ਇੰਡੀਅਨ ਪਲੱਮ/ਮਲ੍ਹੇ ਬੇਰ/ਝਾੜ ਬੇਰ ਹੈ ਪੰਜਾਬ ਦਾ ਖਾਸ ਅਤੇ ਵਿਰਾਸਤੀ ਰੁੱਖ
ਮਲ੍ਹੇ ਦਾ ਵਿਗਿਆਨ ਨਾਮ Ziziphus nummularia ਹੈ। ਇਹ Rhamnaceae ਪਰਿਵਾਰ ਦੀ ਪ੍ਰਜਾਤੀ ਹੈ ਜੋ ਪੱਛਮੀ ਭਾਰਤ, ਪਾਕਿਸਤਾਨ, ਦੱਖਣੀ ਈਰਾਨ, ਅਫਗਾਨਿਸਤਾਨ, ਲਿਬਨਾਨ ਅਤੇ ਜਿੰਬਵਾਵੇ ਆਦਿ ਦੇਸ਼ ਵਿਚ ਆਮ ਪਾਈ ਜਾਂਦੀ ਹੈ। ਇਸ ਨੂੰ ਝਾੜ ਬੇਰ ਵੀ ਕਿਹਾ ਜਾਂ ਅਤੇ ਇਸ ਨੂੰ ਇੰਡੀਅਨ ਪਲੱਮ ਦੇ ਨਾਂ ਨਾਲ ਵੀ ਜਾਂਣਿਆ ਜਾਂਦਾ ਹੈ। ਇਹ ਝਾੜੀਨੁਮਾ ਰੁੱਖ ਹੈ ਜੋ ਆਮ ਤੌਰ ’ਤੇ 20 ਤੋਂ 25 ਫੁੱਟ ਦੇ ਕਰੀਬ ਉਚਾਈ ਤੱਕ ਵੱਧਦਾ ਹੈ। ਇਹ ਆਮ ਕਰਕੇ, ਰੇਤਲੇ, ਪਹਾੜੀ ਅਤੇ ਖੁਸ਼ਕ ਖੇਤਰਾਂ ਦਾ ਰੁੱਖ ਹੈ। ਇਸ ਨੂੰ ਕਾਫੀ ਮਾਤਰਾ ਵਿਚ ਕੰਡੇ ਹੁੰਦੇ ਹਨ। ਇਸ ਦੀਆਂ ਟਾਹਣੀਆਂ ਹਲਕੇ ਬੈਂਗਣੀ ਰੰਗ ਦੀਆਂ ਹੁੰਦੀਆਂ ਹਨ। ਇਸਦੇ ਪੱਤੇ ਗੋਲ਼ ਅਤੇ ਕਿਨਾਰਿਆਂ ਤੋਂ ਦੰਦੇਦਾਰ ਹੁੰਦੇ ਹਨ, ਜਿਨ੍ਹਾਂ ਦੀ ਲੰਬਾਈ-ਚੌੜਾਈ ਇਕ ਇੰਚ ਦੇ ਕਰੀਬ ਹੁੰਦੀ ਹੈ।
ਮਲ੍ਹੇ ਬੇਰ ਦੀ ਲੱਕੜ ਦੀ ਵਰਤੋਂ
ਮਲ੍ਹੇ ਬੇਰ ਦੀ ਲੱਕੜ ਨੂੰ ਪਹਾੜੀ ਖੇਤਰਾਂ ਵਿਚ ਕਈ ਢੰਗ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਇਸ ਦੀ ਲੱਕੜ ਨੂੰ ਬਾਲਣ ਤੋਂ ਇਲਾਵਾ ਘਰ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੀ ਲੱਕੜ ਨਾਲ ਕਈ ਪ੍ਰਕਾਰ ਦੇ ਖੇਤੀ ਦੇ ਸੰਦ ਵੀ ਬਣਾਏ ਜਾਂਦੇ ਹਨ। ਇਸ ਦੀ ਲੱਕੜ ਚਾਰਕੋਲ ਬਣਾਉਣ ਲਈ ਵੀ ਚੰਗੀ ਮੰਨੀ ਜਾਂਦੀ ਹੈ।
ਮਲ੍ਹੇ ਬੇਰੀ ਦੇ ਫਲ਼ ਅਤੇ ਪੱਤੇ
ਮਲ੍ਹੇ ਬੇਰੀ ਦੇ ਫਲ਼ ਕਾਫੀ ਸਵਾਦੀ ਅਤੇ ਖੱਟੇ-ਮਿੱਠੇ ਹੁੰਦੇ ਹਨ। ਇਸ ਦੇ ਕੱਚੇ ਫਲਾਂ ਦਾ ਅਚਾਰ ਵੀ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸੁਕਾ ਕੇ ਵਰਤਿਆ ਜਾਂਦਾ ਹੈ। ਚੂਹੇ ਅਤੇ ਗਾਲ੍ਹੜ ਇਸ ਦੇ ਫਲ਼ਾਂ ਨੂੰ ਚਾਹ ਕੇ ਖਾਂਦੇ ਹਨ। ਬੱਕਰੀਆਂ ਅਤੇ ਊਠ ਇਸ ਦੇ ਪੱਤਿਆਂ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਹਨ।
ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਲੋਕ ਧਾਰਾ ਵਿਚ ਮਲ੍ਹੇ ਬੇਰੀ ਦਾ ਰੁੱਖ
ਮਲ੍ਹੇ ਬੇਰ ਪੰਜਾਬ ਦਾ ਵਿਰਸਤੀ ਰੁੱਖ ਹੈ ਅਤੇ ਇਸਦਾ ਸਾਡੇ ਸੱਭਿਆਚਾਰ ਨਾਲ ਗੂੜਾ ਸਬੰਧ ਹੈ। ਕਿਹਾ ਜਾਂਦਾ ਹੈ ਕਿ ਜਦੋਂ ਪੰਡਿਤ-ਪਰੋਹਿਤ ਕਿਸੇ ਨੂੰ ਇਹ ਕਹਿ ਦਿੰਦਾ ਸੀ ਕਿ ਹੱਥਾਂ ਦੀਆਂ ਰੇਖਾਵਾਂ ਮੁਤਾਬਕ, ਉਸ ਸ਼ਖਸ ਦੇ ਦੋ ਵਿਆਹ ਹਨ ਤਾਂ ਬਚਾਅ ਜਾਂ ਉਪਾਅ ਵਜੋਂ ਉਸ ਸ਼ਖਸ ਦਾ ਪਹਿਲਾ ਵਿਆਹ ਮਲ੍ਹੇ ਬੇਰੀ ਨਾਲ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਪੁਰਾਤਨ ਸਮਿਆਂ ਵਿਚ ਮਲ੍ਹਿਆਂ ਦੇ ਬੇਰ ਪਿੰਡਾਂ ਦੇ ਵਿਸ਼ੇਸ਼ ਫਲ਼ ਸਨ। ਇਹਨਾਂ ਬੇਰਾਂ ਨੂੰ ਪਿੰਡਾਂ ਦੇ ਵਿੱਚ ਰੇੜੀਆਂ-ਫੜ੍ਹੀਆਂ ਲਾ ਕੇ ਆਮ ਵੇਚਿਆ ਜਾਂਦਾ ਸੀ। ਅਜੋਕੇ ਸਮੇਂ ਵਿਚ ਸਾਨੂੰ ਮਲ੍ਹਿਆ ਦੇ ਬੇਰ ਖਾਸ ਥਾਵਾਂ ਜਾਂ ਮੇਲਿਆਂ ਵਿੱਚ ਵਿਕਦੇ ਦਿਖਾਈ ਦਿੰਦੇ ਹਨ। ਬੱਚੇ ਇਸਦੇ ਬੇਰਾਂ ਨੂੰ ਕਾਫੀ ਖੁਸ਼ ਹੋ ਕੇ ਖਾਂਦੇ ਹਨ। ਪਰਾਤਨ ਪੰਜਾਬ ਵਿਚ ਡੰਗਰ-ਪਸ਼ੂ ਚਾਰਦਿਆਂ ਚਰਵਾਹੇ ਮਲ੍ਹੇ ਬੇਰਾਂ ਨੂੰ ਆਮ ਖਾਇਆ ਕਰਦੇ ਸਨ।
ਪੰਜਾਬੀ ਲੋਕਧਾਰਾ ਵਿਚ ਮਲ੍ਹੇ ਬੇਰ ਦਾ ਬੋਲਬਾਲਾ
ਮਲ੍ਹੇ ਬੇਰਾਂ ਦਾ ਜਿਕਰ ਪੰਜਾਬੀ ਲੋਕ ਧਾਰਾ ਵਿਚ ਵੀ ਵਿਸ਼ੇਸ਼ ਤੌਰ ’ਤੇ ਮਿਲਦਾ ਹੈ। ਜਿਵੇ ਕਿ ਇਕ ਭਰਜਾਈ ਆਪਣੇ ਦਿਉਰ ਨੂੰ ਸਾਂਝੀ ਰੱਖੀ ਹੋਈ ਬੱਕਰੀ ਦੀ ਖੁਰਾਕ ਦਾ ਪ੍ਰਬੰਧ ਕਰਨ ਲਈ ਆਖਦੀ ਹੋਈ ਕਹਿੰਦੀ ਹੈ ਕਿ-
ਵੱਢ ਮਲ੍ਹੇ ਲਿਆ ਸੁੱਟ ਵਿਹੜੇ
ਵੇ ਤੇਰੀ ਮੇਰੀ ਸਾਂਝੀ ਬੱਕਰੀ
ਦੇਖੇ ਹੋਰ ਵੰਨਗੀ
ਮਲ੍ਹਿਆਂ ਦੇ ਝੁੰਡ ਵਿਚ ਵੇ..
ਕਦੇ ਟੱਕਰੀਂ ਜਿਗਰੀਆ ਯਾਰਾ
ਦੇਖੇ ਹੋਰ ਵੰਨਗੀ
ਕਦ ਅੱਕਾਂ ਨੇ ਫਲ਼ ਦਿੱਤੇ ਤੇ ਕਦ ਮਲ੍ਹਿਆਂ ਨੇ ਛਾਵਾਂ
ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿਚ ਮਲ੍ਹਿਆਂ ਦਾ ਜਿਕਰ
ਪੰਜਾਬੀ ਦਾ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਆਪਣੀ ਕਵਿਤਾ ਮਿਰਚਾਂ ਦੇ ਪੱਤਰ ਵਿਚ ਮਲ੍ਹਿਆਂ ਦਾ ਜਿਕਰ ਕਰਦਾ ਹੋਇਆ ਲਿਖਦਾ ਹੈ ਕਿ-
ਕਿੱਕਰਾਂ ਦੇ ਫੁੱਲਾਂ ਦੀ ਅੜਿਆ
ਕੌਣ ਕਰੇਂਦਾ ਰਾਖੀ ਵੇ
ਕਦ ਕੋਈ ਮਾਲੀ ਮਲ੍ਹਿਆ ਉੱਤੋਂ
ਹਰੀਅਲ ਆਣ ਉਡਾਏ ਵੇ
ਮਲ੍ਹੇ ਬੇਰੀ ਦੇ ਸਿਹਤ ਲਾਭ ਅਤੇ ਦਵਾਈਆਂ ਵਿਚ ਵਰਤੋਂ
ਮਲ੍ਹੇ ਬੇਰੀ ਨੂੰ ਪੁਰਾਤਨ ਸਮੇਂ ਤੋਂ ਅਨੇਕਾਂ ਦਵਾਈਆਂ ਅਤੇ ਸਿਹਤ ਲਾਭਾਂ ਲਈ ਵਰਤਿਆ ਜਾਂਦਾ ਰਿਹਾ ਹੈ। ਇਸ ਵਿਚ ਵਿਟਾਮਨ ਸੀ, ਕੈਲਸ਼ੀਅਮ, ਆਇਰਨ ਅਤੇ ਫਾਸਰੋਸ ਕਾਫੀ ਮਾਤਰਾ ਵਿਚ ਹੁੰਦਾ ਹੈ। ਪੁਰਾਤਨ ਸਮੇਂ ਵਿਚ ਇਸ ਦੇ ਫਲਾਂ ਦਾ ਗੁੱਦਾ ਲਾਹ ਕੇ ਇਸ ਨੂੰ ਸਕਾ ਕੇ ਪੰਜੀਰੀ ਵਿਚ ਵੀ ਰਲਾਇਆ ਜਾਂਦਾ ਸੀ। ਇਸ ਤੋਂ ਇਲਾਵਾ ਇਸ ਵਿਚ ਖਾਸ ਬਾਇਓਐਕਟਿਵ ਤੱਤਾਂ ਦੀ ਭਰਮਾਰ ਹੁੰਦੀ ਹੈ ਜੋ ਫਰਮਾਲੋਜਕਲ ਪੱਖ ਤੋਂ ਕਾਫੀ ਮਹੱਤਵਪੂਰਵ ਹੁੰਦੇ ਹਨ। ਕੈਂਸਰ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਲਈ ਇਹ ਕਾਫੀ ਫਾਇਦੇਮੰਦ ਹੁੰਦੇ ਹਨ। ਰਵਾਇਤੀ ਤੌਰ ’ਤੇ ਪੌਦੇ ਦੇ ਫਲ, ਪੱਤੇ ਅਤੇ ਜੜ੍ਹਾਂ ਨੂੰ ਜ਼ਖ਼ਮ, ਬੁਖਾਰ ਅਤੇ ਪਾਚਨ ਸਮੱਸਿਆਵਾਂ ਸਮੇਤ ਵੱਖ-ਵੱਖ ਸਿਹਤ ਸਮੱਸਿਆਵਾਂ ਦੇ ਇਲਾਜ ਲਈ ਰਵਾਇਤੀ ਉਪਚਾਰਾਂ ਵਿੱਚ ਵਰਤਿਆ ਜਾਂਦਾ ਹੈ। ਇਸ ਦੇ ਫਲਾਂ ਦੀ ਤਾਸੀਰ ਠੰਡੀ ਹੁੰਦੀ ਹੈ।
ਮਲ੍ਹੇ ਬੇਰ ਪੇਟ ਲਈ ਫਾਇਦੇਮੰਦ
ਮਲ੍ਹੇ ਬੇਰਾਂ ਵਿਚ ਕਾਫੀ ਮਾਤਰਾ ਵਿਚ ਫਾਈਬਰ ਅਤੇ ਕਾਰਬੋਹਾਈਡਰੇਟ ਹੁੰਦਾ ਜੋ ਪੇਟ ਫਾਇਦੇਮੰਦ ਹੁੰਦਾ ਹੈ। ਇਸ ਨਾਲ ਪਾਚਨ ਪ੍ਰਣਾਲੀ ਮਜਬੂਤ ਹੁੰਦੀ ਹੈ।
ਐਂਟੀਆਕਸੀਡੈਂਟ ਗੁਣ
ਮਲ੍ਹੇ ਬੇਰਾਂ ਵਿੱਚ ਖਾਸ ਐਂਟੀਆਕਸੀਡੈਂਟ ਹੁੰਦੇ ਹਨ ਜੋ ਆਕਸੀਡੇਟਿਵ ਤਣਾਅ ਅਤੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।
ਸਾੜ-ਵਿਰੋਧੀ ਗੁਣ
ਮਲ੍ਹੇ ਬੇਰੀ ਦੇ ਅਰਕ ਵਿੱਚ ਵਿਸ਼ੇਸ਼ ਸਾੜ-ਵਿਰੋਧੀ ਗੁਣ ਹੁੰਦੇ ਹਨ, ਜੋ ਸੋਜ ਨੂੰ ਘਟਾਉਣ ਅਤੇ ਇਸ ਨਾਲ ਜੁੜੀਆਂ ਹੋਰ ਅਲਾਮਤਾਂ ਨੂੰ ਰੋਕਣ ਵਿੱਚ ਖਾਸ ਮਦਦ ਕਰਦੇ ਹਨ।
ਬਲੱਡਪ੍ਰੈਸ਼ਰ ਅਤੇ ਦਿਲ ਦੀ ਸਿਹਤ ਲਈ ਫਾਇਦੇਮੰਦ
ਮਲ੍ਹੇ ਬੇਰ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਦੇ ਪੱਧਰ ਅਤੇ ਸੋਜ ਨੂੰ ਘਟਾਉਣ ਮਦਦਗਾਰ ਹੁੰਦੇ ਹਨ ਜਿਸ ਨਾਲ ਦਿਲ ਦੀ ਤੰਦਰੁਸਤੀ ਵਿਚ ਮਦਦ ਮਿਲਦੀ ਹੈ।
ਨਿਊਰੋਪ੍ਰੋਟੈਕਟਿਵ ਪ੍ਰਭਾਵ
ਕੁਝ ਅਧਿਐਨਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਦੇ ਪੌਦੇ ਦੇ ਅਰਕ ਵਿੱਚ ਨਿਊਰੋਪ੍ਰੋਟੈਕਟਿਵ ਗੁਣ ਹੁੰਦੇ ਹਨ, ਜੋ ਸੰਭਾਵੀ ਤੌਰ 'ਤੇ ਨਿਊਰੋਡੀਜਨਰੇਟਿਵ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰਦੇ ਹਨ।
ਰੋਗਾਣੂਨਾਸ਼ਕ ਗੁਣ
ਮਲ੍ਹੇ ਬੇਰ ਦੇ ਵਿਚ ਵਿਸ਼ੇਸ਼ ਰੋਗਾਣੂਨਾਸ਼ਕ ਗੁਣ ਹੁੰਦੇ ਹਨ, ਜੋ ਲਾਗਾਂ ਨੂੰ ਰੋਕਣ ਅਤੇ ਜ਼ਖ਼ਮ ਦੇ ਇਲਾਜ ਵਿੱਚ ਵਿਸ਼ੇਸ਼ ਤੌਰ ’ਤੇ ਸਹਾਈ ਹੁੰਦੇ ਹਨ।
ਇਮਊਨ ਸਿਸਟਮ ਲਈ ਫਾਇਦੇਮੰਦ
ਮਲ੍ਹੇ ਬੇਰ ਇਮਿਊਨ ਸਿਸਟਮ ਲਈ ਵੀ ਕਾਫੀ ਫਾਇਦੇਮੰਦ ਹੁੰਦੇ ਹਨ। ਇਨ੍ਹਾ ਦੀ ਨਿਯਮਤ ਵਰਤੋਂ ਨਾਲ ਇਮਊਨ ਸਿਸਟਮ ਮਜਬੂਤ ਹੁੰਦਾ ਹੈ ਅਤੇ ਸਰੀਰ ਦੀ ਅਨੇਕਾਂ ਤਰ੍ਹਾਂ ਦੀਆਂ ਲਾਗਾਂ ਅਤੇ ਬਿਮਾਰੀਆਂ ਪ੍ਰਤੀ ਸ਼ਕਤੀ ਵੱਧ ਜਾਂਦੀ ਹੈ।
ਨੋਟ- ਮਲ੍ਹੇ ਬੇਰ/ Ziziphus nummularia ਦੇ ਕਿਸੇ ਵੀ ਹਿੱਸੇ ਨੂੰ ਦਵਾਈ ਵਜੋਂ ਵਰਤਣ ਤੋਂ ਪਹਿਲਾਂ ਸਿਹਤ ਮਾਹਰ ਦੀ ਸਲਾਹ ਜਰੂਰ ਲਵੋ। ਇਹ ਸਾਰੀ ਜਾਣਕਾਰੀ ਇੰਟਰਨੈੱਟ ਉੱਤੇ ਉਪਲੱਭਦ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਕਰਕੇ ਟਰਾਂਸਲੇਟ ਕੀਤੀ ਗਈ ਹੈ। ਅਸੀਂ ਇਸ ਦੀ ਸਟੀਕਤਾ ਦਾ ਕੋਈ ਦਾਅਵਾ ਨਹੀਂ ਕਰਦੇ।
Post a Comment