Earthern Pot : ਪੰਜਾਬੀ ਲੋਕ ਧਾਰਾ ਅਤੇ ਗੁਰਬਾਣੀ ਵਿਚ ਘੜੇ ਦੀ ਕਿੰਨੀ ਮਹੱਤਤਾ ?

ਪੰਜਾਬੀ ਲੋਕ ਧਾਰਾ ਅਤੇ ਗੁਰਬਾਣੀ ਵਿਚ ਘੜੇ ਦੀ ਖਾਸ ਮਹਾਨਤਾ

ਸਾਡੇ ਗੀਤ, ਲੋਕ ਗੀਤ, ਅਖਾਣ-ਮੁਹਾਵਰੇ, ਬੋਲੀਆਂ, ਟੱਪੇ, ਮਾਹੀਏ, ਬਾਤਾਂ, ਕਿੱਸਾ ਕਾਵਿ, ਗੁਰਬਾਣੀ ਅਤੇ ਸਾਡੇ ਜੀਵਨ ਦੀਆਂ ਅਨੇਕਾਂ ਰਸਮਾਂ ਘੜੇ ਨਾਲ ਜੁੜੀਆਂ ਹੋਈਆਂ ਹਨ।

ਘੜਾ ਪੰਜਾਬੀ ਜੀਵਨ, ਸੱਭਿਆਚਾਰ ਅਤੇ ਪੰਜਾਬੀ ਲੋਕਧਾਰਾ ਨਾਲ ਬਹੁਤ ਡੂੰਘਾ ਜੁੜਿਆ ਹੋਇਆ ਹੈ। ਸਾਡੇ ਗੀਤ ਲੋਕ ਗੀਤ, ਅਖਾਣ ਮੁਹਾਵਰੇ, ਬੋਲੀਆਂ, ਪੰਜਾਬੀ ਸਾਹਿਤ ਅਤੇ ਸਾਡੇ ਜੀਵਨ ਦੀਆਂ ਅਨੇਕਾਂ ਰਸਮਾਂ ਘੜੇ ਨਾਲ ਜੁੜੀਆਂ ਹੋਈਆਂ ਹਨ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਘੜੇ ਨੂੰ ਵਿਸ਼ੇਸ਼ ਪ੍ਰਤੀਕ ਵਜੋਂ ਵਰਤ ਕੇ ਇਸਦਾ ਬਾਕਾਮਾਲ ਵਰਨਣ ਕੀਤਾ ਹੈ। ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਾਠ ਰੱਖਣ ਮੌਕੇ (ਕੁੰਭ) ਭਾਵ ਪਾਣੀ ਦਾ ਘੜਾ ਵਿਸ਼ੇਸ਼ ਮਰਿਆਦਾ ਦੇ ਤਹਿਤ ਪਾਠ ਵਾਲੀ ਥਾਂ ’ਤੇ ਜਰੂਰ ਰੱਖਿਆ ਜਾਂਦਾ ਹੈ। 

ਪੰਜਾਬੀ ਜੀਵਨ ਵਿੱਚ ਘੜੇ ਨੂੰ ਜਨਮ ਤੋਂ ਲੈ ਕੇ ਮਰਨ ਦੀਆਂ ਖਾਸ ਰਸਮਾਂ ਦੌਰਾਨ ਵਿਸ਼ੇਸ ਤੌਰ ’ਤੇ ਵਰਤਿਆ ਜਾਂਦਾ ਹੈ। ਪਾਣੀ ਨੂੰ ਚੰਗੀ ਸ਼ਕਤੀ ਅਤੇ ਸ਼ੁਭ ਰੱਖ ਮੰਨਦੇ ਹੋਏ, ਜਣੇਪੇ ਦੌਰਾਨ ਪਾਣੀ ਦਾ ਘੜਾ ਭਰ ਕੇ ਜੱਚਾ-ਬੱਚਾ ਦੇ ਕੋਲ ਰੱਖਿਆ ਜਾਂਦਾ ਹੈ। ਇਸੇ ਤਰ੍ਹਾਂ ਵਿਆਹ ਸਮੇਂ ਵੀ ਘੜੋਲੀ ਭਰਨ ਦੀ ਰਸਮ ਘੜੇ ਤੋਂ ਬਗੈਰ ਸੰਭਵ ਨਹੀਂ ਹੈ। ਗੱਲ ਸਾਡੇ ਲੋਕਾਂ ਦੇ ਅੰਤਲੇ ਵੇਲੇ ਦੀ ਕਰੀਏ ਤਾਂ ਹਰ ਮਨੁੱਖ ਦੇ ਮਰਨ ਤੋਂ ਬਾਅਦ ਉਸਦੇ ਸਿਰ ਕੋਲ ਘੜਾ ਭੰਨਿਆ ਜਾਂਦਾ ਹੈ, ਜੋ ਬਹੁਤ ਹੀ ਖਾਸ ਰਸਮ ਹੈ। ਇਥੇ ਹੀ ਬੱਸ ਨਹੀਂ ਬਲਕਿ ਸਾਡੇ ਮਰਨ ਉਪਰੰਤ ਦੇਹ ਦਾ ਸੰਸਕਾਰ ਕਰਨ ਤੋਂ ਬਾਅਦ ਮ੍ਰਿਤਕ ਮਨੁੱਖ ਦੇ ਫੁੱਲ ਵੀ ਘੜੇ ਜਾਂ ਮਟਕੇ ਵਿਚ ਹੀ ਪਾ ਕੇ ਰੱਖੇ ਜਾਂਦੇ ਹਨ। ਦੇਖੋ ਪੰਜਾਬੀ ਲੋਕ ਧਾਰਾ ਵਿਚ ਘੜੇ ਦਾ ਬਾਕਮਾਲ ਵਰਨਣ।


ਪੰਜਾਬੀ ਅਖਾਣ-ਮੁਹਾਵਰਿਆਂ ਵਿੱਚ ਘੜੇ ਦੀ ਵਿਸ਼ੇਸ਼ ਵਰਤੋਂ- 

ਪੰਜਾਬੀ ਅਖਾਣ ਮੁਹਾਵਰਿਆਂ ਵਿੱਚ ਘੜਾ ਸ਼ਬਦ ਦੀ ਵਰਤੋਂ ਅਨੇਕਾਂ ਥਾਵਾਂ ’ਤੇ ਕੀਤੀ ਗਈ ਹੈ ਜਿਵੇਂ ਕਿ 


ਸਿਰ ਵਿਚ ਸੌ ਘੜੇ ਪਾਣੀ ਪੈਣਾ...

ਪਾਪ ਦਾ ਘੜਾ ਭਰ ਜਾਣਾ ਜਾਂ ਪਾਪ ਦਾ ਘੜਾ ਫੁੱਟ ਜਾਣਾ... 

ਮੁਹਾਵਰਾ ਆਮ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਘੜੇ ਨਾਲ ਜੁੜਿਆ ਇੱਕ ਹੋਰ ਅਖਾਣ ਵਰਤਿਆ ਜਾਂਦਾ ਹੈ ਕਿ- 


ਘੜੇ ਨੂੰ ਹੱਥ ਲਾਇਆ 

ਅਤੇ ਸਾਰਾ ਟੱਬਰ ਤਿਹਾਇਆ


ਘੜੇ ਨਾਲ ਜੁੜਿਆ ਇਕ ਅਖਾਣ ਇਹ ਵੀ ਵਰਤਿਆ ਜਾਂਦਾ ਹੈ ਕਿ-

ਘਰ ਕਲਾ ਕਲੰਦਰ ਵੱਸੇ...

ਫਿਰ ਘੜਿਓਂ ਪਾਣੀ ਨੱਸੇ...


ਘੜੇ ਨਾਲ ਜੁੜੇ ਹੋਏ ਗੀਤ, ਲੋਕ ਗੀਤ ਅਤੇ ਬੋਲੀਆਂ

ਪੰਜਾਬੀ ਲੋਕ ਧਾਰਾ ਵਿੱਚ ਘੜੇ ਨਾਲ ਅਨੇਕਾਂ ਗੀਤ ਅਤੇ ਲੋਕ ਗੀਤ ਜੁੜੇ ਹੋਏ ਹਨ ਜਿਹਨਾਂ ਵਿੱਚੋਂ ਕੁਝ ਦਾ ਵੇਰਵਾ ਇਸ ਪ੍ਰਕਾਰ ਹੈ -


ਘੜਾ ਵੱਜਦਾ... ਖੜੋਲੀ ਵੱਜਦੀ 

ਕਿਤੇ ਗਾਗਰ ਵੱਜਦੀ ਸੁਣ ਮੁੰਡਿਆ...

ਜਾਂ

ਘੜੇ ਉਤੇ ਘੜਾ... ਉੱਤੇ ਮੱਘੀ ਵੇ ਜ਼ਾਲਮਾ 

ਦਿਲ ਵਿੱਚ ਰੱਖਦਾ ਏਂ...ਠੱਗੀ ਵੇ ਜ਼ਾਲਮਾ

ਜਾਂ

ਲੋਕਾਂ ਦੀਆਂ ਕੁੜੀਆਂ ਤਾਂ 

ਦੋ ਦੋ ਘੜੇ ਚੁੱਕਦੀਆਂ

ਮੇਰਾ ਘੜਾ ਕਿਉਂ ਡੋਲਦਾ ਨੀ...

ਮੇਰਾ ਮਾਹੀ ਬੰਗਲੇ ਵਿੱਚ ਬੋਲਦਾ ਨੀ...


ਹੋਰ ਵੰਨਗੀ

ਰਾਤ ਹਨੇਰੀ ਲਿਸ਼ਕਣ ਤਾਰੇ 

ਕੱਚੇ ਘੜੇ ਤੇ ਮੈਂ ਤਰਦੀ 

ਵੇਖੀ ਰੱਬਾ ਖੈਰ ਕਰੀ 

ਤੇਰੀ ਆਸ ਤੇ ਮੂਲ ਨਾ ਡਰਦੀ

ਜਾਂ

ਮੈਨੂੰ ਪਾਰ ਲੰਘਾ ਦੇ ਵੇ ...

ਘੜਿਆ ਮਿਹਨਤਾਂ ਤੇਰੀਆਂ ਕਰਦੀ


ਘੜੇ ਨਾਲ ਜੁੜੇ ਹੋਏ ਟੱਪੇ ਅਤੇ ਮਾਹੀਏ ਦੀ ਵੀ ਦੇਖੋ ਵੰਨਗੀ

ਬਾਗੇ ਵਿੱਚ ਆ ਮਾਹੀਆ 

ਨਾਲੇ ਸਾਡੀ ਗੱਲ ਸੁਣ ਜਾ 

ਨਾਲੇ ਘੜਾ ਵੀ ਚੁਕਾ ਮਾਹੀਆ

ਜਾਂ

ਪਏ ਘੜੇ ਕੜਵੰਜੀਆਂ 'ਤੇ 

ਮਾਹੀ ਸਾਡਾ ਤੁਰ ਨੀ ਗਿਆ 

ਹੱਥ ਮਾਰਾਂ ਪਈਆਂ ਮੰਜੀਆਂ 'ਤੇ


ਕਿੱਸਾ ਸਾਹਿਤ ਅਤੇ ਪ੍ਰੇਮ ਕਹਾਣੀਆਂ ਵਿੱਚ ਘੜੇ ਦਾ ਵਿਸ਼ੇਸ਼ ਜ਼ਿਕਰ 

ਪੰਜਾਬੀ ਲੋਕ ਗੀਤਾਂ ਅਤੇ ਪੰਜਾਬੀ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿੱਚ ਘੜੇ ਦਾ ਬਾ ਕਮਾਲ ਵਰਨਣ ਕੀਤਾ ਹੈ। ਇਹਨਾਂ ਕਿੱਸਿਆਂ ਵਿੱਚੋਂ ਖਾਸ ਕਰਕੇ ‘ਸੋਹਣੀ ਮਹੀਵਾਲ’ ਦੇ ਕਿੱਸਿਆਂ ਵਿੱਚ ਘੜੇ ਦਾ ਜਿਕਰ ਵਿਸ਼ੇਸ਼ ਤੌਰ ਤੇ ਮਿਲਦਾ ਹੈ।

ਪੰਜਾਬੀ ਕਿੱਸਾਕਾਰ ‘ਫਜਲ ਸ਼ਾਹ’ ਨੇ ਸੋਹਣੀ ਮਹੀਵਾਲ ਵਿੱਚ ਘੜੇ ਦਾ ਬਾਕਮਾਲ ਵਰਨਣ ਕੀਤਾ ਹੈ। ਜਿਵੇਂ ਕਿ-


ਸੁਬਹਾ ਵਕਤ ਬੇਟਾ ਪੈਦਾਵਾਰ ਹੋਇਆ 

ਗਿਆ ਖਿੰਡ ਜਹਾਨ ’ਤੇ ਨੂਰ ਮੀਆਂ 

ਫ਼ਜ਼ਲ ਸ਼ਾਹ ਜੇਕਰ ਘੜਿਓਂ ਮੀਂਹ ਵਸੇ 

ਨਾਹੀ ਰੱਬ ਰਹੀਮ ਥੀਂ ਦੂਰ ਮੀਆਂ 


ਵੇਖੋ ਇੱਕ ਹੋਰ ਨਮੂਨਾ -

ਵਾਲੀ ਰੂਹ ਦਾ ਹੋ ਉਦਾਸ ਤੁਰਿਆ 

ਝੁੱਲੀ ਆਏ ਕੇ ਵਾ ਖਿਜਾਨ ਮੀਆਂ 

ਓੜਕ ਬੰਨ ਮੁੰਡਾਸੜਾ ਠਿੱਲ੍ਹ ਪਈ 

ਕੱਚੇ ਘੜੇ 'ਤੇ ਲਾਇਆ ਤਾਨ ਮੀਆ 


ਲੋਕ ਬਾਤਾਂ ਵਿਚ ਘੜੇ ਦਾ ਜਿਕਰ

ਹੋਰ ਸਾਹਿਤ ਰੂਪਾਂ ਦੇ ਨਾਲ-ਨਾਲ ਸਾਡੀਆਂ ਬਾਤਾਂ ਵਿਚ ਵੀ ਘੜੇ ਦਾ ਖੂਬ ਜਿਕਰ ਮਿਲਦਾ ਹੈ, ਜਿਵੇਂ ਦੇਖੋ ਇਹ ਨਮੂਨਾ

ਇੱਕ ਸਮੁੰਦਰ ਮੈਂ ਦੇਖਿਆ 

ਹਾਥੀ ਮਲ ਮਲ ਨਹਾਏ 

ਘੜਾ ਡੋਬਿਆ ਨਾ ਡੁਬੇ 

ਚਿੜੀ ਤਿਹਾਈ ਜਾਏ 

------ ਤ੍ਰੇਲ ---------

ਗੁਰਬਾਣੀ ਵਿੱਚ ਘੜੇ ਦਾ ਵਿਸ਼ੇਸ਼ ਪ੍ਰਤੀਕ ਵਜੋਂ ਵਰਨਣ 

ਗੁਰਬਾਣੀ ਵਿੱਚ ਘੜੇ ਦਾ ਵਿਸ਼ੇਸ਼ ਪ੍ਰਤੀਕ ਵਜੋਂ ਵਰਨਣ ਮਿਲਦਾ ਹੈ। ਗੁਰਬਾਣੀ ਮਨੁੱਖੀ ਜੀਵਨ ਨੂੰ ਕੱਚੇ ਘੜੇ ਦੇ ਸਮਾਨ ਦੱਸਦੀ ਹੈ ਅਤੇ ਉਸ ਦੇ ਕਿਸੇ ਵੇਲੇ ਵੀ ਟੁੱਟ ਜਾਣ ਵੱਲ ਇਸ਼ਾਰਾ ਕਰਦੀ ਹੈ। ਗੁਰੂ ਤੇਗ ਬਹਾਦਰ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਕਿ-

ਤਿਲੰਗ ਮਹਲਾ ੯ ਕਾਫੀ

ੴ ਸਤਿਗੁਰ ਪ੍ਰਸਾਦਿ ॥

ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥

ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥

ਜਾਂ

ਜਲ ਮਹਿ ਕੁੰਭ ਕੁੰਭ ਮਹਿ ਜਲ ਹੈ ਬਾਹ ਭੀਤਰੁ ਪਾਣੀ।।

ਫੁਟਾ ਕੁੰਭ ਜਲ ਜਲੈ ਸਮਾਣਾ ਜਹ ਤੱਥ ਕਥਿਓ ਗਿਆਨੀ।।


ਇਸੇ ਤਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਘੜੇ ਨੂੰ ਵਿਸ਼ੇਸ਼ ਪ੍ਰਤੀਕ ਵਜੋਂ ਵਰਤਦੇ ਹੋਏ ਲਿਖਦੇ ਹਨ ਕਿ-

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ।। 

ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ।।


ਇਸੇ ਤਰਾਂ ਪੰਜਵੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਕੁੰਭ ਭਾਵ ਘੜੇ ਨੂੰ ਵਿਸ਼ੇਸ਼ ਪ੍ਰਤੀਕ ਵਜੋਂ ਵਰਤਦੇ ਹੋਏ ਲਿਖਦੇ ਹਨ ਕਿ-

ਸਾਰਗ ਮਹਲਾ ੫ ॥

ਜੈਸੇ ਕੁੰਭ ਉਦਕ ਪੂਰਿ ਆਨਿਓ ਤਬ ਓੁਹੁ ਭਿੰਨ ਦ੍ਰਿਸਟੋ ॥

ਕਹੁ ਨਾਨਕ ਕੁੰਭੁ ਜਲੈ ਮਹਿ ਡਾਰਿਓ ਅੰਭੈ ਅੰਭ ਮਿਲੋ ॥੪॥੩॥


ਭਗਤ ਕਬੀਰ ਜੀ ਵੀ ਆਪਣੀ ਬਾਣੀ ਵਿਚ ਘੜੇ ਨੂੰ ਵਿਸ਼ੇਸ਼ ਪ੍ਰਤੀਕ ਵਜੋਂ ਵਰਤਦੇ ਹੋਏ ਲਿਖਦੇ ਹਨ ਕਿ-

ਕੁੰਭ ਕਮਲੁ ਜਲਿ ਭਰਿਆ ॥

ਜਲੁ ਮੇਟਿਆ ਊਭਾ ਕਰਿਆ ॥

ਕਹੁ ਕਬੀਰ ਜਨ ਜਾਨਿਆ ॥

ਜਉ ਜਾਨਿਆ ਤਉ ਮਨੁ ਮਾਨਿਆ ॥


ਇਸੇ ਤਰ੍ਹਾਂ ਬਾਬਾ ਫਰੀਦ ਜੀ ਵੀ ਆਪਣੀ ਬਾਣੀ ਵਿਚ ਘੜਾ ਸ਼ਬਦ ਵਿਸ਼ੇਸ ਅਰਥਾਂ ਵਿਚ ਵਰਤਦੇ ਹਨ, ਜਿਵੇਂ ਕਿ-

ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ।।


ਭਗਤ ਨਾਮ ਦੇਵ ਜੀ ਦੀ ਬਾਣੀ ਵਿਚ ਵੀ ਘੜਾ ਸ਼ਬਦ ਦੀ ਵਰਤੋਂ ਵਿਸ਼ੇਸ਼ ਸੰਦਰਭ ਵਿਚ ਕੀਤੀ ਮਿਲਦੀ ਹੈ, ਜਿਵੇਂ ਕਿ-

ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥


ਸਿਰਲੇਖ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਘੜਾ ਪੰਜਾਬੀ ਜੀਵਨ ਦੇ ਹਰ ਪਹਿਲੂ ਅਤੇ ਮਾਨਸਿਕਤਾ ਨਾਲ ਜੁੜਿਆ ਹੋਇਆ ਹੈ। ਸਾਡੇ ਲੋਕ ਗੀਤ, ਲੋਕ ਕਹਾਣੀਆਂ, ਲੋਕ ਬਾਤਾਂ, ਅਖਾਣ, ਮੁਹਾਵਰੇ, ਬੋਲੀਆਂ, ਟੱਪੇ ਮਾਹੀਏ, ਗੱਲ ਕੀ ਹਰ ਸਾਹਿਤ ਰੂਪ ਵਿੱਚ ਘੜੇ ਦਾ ਜ਼ਿਕਰ ਮਿਲਦਾ ਹੈ।

ਇਸੇ ਤਰ੍ਹਾਂ ਸਾਡੀਆਂ ਪੁਰਾਣੀਆਂ ਲੋਕ ਕਹਾਣੀਆਂ ਵਿੱਚ ਵੀ ਘੜੇ ਦਾ ਜ਼ਿਕਰ ਅਕਸਰ ਮਿਲਦਾ ਹੈ ਰਾਜਾ ਰਸਾਲੂ ਦੀ ਕਹਾਣੀ ਦੇ ਵਿੱਚ ਜਦੋਂ ਰਾਜਾ ਰਸਾਲੂ ਜਵਾਨ ਹੁੰਦਾ ਹੈ ਤਾਂ ਗੁਲੇਲ ਲੈ ਕੇ ਮੁਟਿਆਰਾਂ ਦੇ ਘੜੇ ਭੰਨਦਾ ਹੈ। ਘੜੇ ਦੇ ਅਜਿਹੇ ਹਵਾਲੇ ਤਕਰੀਬਨ ਹਰ ਪੁਰਾਤਨ ਕਹਾਣੀ ਵਿੱਚ ਮਿਲਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਘੜਾ ਪੰਜਾਬੀ ਜੀਵਨ, ਸੱਭਿਆਚਾਰ ਅਤੇ ਲੋਕਧਾਰਾ ਦਾ ਪ੍ਰਮੁੱਖ ਅੰਸ਼ ਅਤੇ ਅੰਗ ਹੈ।


ਇਹ ਵੀ ਪੜ੍ਹੋ : ਛੱਜ ਬਾਰੇ ਕੀ ਕਹਿੰਦੀ ਹੈ ਗੁਰਬਾਣੀ ਅਤੇ ਪੰਜਾਬੀ ਲੋਕ ਧਾਰਾ


ਜਸਬੀਰ ਵਾਟਾਂਵਾਲੀਆ

ਇਹ ਵੀ ਪੜ੍ਹੋ : ਸ਼ਰਾਧ : ਪੰਜਾਬੀ ਲੋਕ ਧਾਰਾ, ਗੀਤਾਂ, ਅਖਾਣਾਂ ਅਤੇ ਗੁਰਬਾਣੀ ਅਨੁਸਾਰ ਸ਼ਰਾਧ ?

Post a Comment

Previous Post Next Post

About Me

Search Poetry

Followers