ਪੰਜਾਬੀ ਲੋਕ ਧਾਰਾ ਵਿੱਚ ਸਮੁੱਚੇ ਕਿੱਸੇ, ਕਹਾਣੀਆਂ, ਕਵਿਤਾਵਾਂ, ਬਾਤਾਂ, ਲੋਕ ਖੇਡਾਂ, ਟੱਪੇ, ਮਾਹੀਏ, ਸਿੱਠਣੀਆਂ, ਘੋੜੀਆਂ, ਸੁਹਾਗ, ਅਤੇ ਗੁਰਬਾਣੀ ਵਿੱਚ ਵੀ ਖੂਹ ਦਾ ਜ਼ਿਕਰ ਬਾਖੂਬੀ ਮਿਲਦਾ ਹੈ।
ਪੁਰਾਣੇ ਪੰਜਾਬ ਦਾ ਸਮੁੱਚਾ ਜੀਵਨ ਖੂਹ ਦੇ ਆਲੇ-ਦੁਆਲੇ ਕੇਂਦਰਿਤ ਸੀ। ਸ਼ਾਇਦ ਇਸੇ ਕਰਕੇ ਹੀ ਪੰਜਾਬੀ ਲੋਕਧਾਰਾ ਦੇ ਹਰ ਸਾਹਿਤ ਰੂਪ ਵਿੱਚ ਖੂਹ ਦਾ ਜ਼ਿਕਰ ਬਾਖੂਬੀ ਮਿਲਦਾ ਹੈ। ਪੰਜਾਬੀ ਲੋਕ ਧਾਰਾ ਵਿੱਚ ਸਮੁੱਚੇ ਕਿੱਸੇ, ਕਹਾਣੀਆਂ, ਕਵਿਤਾਵਾਂ, ਬਾਤਾਂ, ਲੋਕ ਖੇਡਾਂ, ਟੱਪੇ, ਮਾਹੀਏ, ਸਿੱਠਣੀਆਂ, ਘੋੜੀਆਂ, ਸੁਹਾਗ, ਅਤੇ ਗੁਰਬਾਣੀ ਵਿੱਚ ਵੀ ਖੂਹ ਦਾ ਜ਼ਿਕਰ ਬਾਖੂਬੀ ਮਿਲਦਾ ਹੈ। ਇਸ ਲੇਖ ਵਿੱਚ ਤੁਸੀਂ ਪੜੋਗੇ ਕਿ ਸਾਡਾ ਸਮੁੱਚਾ ਪੁਰਾਤਨ ਲੋਕ ਸਾਹਿਤ ਅਤੇ ਉਸ ਵਿੱਚੋਂ ਝਲਕਦਾ ਪੰਜਾਬੀ ਜੀਵਨ ਖੂਹ ਦੇ ਦੁਆਲੇ ਕਿੰਨਾ ਜ਼ਿਆਦਾ ਕੇਂਦਰਿਤ ਸੀ। ਦੇਖੇ ਸਮੁੱਚੇ ਪੰਜਾਬੀ ਲੋਕ ਸਾਹਿਤ ਵਿਚ ਕਿੰਨੀ ਰੂਹ ਨਾਲ ਕੀਤਾ ਗਿਆ ਹੈ ਖੂਹ ਜਿਕਰ-
ਖੂਹ ਦੇ ਨਾਲ ਜੁੜੇ ਲੋਕ ਗੀਤ, ਘੋੜੀਆਂ ਅਤੇ ਸੁਹਾਗ
ਮਾਲਣ ਨੇ ਬਖਸ਼ਿਆ ਵੀਰਾ
ਫੁੱਲਾਂ ਦਾ ਸਿਹਰਾ ਵੇ
ਘੋੜਾ ਤਾਂ ਬੀੜੀਂ ਵੇ ਵੀਰਾ
ਖੂਹੇ ਵੱਲ ਜਾਵੀਂ ਵੇ
ਉਥੇ ਤਾਂ ਬੈਠੀ ਵੇ ਵੀਰਾ
ਖੂਹੇ ਦੀ ਮਹਿਰਮ ਵੇ
ਉਹਨੂੰ ਤਾਂ ਜਾ ਕੇ ਵੀਰਾ
ਸੀਸ ਨਿਵਾਵੀਂ ਵੇ
ਸਿੱਠਣੀਆਂ ਦੇ ਵਿੱਚ ਖੂਹ ਦਾ ਜ਼ਿਕਰ
ਵੇ ਸਿੱਠਣੀਆਂ ਦੀ ਪੰਡ ਬੰਨਦਿਆਂ ਜੀਜਾ
ਵੇ ਕੋਈ ਦੋਹਰਿਆਂ ਨਾਲ ਭਰਦਿਆਂ ਖੂਹ
ਤੂੰ ਵੀ ਕੋਈ ਦੋਹਾ ਜੋੜ ਲੈ ਜੀਜਾ
ਨਹੀਂ ਤਾਂ ਛੱਡ ਜਾ ਪਿੰਡ ਦੀ ਜੂਹ
ਵੇ ਸੁਣਦਿਆ ਕੰਨ ਕਰੀਂ
ਛੱਡ ਜਾ ਪਿੰਡ ਦੀ ਜੂਹ
ਜਾਂ ਇਹ ਵੀ ਕਿਹਾ ਜਾਂਦਾ ਸੀ ਕਿ
ਜਾਂਞੀਓ-ਮਾਂਜੀਓ ਕਿਹੜੇ ਵੇਲੇ ਹੋਏ ਨੇ
ਖਾ-ਖਾ ਰੱਜੇ ਨਾ ਢਿੱਡ ਨੇ ਕੇ ਟੋਏ ਨੇ
ਨਿੱਕੇ ਨਿੱਕੇ ਮੂੰਹ ਨੇ ਢਿੱਡ ਨਹੀਂ ਕੇ ਖੂਹ ਨੇ
ਖਾ ਰਹੇ ਹੋ ਤਾਂ ਉੱਠੋ ਸਹੀ...
ਹੇਰੇ / ਹੇਅਰੇ ਜਾਂ ਹੇਰਿਆਂ ਦੇ ਵਿੱਚ ਖੂਹ ਦਾ ਜਿਕਰ
ਵਿਆਹ ਮੌਕੇ ਜਾਂਞੀਆਂ ਦੇ ਨਾਲ ਸਵਾਲ-ਜਵਾਬ ਕਰਨ ਲਈ ਅਕਸਰ ਹੇਰੇ ਬੋਲੇ ਜਾਂਦੇ ਸਨ। ਇਨਾ ਹੇਰਿਆਂ ਦੇ ਵਿੱਚ ਵੀ ਖੂਹ ਦਾ ਜ਼ਿਕਰ ਮਿਲਦਾ ਹੈ। ਜਿਵੇਂ ਦੇਖੋ ਵੰਨਗੀ
ਅੱਠ ਖੂਹ ਨੌਂ ਪਾੜਛੇ
ਵਿੱਚ ਪਾਣੀ ਘੁੰਮਣ ਘੇਰ
ਜੇ ਤੂੰ ਐਡਾ ਚਤਰ ਹੈਂ
ਦੱਸ ਪਾਣੀ ਕਿੰਨੇ ਸੇਰ
ਵੇ ਗਿਆਨੀਆਂ ਵੇ..
ਦਸ ਪਾਣੀ ਕਿੰਨੇ ਸੇਰ
ਉਹਦੇ ਉੱਤਰ ਵਿੱਚ ਅੱਗੋਂ ਕਿਹਾ ਜਾਂਦਾ ਸੀ
ਅੱਠ ਖੂਹ ਨੌਂ ਪਾੜਛੇ
ਵਿੱਚ ਪਾਣੀ ਘੁੰਮਣ ਘੇਰ
ਜਿੰਨੇ ਤਾਰੇ ਅਰਸ਼ ਦੇ ਨੀ
ਕੋਈ ਪਾਣੀ ਓਨੇ ਸੇਰ
ਸਮਝ ਲੈ ਗਿਆਨਣੇਂ ਨੀ
ਹੈ ਪਾਣੀ ਓਨੇ ਸੇਰ...
ਲੋਕ ਕਾਵਿ ਹੀਰ ਦੇ ਵਿਚ ਖੂਹ ਦਾ ਜ਼ਿਕਰ
ਕੁੜੀਏ ਨੀ ਧਨੀਆ ਨੀ ਬੀਜੀਏ
ਝੰਗ ਸਿਆਲਾਂ ਦੇ ਖੂਹ ’ਤੇ
ਮੁੰਡਿਆ ਵੇ ਬੰਸਰੀ ਵਾਲਿਆ
ਆ ਮਿਲੀਏ ਝੰਗ ਸਿਆਲਾਂ ਦੇ ਖੂਹ ’ਤੇ
ਹੋਰ ਵੰਨਗੀ-
ਹੀਰੇ ਨੀ ਖਾਰਿਆਂ ਖੂਹਾਂ ਦੇ ਪਾਣੀ ਮਿੱਠੇ ਨਾ ਹੁੰਦੇ
ਭਾਵੇਂ ਲੱਖਾਂ ਮਣਾਂ ਗੁੜ ਪਾਈਏ ਨੀ
ਲਾਡਲੀਏ ਅਲਬੇਲੀਏ ਹੀਰੇ
ਤੈ ਪੰਛੀ ਰੱਖੇ ਕਵਾਰੇ ਨੀ
ਲੋਕ ਗੀਤਾਂ ਵਿੱਚ ਖੂਹ
ਖੂਹੇ ’ਤੇ ਮੈਂ ਪਾਣੀ ਭਰਾਂ
ਚੀਰੇ ਵਾਲਿਆ ਵੇ
ਗਾਗਰ ਨੂੰ ਹੱਥ ਲਵਾ
ਮੈਂ ਜਲ ਵੇ ਰਸੀਆ
ਗਾਗਰ ਨੂੰ ਹੱਥ ਲਵਾ
ਜਾਂ
ਦੇਈਂ ਵੇ ਬਾਬਲਾ ਓਸ ਘਰੇ
ਜਿੱਥੇ ਵਗਣ ਦਵਾਟੇ ਖੂਹ
ਠੰਡਾ-ਮਿੱਠਾ ਜਲ ਭਰਾਂ
ਮੇਰੀ ਭਿੱਜੀ ਰਹੇ ਸਦਾ ਰੂਹ
ਵੇ ਬਾਬਲਾ ਤੇਰਾ ਪੁੰਨ ਹੋਵੇ...
ਜਾਂ
ਖੂਹ ’ਤੇ ਪਾਣੀ ਭਰਦੀ ਏ ਮੁਟਿਆਰੇ ਨੀਂ
ਪਾਣੀ ਦਾ ਘੁੱਟ ਪਿਲਾ ਬਾਂਕੀਏ ਨਾਰੇ ਨੀਂ
ਲੋਕ ਗੀਤ ਛੱਲੇ ਦੇ ਵਿੱਚ ਖੂਹ ਦਾ ਜ਼ਿਕਰ
ਲੋਕ ਗੀਤ ਛੱਲੇ ਦੇ ਵਿੱਚ ਖੂਹ ਦਾ ਜ਼ਿਕਰ ਅਨੇਕਾਂ ਵਾਰ ਹੋਇਆ ਹੈ, ਜਿਵੇਂ ਦੇਖੋ ਵਨਗੀਆਂ
ਛੱਲਾ ਖੂਹ ’ਤੇ ਧਰੀਏ
ਗੱਲਾਂ ਮੂੰਹ ’ਤੇ ਕਰੀਏ
ਜਾਂ
ਛੱਲਾ ਪਿਆ ਜੂਹ 'ਤੇ
ਮਾਹੀ ਮਿਲਿਆ ਖੂਹ 'ਤੇ
ਛੱਲਾ ਸਾਵਾ ਤੂਤ ਏ
ਲਗਾ ਆਵੀਂ ਖੂਹ ’ਤੇ
ਵੇ ਮੇਰੀ ਜਾਨ ਮਲੂਕ ਏ
ਟੱਪਿਆਂ ਵਿੱਚ ਖੂਹ ਦਾ ਜ਼ਿਕਰ
ਖੂਹੇ ’ਤੇ ਆ ਮਾਹੀਆ
ਨਾਲੇ ਕੋਈ ਗੱਲ ਕਰ ਜਾ
ਨਾਲੇ ਘੜਾ ਵੇ ਚੁੱਕਾ ਮਾਹੀਆ
ਬੋਲੀਆਂ ਦੇ ਵਿੱਚ ਖੂਹ ਦਾ ਜ਼ਿਕਰ
ਤਾਰਾਂ..ਤਾਰਾਂ.. ਤਾਰਾਂ..
ਬੋਲੀਆਂ ਦਾ ਖੂਹ ਭਰਦਿਆਂ
ਜਿਥੇ ਪਾਣੀ ਭਰਨ ਮੁਟਿਆਰਾਂ
ਬੋਲੀਆਂ ਦੀ ਸੜਕ ਬੰਨ੍ਹਾ
ਜਿੱਥੇ ਚਲਦੀਆਂ ਮੋਟਰ-ਕਾਰਾਂ
ਬੋਲੀਆਂ ਦੀ ਰੇਲ ਭਰਾਂ
ਜਿੱਥੇ ਦੁਨੀਆ ਚੜੇ ਹਜ਼ਾਰਾਂ
ਬੋਲੀਆਂ ਦੀ ਕਿੱਕਰ ਭਰਾਂ
ਜਿੱਥੇ ਕਾਟੋ ਲਵੇ ਬਹਾਰਾਂ
ਬੋਲੀਆਂ ਦੀ ਨਹਿਰ ਭਰਾਂ
ਜਿੱਥੇ ਵੱਗਦੇ ਮੋਗੇ ਨਾਲਾਂ
ਜਿਉਂਦੀ ਮੈਂ ਮਰ ਗਈ
ਕੱਢੀਆਂ ਜੇਠ ਨੇ ਗਾਹਲਾਂ..
ਦੇਖੇ ਹੋਰ ਵੰਨਗੀ-
ਸੁਣ ਨੀ ਕੁੜੀਏ ਮਛਲੀ ਵਾਲੀਏ
ਮਛਲੀ ਨਾ ਚਮਕਾਈਏ
ਖੂਹ ਟੋਬੇ ਤੇਰੀ ਹੋਵੇ ਚਰਚਾ
ਚਰਚਾ ਨਾ ਕਰਵਾਈਏ
ਨੀ ਧਰਮੀ ਬਾਬਲ ਦੀ
ਪੱਗ ਨੂੰ ਲਾਜ ਨਾ ਲਾਈਏ
ਲੋਰੀਆਂ ਦੇ ਵਿੱਚ ਖੂਹ ਦਾ ਜ਼ਿਕਰ
ਗੁੱਡੀ ਮੇਰੀ ਬੀਬੀ ਰਾਣੀ
ਭਰ ਲਿਆਵੇ ਖੂਹੇ ਤੋਂ ਪਾਣੀ
ਛਮ ਛਮ ਵਰਸਿਆ ਮੀਂਹ
ਡਿੱਗ ਪਈ ਮੇਰੀ ਰਾਣੀ ਧੀ
ਸੌਂ ਜਾ ਮੇਰੀ ਰਾਣੀ ਧੀ
ਲੋਕ ਖੇਡਾਂ ਦੇ ਵਿੱਚ ਖੂਹ ਦਾ ਜ਼ਿਕਰ
ਪੰਜਾਬ ਦੀਆਂ ਅਨੇਕਾਂ ਲੋਕ ਖੇਡਾਂ ਦੇ ਵਿੱਚ ਵੀ ਖੂਹ ਦਾ ਜ਼ਿਕਰ ਮਿਲਦਾ ਹੈ। ਇਹਨਾਂ ਖੇਡਾਂ ਵਿੱਚੋਂ ਇੱਕ ਖੇਡ ਹੈ 'ਥਾਲ' ਉਸ ਵਿੱਚ ਖੂਹ ਦਾ ਜ਼ਿਕਰ ਬਖੂਬੀ ਕੀਤਾ ਗਿਆ ਹੈ। ਜਿਵੇਂ ਕਿ ਦੇਖੋ ਵੰਨਗੀ
ਖੂਹ ਵਿੱਚ ਪੌੜੀ, ਸੱਸ ਮੇਰੀ ਕੌੜੀ
ਸਹੁਰਾ ਮੇਰਾ ਮਿੱਠਾ, ਲੈਲਪੁਰ ਡਿੱਠਾ
ਲੈਲਪੁਰੇ ਦੀਆਂ ਕੁੜੀਆਂ ਆਈਆਂ
ਨੰਦਕਾਰ ਨੂੰ ਨਾਲ ਲਿਆਈਆਂ
ਨੰਦ ਕੌਰ ਦਾ ਗਿੱਟਾ ਭੱਜਾ
ਹਿੰਗ ਜਵੈਣ ਲਾਈ
ਤੂੰ ਨਾ ਲਾਈ ਮੈਂ ਨਾ ਲਾਈ
ਲਾ ਗਿਆ ਇੱਕ ਕਸਾਈ
ਤੇਰੇ ਪੇਕਿਆਂ ਦਾ ਨਾਈ
ਤੇਰੇ ਸਹੁਰਿਆਂ ਦਾ ਨਾਈ
ਮੈਨੂੰ ਅੱਜ ਖਬਰ ਆਈ
ਆਲ ਮਾਲ ਹੋਇਆ ਥਾਲ...
ਇਸੇ ਤਰ੍ਹਾਂ ਇੱਕ ਹੋਰ ਜ਼ਿਕਰ ਮਿਲਦਾ ਹੈ-
ਕੋਠੇ ਉੱਤੇ ਤਾਣੀ,
ਖੂਹ ਦਾ ਮਿੱਠਾ ਪਾਣੀ
ਬਾਬਲ ਮੇਰਾ ਰਾਜਾ,
ਅੰਮੀ ਮੇਰੀ ਰਾਣੀ
ਦੁੱਧ ਦੇਵਾਂ, ਦਹੀਂ ਜਮਾਵਾਂ,
ਵੀਰਾਂ ਦੀਆਂ ਦੂਰ ਬਲਾਵਾਂ
ਵੇਲ ਕੱਢਾਂ, ਫੁੱਲ ਕੱਢਾਂ,
ਕੱਢਾਂ ਮੈਂ ਕਸੀਦੜਾ
ਲਹਿਰ ਦੀ ਮੈਂ ਵੇਲ ਪਾਵਾਂ
ਰੰਗਾਂ ਦਾ ਬਗੀਚੜਾ
ਸਭ ਪਰਾਈਆਂ ਕੁੜੀਆਂ
ਆਹਰੇ-ਪਾਹਰੇ ਜੁੜੀਆਂ
ਆਲ-ਮਾਲ ਹੋਇਆ ਬੀਬੀ ਪੂਰਾ ਥਾਲ...
ਅਖਾਣ ਮੁਹਾਵਰਿਆਂ ਵਿੱਚ ਖੂਹ
ਬੰਦਿਆਂ ਨੂੰ ਬੰਦੇ ਮਿਲ ਪੈਂਦੇ ਆ
ਖੂਹਾਂ ਨੂੰ ਖੂਹ ਨਹੀਂ ਮਿਲਦੇ
ਜਾਂ ਇਹ ਵੀ ਕਿਹਾ ਜਾਂਦਾ ਹੈ ਕਿ-
ਖਾਲ ਹੋਵੇ ਤਾਂ ਟੱਪੀਏ,
ਖੂਹ ਨਾ ਟੱਪਿਆ ਜਾ
ਸ਼ੱਕਰ ਹੋਵੇ ਤਾਂ ਵੰਡੀਏ,
ਰੂਪ ਨਾ ਵੰਡਿਆ ਜਾ
ਜਾਂ
ਵੈਹੜਕਾ ਖੂਹ ਚ ਡਿੱਗਆ,
ਨੱਥ ਵੀ ਪਾ ਹੀ ਦਿਓ।
ਜਦੋਂ ਕੋਈ ਕਿਸੇ ਨਾਲ ਗੁੱਸੇ ਹੋਵੇ ਤਾਂ ਅਕਸਰ ਇਹ ਮੁਹਾਵਰਾ ਬੋਲਦਾ ਹੈ ਕਿ
ਜਾ ਢੱਠੇ ਖੂਹ ਵਿੱਚ ਪੈ...
ਇਸੇ ਤਰ੍ਹਾਂ ਜਦੋਂ ਕੋਈ ਬਣਿਆ ਬਣਾਇਆ ਕਾਰਜ ਵਿਗਾੜ ਦੇਵੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ
ਅਕਲਾਂ ਬਾਝੋਂ ਖੂਹ ਖਾਲੀ...
ਜਾ ਕਿਹਾ ਜਾਂਦਾ ਹੈ ਕਿ
ਕੀਤੀ ਕਰਵਾਈ ਖੂਹ ਵਿੱਚ ਪਾਈ...
ਇਹ ਵੀ ਕਿਹਾ ਜਾਂਦਾ ਹੈ ਕਿ
ਖੂਹ ਪੁੱਟਦੇ ਨੂੰ ਖਾਤਾ ਤਿਆਰ
ਇਹ ਵੀ ਕਿਹਾ ਜਾਂਦਾ ਹੈ ਕਿ
ਘਰ ਨੂੰ ਲੱਗੀ ਅੱਗ
ਹੁਣ ਖੂਹ ਪੱਟਣ ਨੂੰ ਭੱਜ
ਇਹ ਵੀ ਕਿਹਾ ਜਾਂਦਾ ਹੈ ਕਿ-
ਮੂੰਹ ਚੂਹੀ... ਢਿੱਡ ਖੂਹੀ...
ਖੂਹ ਦਾ ਜ਼ਿਕਰ ਕਰਦਾ ਇਕ ਮੁਹਾਵਰਾ ਇਹ ਵੀ ਹੈ ਕਿ-
ਅੱਗੇ ਖੂਹ ਪਿੱਛੇ ਖਾਈ
ਇਹ ਕਿਹਾ ਜਾਂਦਾ ਹੈ ਕਿ
ਖਾਦਿਆਂ ਤਾਂ ਖੂਹ ਵੀ ਖਾਲੀ ਹੋ ਜਾਂਦੇ ਹਨ
ਜਾਂ
ਸਦਾਂ ਤਾਂ ਖੂਹ ਵੀ ਲਵੇਰੇ ਨਹੀਂ ਰਹਿੰਦੇ।
ਇਹ ਵੀ ਕਿਹਾ ਜਾਂਦਾ ਹੈ ਕਿ
ਖਾਰੇ ਖੂਹ ਨਾ ਮਿੱਠੇ ਹੁੰਦੇ, ਭਾਵੇਂ ਸੌ ਮਣ ਵਿਚ ਗੁੜ ਘੱਤੀਏ ਨੀਂ
ਲੋਕ ਬਾਤਾਂ ਵਿੱਚ ਖੂਹ
ਇੱਕ ਖੂਹ ਵਿੱਚ ਨੌਂ ਦਸ ਪਰੀਆਂ
ਇਕ ਦੂਜੇ ਨਾਲ ਸਿਰ ਜੋੜੀ ਖੜੀਆਂ
ਜਦੋਂ ਖੋਲਿਆ ਖੂਹ ਦਾ ਪਾਟ
ਦਿਲ ਕਰੇ ਸਭ ਨੂੰ ਕਰਜਾਂ ਚਾਟ
ਸੰਤਰਾ
ਇਕ ਬਾਤ ਇਹੀ ਹੈ ਕਿ
ਰੜੇ ਮੈਦਾਨ ਵਿੱਚ ਪਾਣੀ ਦਾ ਡੱਬਾ
ਚੱਕ ਨਹੀਂ ਹੁੰਦਾ ਚੁਕਾ ਦੇ ਰੱਬਾ
ਖੂਹ
ਇੱਕ ਹੋਰ ਮਸ਼ਹੂਰ ਬਾਤ ਹੈ ਜਿਸਨੂੰ ਯਮਲੇ ਜੱਟ ਨੇ ਗੀਤ ਰਾਹੀਂ ਵੀ ਗਾਇਆ ਹੈ-
ਆਰ ਢਾਂਗਾ ਪਾਰ ਢਾਂਗਾ
ਵਿੱਚ ਟੱਲਮ-ਟੱਲੀਆਂ
ਆਉਣ ਕੂੰਜਾਂ ਦੇਣ ਬੱਚੇ
ਨਦੀ ਨਾਵਣ ਚਲੀਆਂ
ਖੂਹ
ਲੋਕ ਗਥਾਵਾਂ ਅਤੇ ਕਿੱਸਾ ਸਾਹਿਤ ਵਿਚ ਖੂਹ ਦਾ ਜ਼ਿਕਰ
ਪੰਜਾਬੀ ਲੋਕ ਧਾਰਾ ਦੇ ਸਮੁੱਚੇ ਕਿੱਸਾ ਸਾਹਿਤ ਦੇ ਵਿਚ ਖੂਹ ਦਾ ਖੂਬ ਜਿਕਰ ਹੋਇਆ ਹੈ। ਜੇਕਰ ਗੱਲ ਕਰੀਏ ਪੂਰਨ ਭਗਤ ਦੇ ਕਿੱਸੇ ਦੀ ਤਾਂ ਇਸ ਦੇ ਬਿਰਤਾਂਤ ਦੇ ਵਿੱਚ ਵੀ ਖੂਹ ਦਾ ਖਾਸ ਜ਼ਿਕਰ ਹੈ। ਬਿਰਤਾਂਤ ਦੇ ਕੇਂਦਰ ਵਿਚ ਖੂਹ ਹੋਣ ਕਾਰਨ ਇਸ ਦੀਆਂ ਅਨੇਕਾਂ ਤੁਕਾਂ ਖੂਹ ਦੇ ਦੁਆਲੇ ਉਸਾਰੀਆਂ ਗਈਆਂ ਹਨ।
ਸਮੁੱਚੇ ਕਿੱਸਾ ਸਾਹਿਤ ਅਤੇ ਖਾਸਕਰ ਕਾਦਰ ਯਾਰ ਦੇ ਕਿੱਸੇ ਦੇ ਵਿਚ ਖੂਹ ਦੇ ਜ਼ਿਕਰ ਦੀਆਂ ਦੇਖੋ ਵੰਨਗੀਆਂ-
ਵੇ ਮੈਂ ਖੂਹ ਲਵਾਵਾਂ ਪੂਰਨਾ
ਵੇ ਤੂੰ ਨਾਵਣ ਦੇ ਪੱਜ ਆ
ਵੇ ਸੋਹਣਿਆ ਪੂਰਨਾ
ਵੇ ਤੂੰ ਨਾਵਣ ਦੇ ਪੱਜ ਆ
ਨੀ ਮੈਂ ਨਾਵਣ ਦੇ ਪੱਜ ਨਾ ਆਵਾਂ
ਤੂੰ ਲੱਗਦੀ ਧਰਮ ਦੀ ਮੇਰੀ ਮਾਂ
ਨੀ ਅਕਲੋਂ ਸਿਆਣੀਏ
ਤੂੰ ਲੱਗਦੀ ਧਰਮ ਦੀ ਮਾਂ
ਜਾਂ
ਪੁੱਤਰ ਪਕੜ ਬਿਗਾਨਿਆਂ ਮਾਪਿਆਂ ਦਾ
ਪੂਰਨ ਭਗਤ ਨੂੰ ਲੈ ਗਏ ਬਾਹਰ ਜੂਹੇ
ਉਹਦੇ ਦਸਤ ਸਹਿਕਾਏ ਕੇ ਵੱਡਿਓ ਨਾ
ਉਹਦੀ ਲੋਥ ਵਹਾਉਂਦੇ ਵਿਚ ਖੂਹੇ
ਹੋਰ ਵੰਨਗੀ
ਉਸੇ ਵਕਤ ਜਲਾਦਾਂ ਨੂੰ ਆਖਿਆ ਸੂ
ਖੂਹੇ ਵਿਚ ਪਾਓ ਇਹਨੂੰ ਜਾਇ ਕੇ ਜੀ
ਕਾਦਰਯਾਰ ਮੀਆਂ ਇਸ ਖੂਹੇ ਅੰਦਰ
ਕਰ ਗਏ ਦਾਖਲ ਉਹ ਮੈਨੂੰ ਆਇਕੇ ਜੀ
ਦੇਖੋ ਇੱਕ ਹੋਰ ਵੰਨਗੀ ਜਿਸ ਵਿੱਚ ਪੂਰਨ ਭਗਤ ਆਪਣੀ ਮਾਂ ਨਾਲ ਵਾਰਤਾਲਾਪ ਕਰਦਾ ਹੋਇਆ ਕਹਿੰਦਾ ਹੈ ਕਿ
ਸਵਾਦ ਸਾਹਿਬ ਦਿਤੀ ਜਿੰਦ ਜਾਨ ਮੇਰੀ
ਕੀ ਤੂੰ ਲੱਗੀ ਹੈ ਸੱਚ ਪਛਾਣ ਮਾਏਂ
ਗੁਰੂ ਨਾਥ ਜੀ ਕੱਢਿਆ ਖੂਹ ਵਿੱਚੋਂ
ਰੱਬ ਦਿੱਤੇ ਨੀਂ ਲੈਣ ਪ੍ਰਾਣ ਮਾਏਂ
ਵਾਰਿਸ ਸ਼ਾਹ ਦੀ ਹੀਰ ਵਿੱਚ ਖੂਹ ਦਾ ਜਿਕਰ
ਵਾਰਿਸ ਸ਼ਾਹ ਦੀ ਹੀਰ ਵਿੱਚ ਖੂਹ ਦਾ ਅਨੇਕਾਂ ਵਾਰ ਜਿਕਰ ਮਿਲਦਾ ਹੈ ਇੱਕ ਥਾਂ ਵਾਰਿਸ ਸ਼ਾਹ ਲਿਖਦਾ ਹੈ ਕਿ
ਹਮੀਂ ਭਿੱਛਿਆ ਵਾਸਤੇ ਤਿਆਰ ਬੈਠੇ
ਤੁਮੀਂ ਆਣ ਕੇ ਰਿਕਤਾਂ ਛੇੜਦੀਆਂ ਹੋ
ਅਸਾਂ ਲਾਹ ਪੰਜਾਲੀਆਂ ਜੋਗ ਛੱਡੀ
ਤੁਸੀਂ ਫੇਰ ਮੁੜ ਖੂਹ ਨੂੰ ਗੇੜਦੀਆਂ ਹੋ
ਅਸੀਂ ਛੱਡ ਝੇੜੇ ਯੋਗ ਲਾਇ ਬੈਠੇ
ਤੁਸੀਂ ਫੇਰ ਅਲੂਦ ਲਬੇੜਦੀਆਂ ਹੋ
ਪਿੱਛੋਂ ਕਹੋਗੀ ਭੂਤਨੇ ਆਣ ਲੱਗੇ
ਅੰਨੇ ਖੂਹ ਵਿੱਚ ਸੰਗ ਕਿਉਂ ਰੇੜਦੀਆਂ ਹੋ
ਹਮੀਂ ਭਿਖਿਆ ਮਾਂਗਨੇ ਚਲੇ ਹਾਂ ਰੀ
ਤੁਮੇ ਆਣ ਕੇ ਕਾਹੇ ਖਹੇੜਦੀਆਂ ਹੋ
ਵਾਰਸ ਦੀ ਹੀਰ ਦੇ ਵਿੱਚ ਇੱਕ ਥਾਂ ਤੇ ਸਹਿਤੀ ਦੀ ਆਪਣੀ ਭਾਬੀ ਦੇ ਨਾਲ ਵਾਰਤਾਲਾਪ ਵਿੱਚ ਖੂਹ ਦਾ ਸ਼ਾਨਦਾਰ ਜਿਕਰ ਮਿਲਦਾ ਹੈ। ਜਿਵੇਂ ਕਿ ਦੇਖੋ ਵੰਨਗੀ-
ਅੱਜ ਰੰਗ ਤੇਰਾ ਭਲਾ ਨਜ਼ਰ ਆਇਆ
ਸਭੋ ਸੁੱਖ ਤੇ ਦੁੱਖ ਨਬੇੜਿਆ ਈ
ਨੈਣ ਸ਼ੋਖ ਹੋਏ ਰੰਗ ਚਮਕ ਆਇਆ
ਕੋਈ ਜੋਬਨੇ ਦਾ ਖੂਹ ਗੇੜਿਆ
ਸ਼ਾਹ ਮੁਹੰਮਦ ਦਾ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਵਿੱਚ ਖੂਹ ਦਾ ਜ਼ਿਕਰ
ਸ਼ਾਹ ਮੁਹੰਮਦ ਨੇ ਆਪਣੀ ਜੰਗਨਾਮੇ ਵਿੱਚ ਖੂਹ ਅਤੇ ਖੂਹਣੀਆਂ ਦਾ ਜ਼ਿਕਰ ਕਈ ਵਾਰ ਕੀਤਾ ਹੈ, ਜਿਵੇਂ ਕਿ ਦੇਖੋ ਵੰਨਗੀ-
ਸਿੰਘਾਂ ਆਖਿਆ ਲੜਾਂਗੇ ਹੋਏ ਟੋਟੇ
ਸਾਨੂੰ ਖਬਰ ਭੇਜੀ ਦਿਨੇ-ਰਾਤ ਮਾਈ
ਤੇਰੀ ਨੌਕਰੀ ਵਿੱਚ ਨਾ ਫਰਕ ਕਰੀਏ
ਭਾਵੇਂ ਖੂਹ ਘੱਤੀਂ ਭਾਵੇਂ ਖਾਤ ਮਾਈ
ਇੱਕ ਥਾਂ ਹੋਰ ਖੂਹ ਦਾ ਜ਼ਿਕਰ ਕਰਦਿਆਂ ਉਹ ਲਿਖਦਾ ਹੈ ਕਿ-
ਜਦੋਂ ਪਿਆ ਹਰਾਸ ਤੇ ਕਰਨ ਗੱਲਾਂ
ਮੁੰਡੇ ਘੋੜ ਚੜ੍ਹੇ ਨਵੇਂ ਛੋਕਰੇ ਜੀ
ਅੱਧੀ ਰਾਤ ਨੂੰ ਉੱਠ ਕੇ ਖਿਸਕ ਤੁਰੀਏ
ਕਿਥੋਂ ਪਏ ਸਾਨੂੰ ਗੋਰੇ ਉਪਰੇ ਜੀ
ਵਾਹੀ ਕਰਦੇ ਤੇ ਰੋਟੀਆਂ ਖੂਬ ਖਾਂਦੇ
ਅਸੀਂ ਜਿੰਨਾਂ ਦੇ ਪੁੱਤਰ ਤੇ ਪੋਤਰੇ ਜੀ
ਸ਼ਾਹ ਮੁਹੰਮਦਾ ਖੂਹਾਂ ਤੇ ਮਿਲਖ ਵਾਲੇ
ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ
ਪ੍ਰੋਫੈਸਰ ਮੋਹਨ ਸਿੰਘ ਦੀਆਂ ਕਵਿਤਾਵਾਂ ਵਿਚ ਖੂਹ
ਪ੍ਰੋਫੈਸਰ ਮੋਹਨ ਸਿੰਘ ਨੂੰ ਆਪਣੇ ਖੂਹ ਉੱਤੇ ਰੱਬ ਨਜ਼ਰ ਆਉਂਦਾ ਹੈ ਅਤੇ ਉਹ ਖੂਹ ਦੀ ਗਾਧੀ ਉੱਤੇ ਕਵਿਤਾ ਵਿੱਚ ਵਾਰ ਵਾਰ ਖੂਹ ਦਾ ਜਿਕਰ ਕਰਦਾ ਲਿਖਦਾ ਹੈ ਕਿ-
ਸਾਡੇ ਖੂਹ 'ਤੇ ਵੱਸਦਾ ਰੱਬ ਨੀ
ਇਥੇ ਘੰਮ-ਘੰਮ ਵਗਣ ਹਵਾਵਾਂ
ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾਵਾਂ ਵਿੱਚ ਖੂਹ
ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾਵਾਂ ਵਿੱਚ ਖੂਹ ਦਾ ਜਿਕਰ ਵਾਰ-ਵਾਰ ਮਿਲਦਾ ਹੈ। ਉਸ ਨੂੰ ਆਪਣੇ ਖੂਹ ਉੱਤੇ ਪੰਜਾਬੀ ਜੀਵਨ ਵਿਚੋਂ ਸਮੁੱਚੀ ਦੁਨੀਆ ਦੇ ਦੀਦਾਰ ਹੁੰਦੇ ਹਨ। ਉਹ ਲਿਖਦਾ ਹੈ ਕਿ-
ਚੁੰਨੀ ਨਿੱਕੀ ਜਹੀ ਮੇਰੀ ਸਿਰ ’ਤੇ
ਵਾਲ ਮੇਰੇ ਸਿੰਜੇ ਖੂਹ ਦੇ ਪਾਣੀਆਂ
ਜਾਂ
ਨਿੱਕੀਆਂ-ਵੱਡੀਆਂ ਘੱਗਰੀਆਂ
ਨਿੱਕੀਆਂ-ਨਿੱਕੀਆਂ ਬਾਹਾਂ
ਕੁੜੀਆਂ ਪੰਜਾਬ ਦੀਆਂ
ਪਾਣੀ ਪਈਆਂ ਭਰਦੀਆਂ
ਪਾਣੀ ਖੂਹ ਚੋਂ ਕੱਢਦੀਆਂ
ਕੁਝ ਡੋਹਲਦੀਆਂ ਕੁਝ ਭਰਦੀਆਂ
ਪੰਜਾਬੀ ਦੇ ਨਵੇਂ ਸ਼ਾਇਰ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਵਿੱਚ ਖੂਹ
ਪੰਜਾਬੀ ਦੇ ਨਵੇਂ ਸ਼ਾਇਰ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਵਿੱਚ ਵੀ ਖੂਹ ਦਾ ਜ਼ਿਕਰ ਅਕਸਰ ਮਿਲਦਾ ਹੈ ਉਸ ਦੀ ਕਵਿਤਾ ਦੀ ਇਹ ਵੰਨਗੀ ਖਾਸ ਧਿਆਨ ਖਿੱਚਦੀ ਹੈ ਜਿਵੇਂ ਕਿ
ਖੂਹ ਗਿੜਦਾ ਹੈ ਦਿਨ ਰਾਤ ਮੀਆਂ
ਟਿੰਡਾਂ ਅੰਧਕਾਰ ਚੋਂ ਉਭਰਦੀਆਂ
ਟਿੰਡਾਂ ਚੋਂ ਕਿਰੇ ਪ੍ਰਭਾਤ ਮੀਆਂ
ਖੂਹ ਗਿੜਦਾ ਹੈ ਦਿਨ ਰਾਤ ਮੀਆਂ
ਗੁਰਬਾਣੀ ਵਿਚ ਖੂਹ ਦਾ ਜਿਕਰ
ਗੁਰਬਾਣੀ ਵਿਚ ਵੀ ਖੂਹ,ਖੂਹੀ,ਖੂਹਿ,ਖੂਹਣਿ,ਖੂਹਟਾ ਆਦਿ ਸਮਾਨਅਰਥੀ ਸ਼ਬਦਾਂ ਦਾ ਜਿਕਰ ਮਿਲਦਾ ਹੈ, ਜਿਵੇਂ ਦੇਖੋ ਉਦਾਰਨਾ-
ਤਿਆਗਿ ਗੋੁਪਾਲ ਅਵਰ ਜੋ ਕਰਣਾ ਤੇ ਬਿਖਿਆ ਕੇ ਖੂਹ ॥
ਜਾਂ
ਨਾਨਕ ਹਉ ਹਉ ਕਰਤੇ ਖਪਿ ਮੁਏ ਖੂਹਣਿ ਲਖ ਅਸੰਖ ॥
ਜਾਂ
ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ ॥
ਜਾਂ
ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ ॥
ਜਾਂ
ਵਿਧਣ ਖੂਹੀ ਮੁੰਧ ਇਕੇਲੀ ॥
ਜਾਂ
ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥
ਪੰਜਾਬੀ ਲੋਕ ਧਾਰਾ ਅਤੇ ਗੁਰਬਾਣੀ ਵਿਚ ਘੜੇ ਦੀ ਕਿੰਨੀ ਮਹੱਤਤਾ ?
ਪੰਜਾਬੀ ਲੋਕ ਧਾਰਾ ’ਚ ਸਿਰ ਚੜ੍ਹ ਬੋਲਦਾ ਹੈ ਲਾਹੌਰ, ਗੁਰਬਾਣੀ ’ਚ ਵੀ ਖਾਸ ਜਿਕਰ
ਪੰਜਾਬੀ ਦੇ ਸਮੁੱਚੇ ਲੋਕ ਗੀਤ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਇਸ ਲਿੰਕ ਤੇ ਕਲਿਕ ਕਰਕੇ ਪੜ੍ਹੋ ਮਹਾਕਾਵਿ ’ਕਲਯੁਗਨਾਮਾ’
ਨੋਟ - ਪੰਜਾਬੀ ਲੋੇਕ ਦੇ ਇਸ ਲੇਖ ਨਾਲ ਸਬੰਧਿਤ ਜੇਕਰ ਤੁਹਾਡੇ ਕੋਲ ਕੋਈ ਹੋਰ ਖਾਸ ਜਾਣਕਾਰ ਹੈ ਤਾਂ ਕੁਮੈਂਟ ਵਿਚ ਜਰੂਰ ਲਿਖੋ। ਅਸੀਂ ਉਸ ਜਾਣਕਾਰੀ ਇਸ ਲੇਖ ਵਿਚ ਤਹਾਡੇ ਨਾਂ ਦੇ ਸਿਰਲੇਖ ਹੇਠ ਛਾਪਣ ਦਾ ਯਤਨ ਕਰਾਂਗੇ। ਜੇਕਰ ਇਹ ਜਾਣਕਾਰੀ ਚੰਗ ਲੱਗੀ ਹੈ ਤਾਂ ਲਾਈਕ ਅਤੇ ਸ਼ੇਅਰ ਵੀ ਜਰੂਰ ਕਰੋ।
ਜਸਬੀਰ ਵਾਟਾਂਵਾਲੀਆ
Post a Comment