ਪੋਹ December Month in Punjabi Folklore and Sikh History
ਪੰਜਾਬੀ ਲੋਕ ਧਾਰਾ, ਸਿੱਖ ਇਤਿਹਾਸ ਅਤੇ ਗੁਰਬਾਣੀ ਵਿਚ ਪੋਹ ਦਾ ਮਹੀਨਾ ਹੈ ਬਹੁਤ ਖਾਸ
ਪੰਜਾਬੀ ਲੋਕਧਾਰਾ ਅਤੇ ਪੰਜਾਬੀ ਜੀਵਨ ਵਿੱਚ ਪਲ , ਘੜੀਆਂ, ਪਹਿਰ, ਥਿੱਤਾਂ, ਵਾਰ, ਰੁੱਤਾਂ, ਦਿਨਾਂ ਅਤੇ ਮਹੀਨਿਆਂ ਦਾ ਖਾਸ ਮਹੱਤਵ ਹੈ। ਗੱਲ ਸਿਰਫ ਮਹੀਨਿਆਂ ਦੀ ਕਰੀਏ ਤਾਂ ਹਰ ਮਹੀਨੇ ਨੂੰ ਲੈ ਕੇ ਪੰਜਾਬੀ ਲੋਕ ਧਾਰਾ ਵਿੱਚ ਅਨੇਕਾਂ ਹਵਾਲੇ ਮਿਲਦੇ ਹਨ। ਪੰਜਾਬੀ ਦੇ ਕਰੀਬ ਹਰ ਵੱਡੇ ਰਚਨਾਕਾਰ ਨੇ ਬਾਰਾਂਮਾਹ ਦੀ ਰਚਨਾ ਕੀਤੀ ਹੈ। ਜਿਸ ਵਿੱਚ ਪੋਹ ਮਹੀਨੇ ਦਾ ਵਾਤਾਵਰਨ ਅਤੇ ਜੀਵਨ ਉੱਤੇ ਪੈਂਦੇ ਇਸਦੇ ਪ੍ਰਭਾਵ ਅਤੇ ਸੁਭਾਅ ਦਾ ਖਾਸ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਮੁੱਚੀ ਪੰਜਾਬੀ ਲੋਕਧਾਰਾ ਵਿੱਚ ਪੋਹ ਮਹੀਨੇ ਦਾ ਜ਼ਿਕਰ ਵਿਸ਼ੇਸ਼ ਤੌਰ ’ਤੇ ਕੀਤਾ ਗਿਆ ਹੈ।
ਸਿੱਖ ਇਤਿਹਾਸ ਨਾਲ ਖਾਸ ਤੌਰ ’ਤੇ ਸੰਬੰਧਿਤ ਹੈ ਪੋਹ ਦਾ ਮਹੀਨਾ
ਇਤਿਹਾਸ ’ਤੇ ਝਾਤੀ ਮਾਰੀਏ ਤਾਂ ਪੋਹ ਦਾ ਮਹੀਨਾ ਸ਼ਹਾਦਤਾਂ ਦੀਆਂ ਇਬਾਰਤਾਂ ਨਾਲ ਭਰਿਆ ਪਿਆ ਹੈ। ਇਤਿਹਾਸ ਮੁਤਾਬਕ ਇਸੇ ਮਹੀਨੇ ਵਿੱਚ ਹੀ 1705 ਈਸਵੀ, 6 ਪੋਹ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੀਝਾਂ ਅਤੇ ਚਾਵਾਂ ਨਾਲ ਵਸਾਏ ਹੋਏ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਸੀ। ਇਸ ਤੋਂ ਬਾਅਦ ਸ਼ਹਾਦਤਾਂ ਦਾ ਦੌਰ ਸ਼ੁਰੂ ਹੁੰਦਾ ਅਤੇ 7 ਪੋਹ ਨੂੰ ਸਰਸਾ ਨਦੀ ਦੇ ਕੰਢੇ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਜਾਂਦਾ ਹੈ। ਇਤਿਹਾਸ ਮੁਤਾਬਕ 8 ਪੋਹ ਨੂੰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਦੀ ਸ਼ਹਾਦਤ ਹੋ ਜਾਂਦੀ ਹੈ। ਇਸ ਤੋਂ ਬਾਅਦ 13 ਪੋਹ ਨੂੰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਵੀ ਸ਼ਹਾਦਤ ਇਸੇ ਮਹੀਨੇ ਵਿੱਚ ਹੀ ਹੁੰਦੀ ਹੈ। ਇਸੇ ਮਹੀਨੇ ਵਿੱਚ ਹੀ ਗੁਰੂ ਸਾਹਿਬ ਨੂੰ ਮਾਛੀਵਾੜੇ ਦੇ ਜੰਗਲ ਵਿੱਚ ਠੰਡੀਆਂ ਰਾਤਾਂ ਦੇ ਦਰਮਿਆਨ ਅਨੇਕਾਂ ਕਸ਼ਟ ਸਹਿਣੇ ਪਏ ਸਨ। ਇਸ ਤੋਂ ਇਲਾਵਾ ਗੁਰੂ ਜੀ ਦੇ ਹੋਰ ਅਨੇਕਾਂ ਪਿਆਰੇ ਅਤੇ ਦੁਲਾਰੇ ਸਿੰਘਾਂ ਦੀ ਸ਼ਹਾਦਤ ਵੀ ਇਸੇ ਮਹੀਨੇ ਵਿੱਚ ਹੀ ਹੁੰਦੀ ਹੈ। ਇਸ ਲਈ ਇਹ ਮਹੀਨਾ ਸਿੱਖ ਇਤਿਹਾਸ ਨਾਲ ਖਾਸ ਸਬੰਧ ਰੱਖਦਾ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਉਚਾਰੇ ਗਏ ਬਾਰਾਂਮਾਂਹ ਵਿਚ ਪੋਹ ਦੇ ਮਹੀਨੇ ਦਾ ਖਾਸ ਜਿਕਰ
ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥
ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥
ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥
ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥
ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥
ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥
ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥
ਪੋਖੁ ਸੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥
ਪੰਜਾਬੀ ਕਵਿਤਾ ਅਤੇ ਕਿੱਸਾ-ਸਹਿਤ ਵਿਚ ਪੋਹ ਮਹੀਨੇ ਦੇ ਜਿਕਰ ਦੇ ਕੁਝ ਖਾਸ ਅੰਸ਼
ਲਾਲਾ ਧਨੀ ਰਾਮ ਚਾਤ੍ਰਿਕ ਆਪਣੀ ਕਵਿਤਾ ‘ਪੰਜਾਬੀ’ ਵਿਚ ਪੋਹ ਦੇ ਮਹੀਨੇ ਦਾ ਜਿਕਰ ਕਰਦਿਆਂ ਲਿਖਦੇ ਹਨ ਕਿ-
ਸ਼ਾਵਾ ਉਇ ਪੰਜਾਬੀ ਸ਼ੇਰਾ !
ਜੰਮਣਾ ਹੀ ਜਗ ਵਿਚ ਹੈ ਤੇਰਾ ।
ਧੰਨ ਤੂੰ ਤੇ ਧੰਨ ਤੇਰੀ ਮਾਈ,
ਧੰਨ ਹਿੰਮਤ ਤੇ ਧੰਨ ਕਮਾਈ ।
ਕੁਦਰਤ ਹੈ ਅਜ ਤੇਰੇ ਵਲ ਦੀ,
ਤੇਰੇ ਸਿਰ ਤੇ ਦੁਨੀਆਂ ਪਲਦੀ ।
ਮੂੰਹ ਤੇਰੇ ਤੇ ਨੂਰ ਖ਼ੁਦਾ ਦਾ,
ਬਾਂਹ ਤੇਰੀ ਵਿਚ ਜ਼ੋਰ ਬਲਾ ਦਾ ।
ਜੇਠ ਹਾੜ ਦੇ ਵਾ-ਵਰੋਲੇ,
ਸਾਉਣ ਮਾਂਹ ਦੇ ਝੱਖੜ ਝੋਲੇ ।
ਰਾਤ ਹਨੇਰੀ, ਪੋਹ ਦੇ ਪਾਲੇ,
ਹਸ ਹਸ ਕੇ ਤੂੰ ਜੱਫਰ ਜਾਲੇ ।
ਸਵੈ-ਰਚਿਤ ਪੰਜਾਬੀ ਕਵਿਤਾ ਦਾ ਇਕ ਹੋਰ ਨਮੂਨਾ
ਪੋਹ-ਮਾਘ ਦੀਆਂ ਰਾਤਾਂ ਕਣਕਾਂ ਨੂੰ ਪਾਣੀ
ਕੱਕਰ-ਕੋਰਾ ਝੱਲਦੀ...ਸੀਨੇ ਕਿਰਸਾਣੀ
ਸੱਚੀਓਂ ਜਾਵੇ ਹੱਡ ਚੀਰਦੀ ਸਰਦੀ ਹੋ..
ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ
ਇਕ ਹੋਰ ਸਵੈ ਰਚਿਤ ਕਵਿਤਾ ਦੀਆਂ ਲਾਈਨਾ-
ਕੱਕਰ ਪੈਂਦਾ ਧਰਤ ’ਤੇ, ਉੱਤੋਂ ਮਹੀਨਾ ਪੋਹ
ਕਿਰਤੀਆ ਤੇਰੀ ਕਿਰਤ ਨੂੰ, ਸਿਜਦਾ ਕਰਾਂ ਖਲੋਅ
ਕਿਰਤੀਆ ਤੇਰੀ ਕਿਰਤ ਨੂੰ, ਸਿਜਦਾ ਕਰਾਂ ਖਲੋਅ
ਪਾਰਾ ਜ਼ੀਰੋ ਡਿੱਗਿਆ, ਠੱਕਾ ਵਗਦਾ ਕਹਿਰ
ਸਿਰ ’ਤੇ ਭਾਰੀ ਪੰਡ ਹੈ, ਨੰਗੇ ਤੇਰੇ ਪੈਰ
ਸਿਰ ’ਤੇ ਭਾਰੀ ਪੰਡ ਹੈ, ਨੰਗੇ ਤੇਰੇ ਪੈਰ
ਬਾਹਰੋਂ ਨੰਗੇ ਪੈਰ ਨੇ, ਅੰਦਰੋਂ ਭੁੱਖਾ ਢਿੱਡ
ਲੋਕੀਂ ਵਿਚ ਰਜਾਈਆਂ, ਲਾਹੁੰਦੇ ਪਏ ਅਜੇ ਗਿੱਡ
ਤੂੰ ਯੋਧਾ ਇਸ ਯੁੱਗ ਦਾ, ਕੋਈ ਨਾ ਤੇਰੇ ਤੁੱਲ
ਪਰ ਤੇਰੀ ਇਸ ਕਿਰਤ ਦਾ, ਕਿਸੇ ਨਹੀਂ ਦੇਣਾ ਮੁੱਲ
ਲੋਕੀਂ ਵਿਚ ਰਜਾਈਆਂ, ਲਾਹੁੰਦੇ ਪਏ ਅਜੇ ਗਿੱਡ
ਤੂੰ ਯੋਧਾ ਇਸ ਯੁੱਗ ਦਾ, ਕੋਈ ਨਾ ਤੇਰੇ ਤੁੱਲ
ਪਰ ਤੇਰੀ ਇਸ ਕਿਰਤ ਦਾ, ਕਿਸੇ ਨਹੀਂ ਦੇਣਾ ਮੁੱਲ
ਵਾਰਿਸ ਸ਼ਾਹ ਦੀ ਹੀਰ ਵਿਚ ਪੋਹ ਦੇ ਮਹੀਨੇ ਦਾ ਜਿਕਰ
ਵਾਰਿਸ ਸ਼ਾਹ ਦੀ ਹੀਰ ਵਿਚ ਇਕ ਥਾਂ ਉੱਤੇ ਪੋਹ ਦੇ ਮਹੀਨੇ ਦਾ ਜਿਕਰ ਉਦੋਂ ਮਿਲਦਾ ਹੈ, ਜਦੋਂ ਕੈਦੋਂ ਬੇਲੇ ਵਿੱਚ ਲੁਕ ਕੇ ਬਹਿ ਜਾਂਦਾ ਹੈ, ਦੇਖੋ ਵੰਨਗੀ-
ਵੱਡੀ ਹੋਈ ਉਸ਼ੇਰ ਤਾਂ ਜਾ ਛਹਿਆ,
ਪੋਹ ਮਾਘ ਕੁੱਤਾ ਵਿੱਚ ਕੁੰਨੂਆਂ ਦੇ ।
ਪੰਜਾਬੀ ਅਖਾਣ-ਮੁਹਾਵਰਿਆਂ ਵਿਚ ਪੋਹ ਮਹੀਨੇ ਦਾ ਖਾਸ ਜ਼ਿਕਰ
ਪੰਜਾਬੀ ਅਖਾਣ ਮੁਹਾਵਰਿਆਂ ਵਿਚ ਵੀ ਪੋਹ ਮਹੀਨੇ ਦਾ ਖਾਸ ਜ਼ਿਕਰ ਮਿਲਦਾ ਹੈ। ਦੇਖੋ ਕੁੱਝ ਨਮੂਨੇ
ਪੋਹ-ਮਾਘ ਦੀ ਝੜ੍ਹੀ, ਕੋਠਾਂ ਛੱਡੇ ਨਾ ਕੜੀ।
ਪੋਹ.. ਪਾਲ਼ੇ ਦਾ ਰੋਹ।
ਪੋਹ-ਮਾਘ ਦੀ ਦਿਹਾੜੀ, ਚੌਕਾਂ, ਚੁੱਲ੍ਹਾ ਅਤੇ ਬਹਾਰੀ।
ਪੋਹ ਰਿੱਧੀ ਤੇ ਮਾਘ ਖਾਧੀ।
ਪੋਹ ਮਹੀਨੇ ਨਾਲ ਜੁੜੇ ਹੋਰ ਅਖਾਣ-
ਪਾਲ਼ਾ ਪੋਹ ਨਾ ਪਾਲ਼ਾ ਮਾਘ, ਪਾਲ਼ਾ ਵਾ ਦਾ।
ਚੜ੍ਹ ਗਿਆ ਪੋਹ, ਬਚਣਗੇ ਉਹ, ਜਿਹੜੇ ਸੌਣਗੇ ਦੋ।
ਵਰਸੇ ਪੋਹ, ਜੇਹਾ ਇਹ, ਤੇਹਾ ਉਹ।
ਚੜ੍ਹਿਆ ਪੋਹ, ਤਵਾ ਲਾਹ ਤੇ ਤੌੜੀ ਧੋ।
ਸਾਵਣ ਵਹਾਏ, ਕੱਤਕ ਗਹਾਏ, ਔਰ ਪੋਹ ਪਿਲਾਏ, ਘਾਟਾ ਮੂਲ ਨ ਖਾਇ।
ਜਸਬੀਰ ਵਾਟਾਂਵਾਲੀਆ
Post a Comment