ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ, ਮੈਂ ਆਪਣੀ ਹੋਂਦ ਗਵਾ ਬੈਠਾ
ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ,
ਮੈਂ ਆਪਣੀ ਹੋਂਦ ਗਵਾ ਬੈਠਾ
ਤੂੰ ਪਤਾ ਨਹੀਂ ਕਿਹੜੇ ਘਰ ਅੰਦਰ
ਅੰਦਰਾਂ ਵਿੱਚ ਅੰਦਰ ਜਾ ਬੈਠਾ
ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ
ਮੈਂ ਆਪਣੀ ਹੋਂਦ ਗਵਾ ਬੈਠਾ...
ਕੋਈ ਇੱਕ ਰਾਖੇ ਕੋਈ ਦੋ ਰਾਖੇ
ਤੂੰ ਪੰਜ-ਪੰਜ ਰਾਖੇ ਰੱਖਦਾ ਏਂ
ਮੈਨੂੰ ਮਿਲਣ ਨਾ ਦਿੰਦੇ ਇਹ ਪੰਜੇ
ਮੈਂ ਆਪਣਾ ਜੋਰ ਲਗਾ ਬੈਠਾ
ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ
ਮੈਂ ਆਪਣੀ ਹੋਂਦ ਗਵਾ ਬੈਠਾ...
ਕੋਈ ਇੱਕ ਪਰਦਾ ਕੋਈ ਦੋ ਪਰਦਾ
ਤੂੰ ਲੱਖ ਪਰਦੇ ਵਿੱਚ ਲੁਕਿਆ ਏਂ
ਮੈਂ ਦਰ ਤੇਰੇ... ਤੂੰ ਘਰ ਮੇਰੇ
ਮੈਥੋਂ ਹੀ ਹੋਂਦ ਲੁਕਾ ਬੈਠਾ
ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ
ਮੈਂ ਆਪਣੀ ਹੋਂਦ ਗਵਾ ਬੈਠਾ...
ਕੋਈ ਇੱਕ ਰੂਪਾ ਕੋਈ ਦੋ ਰੂਪਾ
ਤੂੰ ਰੂਪਾਂ ਤੋਂ ਬਹੁਰੂਪਾ ਏਂ ...
ਕਦੇ ਨਿਰਗੁਣ ਤੂੰ ਕਦੇ ਸਰਗੁਣ ਤੂੰ
ਕਣ ਕਣ ਵਿੱਚ ਆਪ ਸਮਾ ਬੈਠਾ
ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ
ਮੈਂ ਆਪਣੀ ਹੋਂਦ ਗਵਾ ਬੈਠਾ...
ਕੋਈ ਇੱਕ ਕਾਫਰ ਕੋਈ ਦੋ ਕਾਫਰ
ਮੈਂ ਕਾਫਰ ਦੇ ਸਿਰ ਕਾਫਰ ਹਾਂ
ਜੋ ਬਾਤ ਅਨੂਠੀ ਮੇਰੇ ਲਈ
ਕਿਉਂ ਮੈਨੂੰ ਬੁਝਣੀ ਪਾ ਬੈਠਾ
ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ
ਮੈਂ ਆਪਣੀ ਹੋਂਦ ਗਵਾ ਬੈਠਾ...
ਕੋਈ ਇੱਕ ਵਾਟਾਂ ਕੋਈ ਦੋ ਵਾਟਾਂ
ਮੈਂ 'ਵਾਟਾਂਵਾਲੀਆ' ਹੀ ਹੋਇਆ
ਤੂੰ ਨੇੜਿਓਂ ਨੇੜੇ ਬੈਠਾ ਸੀ
ਮੈਂ ਭੱਜ-ਭੱਜ ਸਾਹੋ ਸਾਹ ਬੈਠਾ
ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ
ਮੈਂ ਆਪਣੀ ਹੋਂਦ ਗਵਾ ਬੈਠਾ...
ਹੋਰ ਸੂਫੀ ਕਵਿਤਾ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ
ਜਸਬੀਰ ਵਾਟਾਂਵਾਲੀਆ
Post a Comment