰ ਘਟਾਉਣ ਲਈ ਪੌਸ਼ਟਿਕ ਤੱਤਾਂ ਦੀ ਘਾਟ ਵਾਲੀ ਖੁਰਾਕ ਦਾ ਪਾਲਣ ਕਰਨਾ, ਕਸਰਤ ਦੀ ਘਾਟ ਅਤੇ ਤਣਾਅ ਭਰੀ ਜ਼ਿੰਦਗੀ ਆਦਿ ਕੁਝ ਪ੍ਰਮੁੱਖ ਕਾਰਨ ਹਨ ਜੋ ਦਿਲ ਦੀਆਂ ਬਿਮਾਰੀਆਂ ਨੂੰ ਵਧਾਉਂਦੇ ਹਨ।
ਚੁਕੰਦਰ ਦੇ ਜੂਸ ਵਿੱਚ ਫਾਈਟੋਕੈਮੀਕਲ ਮਿਸ਼ਰਣ ਹੁੰਦੇ ਹਨ ਜੋ ਨਾਈਟ੍ਰੇਟਸ ਵਜੋਂ ਜਾਣੇ ਜਾਂਦੇ ਹਨ, ਜੋ ਕਿ ਜਦੋਂ ਇਸਦਾ ਸੇਵਨ ਕੀਤਾ ਜਾਂਦਾ ਹੈ ਤਾਂ ਇਹ ਲਾਰ ਨਾਲ ਸੰਪਰਕ ਕਰਦਾ ਹੈ ਅਤੇ ਮੂੰਹ ਵਿੱਚ ਮੌਜੂਦ ਬੈਕਟੀਰੀਆ ਉਹਨਾਂ ਨੂੰ ਨਾਈਟ੍ਰਾਈਟਸ ਵਿੱਚ ਬਦਲ ਦਿੰਦੇ ਹਨ, ਇਹ ਨਾਈਟ੍ਰਾਈਟਸ ਫਿਰ ਗੈਸਟਰੋਇੰਟੇਸਟਾਈਨਲ ਟ੍ਰੈਕਟ ਵਿੱਚ ਪਹੁੰਚਣ ਤੇ ਨਾਈਟ੍ਰਿਕ ਆਕਸਾਈਡ ਵਿੱਚ ਬਦਲ ਜਾਂਦੇ ਹਨ ਜਾਂ ਨਾਈਟ੍ਰਾਈਟ ਦੇ ਰੂਪ ਵਿੱਚ ਦੁਬਾਰਾ ਪ੍ਰਵੇਸ਼ ਕਰਦੇ ਹਨ। . ਮਨੁੱਖੀ ਸਰੀਰ ਦੇ ਅੰਦਰ ਇਹਨਾਂ ਪੌਸ਼ਟਿਕ ਤੱਤਾਂ ਦੀ ਪ੍ਰਕਿਰਿਆ ਦੇ ਦੌਰਾਨ, ਇਹ ਕੁਝ ਸਮੇਂ ਲਈ ਬਲੱਡ ਪ੍ਰੈਸ਼ਰ ਘਟਾਉਣ ਵਾਲਾ ਪ੍ਰਭਾਵ ਪੈਦਾ ਕਰਦਾ ਹੈ। ਚੁਕੰਦਰ ਦੇ ਰਸ ਦਾ ਸੇਵਨ ਕਰਨ ਤੋਂ ਬਾਅਦ 3 ਤੋਂ 4 ਘੰਟੇ ਬਾਅਦ ਤੱਕ ਇਸ ਪ੍ਰਭਾਵ ਦੇਖਿਆ ਜਾ ਸਕਦਾ ਹੈ।
ਚੁਕੰਦਰ 'ਤੇ ਬਹੁਤ ਸਾਰੀਆਂ ਖੋਜਾਂ ਹੋ ਰਹੀਆਂ ਹਨ ਅਤੇ ਖੋਜਕਰਤਾਵਾਂ ਨੇ ਬਹੁਤ ਸਾਰੇ ਨਿਰੀਖਣਾਂ ਨਾਲ ਸਾਹਮਣੇ ਆਇਆ ਹੈ ਜਿਵੇਂ ਕਿ "ਰੋਜ਼ਾਨਾ ਸਿਰਫ 500 ਮਿਲੀਲੀਟਰ ਚੁਕੰਦਰ ਦਾ ਜੂਸ ਪੀਣ ਨਾਲ ਬਲੱਡ ਪ੍ਰੈਸ਼ਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਇਆ ਜਾ ਸਕਦਾ ਹੈ"। ਇਹ ਖੋਜ ਲੰਡਨ ਸਕੂਲ ਆਫ਼ ਮੈਡੀਸਨ ਦੁਆਰਾ ਖੋਜ ਕੀਤੀ ਗਈ ਹੈ।
ਇੱਕ ਅਧਿਐਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡਾਇਟਰੀ ਨਾਈਟ੍ਰੇਟ- ਮਿਸ਼ਰਣ ਚੁਕੰਦਰ ਵਿੱਚ ਕਾਫੀ ਮਾਤਰਾ ਵਿਚ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਘਟਾਉਣ ਅਤੇ ਖੂਨ ਦੇ ਪ੍ਰਵਾਹ ਨੂੰ ਬਣਾਈ ਰੱਖਣ ਲਈ ਖੂਨ ਦੀਆਂ ਨਾੜੀਆਂ ਨੂੰ ਫੈਲਾਉਂਦਾ ਦਾ ਮੁੱਖ ਰੋਲ ਨਿਭਾਉਂਦਾ ਹੈ। ਇਹ ਦਿਲ ਦੀ ਬਿਮਾਰੀ ਦੇ ਨਾਲ ਵਾਪਰਨ ਵਾਲੇ ਦਿਮਾਗੀ ਪ੍ਰਣਾਲੀ ਦੇ ਓਵਰਸਟਿਮੂਲੇਸ਼ਨ ਨੂੰ ਘਟਾ ਸਕਦਾ ਹੈ। ਇਸ ਤਰ੍ਹਾਂ ਭਵਿੱਖ ਵਿੱਚ ਕਾਰਡੀਓਵੈਸਕੁਲਰ ਰੋਗ ਦੇ ਇਲਾਜ ਵਿੱਚ ਇਸ ਦੇ ਕੰਮ ਦਾ ਪਤਾ ਲਗਾਉਣ ਲਈ ਵਿਸ਼ੇਸ਼ ਤੌਰ 'ਤੇ ਚੁਕੰਦਰ ਦੇ ਜੂਸ, ਖੁਰਾਕ ਨਾਈਟ੍ਰੇਟ ਦੇ ਇੱਕ ਸਰੋਤ 'ਤੇ ਖੋਜ ਅਤੇ ਅਧਿਐਨ ਕੀਤੇ ਗਏ ਹਨ। ਅਧਿਐਨ ਵੱਖ-ਵੱਖ ਐਸੋਸੀਏਸ਼ਨਾਂ ਜਿਵੇਂ ਕਿ ਅਮਰੀਕਨ ਜਰਨਲ ਆਫ਼ ਫਿਜ਼ੀਓਲੋਜੀ- ਹਾਰਟ ਐਂਡ ਸਰਕੂਲੇਟਰੀ ਫਿਜ਼ੀਓਲੋਜੀ ਵਿੱਚ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ।
ਕਿਵੇਂ ਬਣਾਈਏ ਚੁਕੰਦਰ ਵਾਲੀਆਂ ਮੱਕੀ ਦੀਆਂ ਰੋਟੀਆਂ ?
ਸਭ ਤੋਂ ਪਹਿਲਾਂ ਚੁਕੰਦਰ ਧੋ ਕੇ ਸਾਫ ਕਰ ਲਓ। ਇਸ ਤੋਂ ਬਾਅਦ ਇਸ ਦਾ ਛਿਲਕਾ ਉਤਾਰ ਕੇ ਕਦੂਕਸ਼ ਕਰ ਲਵੋ। ਇਸ ਵਿਚ ਲਸਣ, ਅਦਰਕ ਅਤੇ ਸਾਬਤ ਮਸਾਲਾ ਵੀ ਜਰੂਰਤ ਅਨੁਸਾਰ ਪਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਲੋੜ ਅਨੁਸਾਰ ਲੂਣ, ਮਿਰਚ ਅਤੇ ਥੋੜ੍ਹੀ ਹਲਦੀ ਵੀ ਪਾ ਲਵੋ। ਸਾਰਾ ਕੁਝ ਰਲਾਉਣ ਤੋਂ ਬਾਅਦ ਇਸ ਵਿਚ ਮੱਕੀ ਦਾ ਆਟਾ ਅਤੇ ਥੋੜ੍ਹਾ ਜਿਹਾ ਵੇਸਣ ਵੀ ਪਾ ਲਵੋ। ਹੁਣ ਇਸ ਵਿਚ ਗਰਮ ਪਾਣੀ ਪਾ ਕੇ ਸਵਾਰ ਕੇ ਗੁੰਨ ਲਵੋ।
ਤਵੇ ’ਤੇ ਸਰੋਂ ਦਾ ਤੇਲ ਲਗਾਓ ਅਤੇ ਰੋਟੀਆਂ ਪਕਾਉਣੀਆਂ ਸ਼ੁਰੂ ਕਰ ਲਵੋ। ਇਨ੍ਹਾਂ ਰੋਟੀਆਂ ਨੂੰ ਪੂੂਰੀ ਤਰਾਂ ਨਾ ਪਕਾਓ। ਜਦੋਂ ਸਾਰੀਆਂ ਰੋਟੀਆਂ ਪੱਕ ਜਾਣ ਤਾਂ ਬਾਅਦ ਵਿਚ ਇਨ੍ਹਾ ਰੋਟੀਆਂ ਨੂੰ ਤਵੇ ਤੇ ਦੁਬਾਰਾ ਸੇਕ ਲਵੋ ਤਾਂ ਪੂਰੀ ਤਰਾਂ ਪੱਕ ਜਾਣ। ਹੁਣ ਤੁਹਾਡੀਆਂ ਰੋਟੀਆਂ ਪੱਕ ਕੇ ਪੂਰੀ ਤਰਾਂ ਤਿਆਰ ਹਨ । ਚੁਕੰਦਰ ਵਾਲੀਆਂ ਮੱਕੀ ਦੀਆਂ ਇਨ੍ਹਾਂ ਰੋਟੀਆਂ ਨੂੰ ਦਹੀਂ ਜਾਂ ਮੱਖਣ ਲਾ ਕੇ ਬੜੇ ਸਵਾਦ ਨਾਲ ਖਾਧਾ ਜਾ ਸਕਦਾ ਹੈ।
#ਜਸਬੀਰ_ਵਾਟਾਂਵਾਲੀਆ
Post a Comment