ਪੰਜਾਬੀ ਗੀਤਾਂ ਲੋਕ ਗੀਤਾਂ, ਲੋਕ ਕਹਾਣੀਆਂ,ਅਖਾਣ-ਮੁਹਾਵਰੇ,ਬਾਤਾਂ, ਗੁਰਬਾਣੀ ਅਤੇ ਹੋਰ ਅਨੇਕ ਸਾਹਿਤ ਰੂਪਾਂ ਵਿਚ ਚੱਕੀ ਦਾ ਖੂਬਸੂਰਤ ਵਖਿਆਨ ਮਿਲਦਾ ਹੈ
ਚੱਕੀ ਦਾ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾ ਵਿਚ ਵਿਸ਼ੇਸ ਸਥਾਨ ਹੈ। ਪੰਜਾਬੀ ਗੀਤਾਂ ਲੋਕ ਗੀਤਾਂ, ਲੋਕ ਕਹਾਣੀਆਂ,ਅਖਾਣ-ਮੁਹਾਵਰੇ,ਬਾਤਾਂ, ਗੁਰਬਾਣੀ ਅਤੇ ਹੋਰ ਅਨੇਕ ਸਾਹਿਤ ਰੂਪਾਂ ਵਿਚ ਚੱਕੀ ਦਾ ਖੂਬਸੂਰਤ ਵਖਿਆਨ ਮਿਲਦਾ ਹੈ। ਅਜੋਕਾ ਮਸ਼ੀਨੀ ਯੁੱਗ ਆਉਣ ਤੋਂ ਪਹਿਲਾਂ ਪੁਰਾਤਨ ਚੱਕੀ ਦਾ ਰੂਪ ਕਾਫੀ ਵੱਖਰਾ ਸੀ। ਇਹ ਚੱਕੀਆਂ ਭਾਰੇ ਅਤੇ ਹੌਲੇ ਕੁਦਰਤੀ ਪੱਥਰਾਂ ਦੇ ਪੁੜਾਂ ਵਾਲੀਆਂ ਹੁੰਦੀਆਂ ਸਨ। ਇਨ੍ਹਾਂ ਪੁੜਾਂ ਨੂੰ ਘੁਮਾਉਣ ਲਈ ਮਸ਼ੀਨ ਦੀ ਬਜਾਏ ਮਨੁੱਖੀ ਬਲ, ਪਸ਼ੂ ਬਲ ਜਾਂ ਪਾਣੀ ਦੇ ਵਹਾਅ ਦੀ ਵਰਤੋਂ ਕੀਤੀ ਜਾਂਦੀ ਸੀ।
ਪੰਜਾਬੀ ਲੋਕ ਧਾਰਾ ਵਿਚ ਚੱਕੀ
ਪੰਜਾਬੀ ਲੋਕ ਧਾਰਾ ਦੀ ਗੱਲ ਕਰੀਏ ਤਾਂ ਚੱਕੀ ਨੂੰ ਅਨੇਕਾਂ ਸਾਹਿਤ ਰੂਪਾਂ ਪ੍ਰਗਟਾਇਆ ਗਿਆ ਹੈ। ਚੱਕੀ ਨੇ ਖਾਸ ਪ੍ਰਤੀਕ ਵਜੋਂ ਪੰਜਾਬੀ ਮਨਾਂ ਵਿਚ ਘਰ ਕੀਤਾ ਹੋਣ ਕਰਕੇ ਪੰਜਾਬੀਆਂ ਲੋਕਾਂ ਨੇ ਇਸ ਪੇਸ਼ਕਾਰੀ ਹਰ ਸਾਹਿਤ ਵਿਚ ਬੜੀ ਰੂਹ ਨਾਲ ਕੀਤੀ ਹੈ। ਪੁਰਾਤਨ ਸਮੇਂ ਤੋਂ ਹੀ ਚੱਕੀ ਸਾਡੇ ਸ਼ਗਨ-ਵਿਹਾਰ, ਦੁੱਖ-ਸੁੱਖ,ਮਨੋਰੰਜਨ ਅਤੇ ਮਿਹਨਤ-ਮੁਸ਼ੱਕਤ ਅਤੇ ਤਸ਼ੱਸ਼ਦ ਦਾ ਹਿੱਸਾ ਰਹੀ ਹੈ। ਚੱਕੀ ਦੇ ਇਹ ਸਾਰੇ ਰੂਪ ਤੁਸੀਂ ਇਸ ਲੇਖ ਰਾਹੀਂ ਪੜ੍ਹ ਸਕੋਗੇ। ਜਿਵੇਂ ਕਿ-
ਸ਼ਗਨ ਦੇ ਰੂਪ ਵਜੋਂ ਚੱਕੀ ਦਾ ਪੰਜਾਬੀ ਲੋਕ ਧਾਰਾ ਵਿਚ ਪ੍ਰਗਟਾਵਾ
ਚੱਕੀ ਦੀ ਸਾਡੇ ਸ਼ਗਨ-ਵਿਹਾਰ,ਦਿਨ ਤਿਉਹਾਰ ਅਤੇ ਵਿਆਹ ਸ਼ਾਦੀਆਂ ਮੌਕੇ ਖਾਸ ਪ੍ਰਧਾਨਗੀ ਹੁੰਦੀ ਸੀ। ਇਨ੍ਹਾ ਸ਼ੁਭ ਮੌਕਿਆ ਉੱਪਰ ਸਭ ਤੋਂ ਪਹਿਲਾਂ ਆਪਣੇ ਭਾਈਚਾਰੇ ਨੂੰ ਇਕੱਠਾ ਕੀਤਾ ਜਾਂਦਾ ਸੀ ਅਤੇ ਚੱਕੀ ਚਲਾਉਣ ਦੇ ਸ਼ਗਨ ਕੀਤੇ ਜਾਂਦੇ ਸਨ। ਇਸ ਦੌਰਾਨ ਚੱਕੀ ਨੂੰ ਖੰਮਣੀ ਜਾਂ ਗਾਨਾਂ ਬੰਨ੍ਹਿਆ ਜਾਂਦਾ ਸੀ। ਸ਼ਗਨ ਦੀਆਂ ਇਨ੍ਹਾਂ ਖਾਸ ਰਸਮਾਂ ਦੇ ਬਹਾਨੇ ਸਾਰਾ ਭਾਈਚਾਰੀ ਇਕੱਠਾ ਹੋ ਕੇ ਵਿਆਹ-ਸ਼ਾਦੀ ਲਈ ਜਰੂਰਤ ਦਾ ਆਟਾ ਵੀ ਪੀਸ ਲੈਂਦਾ ਸੀ। ਆਮ ਤੌਰ ’ਤੇ ਵਿਆਹ ਤੋਂ ਸੱਤ, ਨੌਂ ਜਾਂ ਗਿਆਰਾਂ ਦਿਨ ਪਹਿਲਾਂ ਚੱਕੀ ਚਲਾਉਣ ਦੀ ਰਸਮ ਕੀਤੀ ਜਾਂਦੀ ਸੀ। ਇਸ ਰਸਮ ਨਾਲ ਵਿਆਹ ਦੀ ਇੱਕ ਤਰ੍ਹਾਂ ਨਾਲ ਸ਼ੁਰੂਆਤ ਹੋ ਜਾਂਦੀ ਸੀ। ਇਸ ਦੌਰਾਨ ਸ਼ਰੀਕੇ ਭਾਈਚਾਰੇ ਦੇ ਘਰਾਂ ’ਚੋਂ ਸੱਤ ਸੁਹਾਗਣਾਂ ਸੱਦ ਕੇ, ਉਨਾਂ ਸੱਤਾਂ ਤੋਂ ਹੀ ਚੱਕੀ ਵਿੱਚ ਗਲ਼ਾ ਪਵਾਇਆ ਜਾਂਦਾ ਸੀ । ਇਸ ਮੌਕੇ ਖਾਸ ਤੌਰ ’ਤੇ ਬਾਜਰਾ ਜਾਂ ਵਟਣਾ ਮਲਣ ਲਈ ਸਮੱਗਰੀ ਵੀ ਪੀਸੀ ਜਾਂਦੀ ਸੀ ਅਤੇ ਗੀਤ ਗਾਏ ਜਾਂਦੇ ਸਨ, ਜਿਵੇਂ ਕਿ-
ਰਾਤੀਂ ਰੰਗ ਮਹੱਲ ਵੇ ਚੜਿਆ ਮੇਰਾ ਬਾਜਰਾ ਭੈਣੇ...
ਦੇਖੋ ਹੋਰ ਵੰਨਗੀ-
ਸੱਤ ਸੁਹਾਗਣਾਂ, ਸੱਤ ਗਲੇ, ਚੱਕੀ ਹੱਥ ਲੁਆ...
ਕਿੱਥੋਂ ਲਿਆਂਦੀ ਚੱਕੀ ਨੀਂ ਰਾਣੀਏ, ਕਿੱਥੋਂ ਲਿਆਂਦਾ ਹੱਥਾ...
ਧੁਰ ਲਾਹੌਰੋਂ ਚੱਕੀ ਲਿਆਂਦੀ...
ਪਟਿਆਲਿਓਂ ਲਿਆਂਦਾ ਹੱਥਾ, ਨੀਂ ਰਾਣੀਏ...
ਦੇਖੋ ਲੋਕ ਗੀਤ ਦਾ ਹੋਰ ਨਮੂਨਾ-
ਵਾੜੇ ਤੈਨੂੰ ਸੱਦ ਹੋਈ ਸਾਲੂ ਵਾਲਿਆ ਵੇ,
ਆ ਕੇ ਚੱਕੀ ਨੂੰ ਹੱਥ ਤਾਂ ਲਵਾ
ਦਿਲਾਂ ਵਿੱਚ ਵੱਸ ਰਹੀਏ,
ਚੀਰੇ ਵਾਲਿਆ ਵੇ…
ਚੱਕੀਆਂ ਲੁਆਵਣ ਮੇਰੀਆਂ ਤਾਈਆਂ ਤੇ ਚਾਚੀਆਂ,
ਜਿਨ੍ਹਾਂ ਦੇ ਮਨ ਵਿੱਚ ਚਾਅ…
ਕਿ ਦਿਲਾਂ ਵਿੱਚ ਵੱਸ ਰਹੀਏ...
ਜਿਨ੍ਹਾਂ ਦੇ ਮਨ ਵਿੱਚ ਚਾਅ…
ਮੁਸ਼ੱਕਤ ਅਤੇ ਤਸ਼ੱਦਦ ਦੇ ਰੂਪ ਵਜੋਂ ਚੱਕੀ ਦਾ ਪੰਜਾਬੀ ਲੋਕ ਧਾਰਾ ਵਿਚ ਪ੍ਰਗਟਾਵਾ
ਪੰਜਾਬੀ ਲੋਕ ਧਾਰਾ ਵਿਚ ਜਿੱਥੇ ਚੱਕੀ ਸਾਡੇ ਸ਼ਗਨ-ਵਿਹਾਰ ਅਤੇ ਹੋਰ ਕਾਰਜਾਂ ਲਈ ਸ਼ੁਭ ਮੰਨੀ ਜਾਂਦੀ ਸੀ, ਉੱਥੇ ਹੀ ਦੂਜੇ ਪਾਸੇ ਚੱਕੀ ਨੂੰ ਭਾਰੀ ਮੁਸ਼ੱਕਤ ਅਤੇ ਤਸ਼ੱਦਦ ਦੇ ਵਾਸਤੇ ਪ੍ਰਮੁੱਖ ਸੰਦ ਵਜੋਂ ਵਰਤਿਆ ਜਾਂਦਾ ਸੀ। ਸਾਡੀਆਂ ਜਿਆਦਾਤਰ ਜੇਲਾਂ ਦੇ ਵਿੱਚ ਕੈਦੀਆਂ ਨੂੰ ਭਾਰੀ ਮਸ਼ੱਕਤ ਭਰੀ ਕੈਦ ਦੇਣ ਲਈ ਉਹਨਾਂ ਕੋਲੋਂ, ਧੱਕੇ ਨਾਲ ਚੱਕੀ ਪਿਸਾਈ ਜਾਂਦੀ ਸੀ। ਇਸ ਨਾਲ ਜੁੜੀਆਂ ਪੰਜਾਬੀ ਲੋਕ ਧਾਰਾ ਵਿੱਚ ਅਨੇਕਾਂ ਸਾਖੀਆਂ,ਗੀਤ, ਲੋਕ ਗੀਤ ਅਤੇ ਅਖਾਣ ਮੁਹਾਵਰੇ ਮਿਲਦੇ ਹਨ। ਸਾਡੀ ਅਰਦਾਸ ਦੇ ਵਿੱਚ ਵੀ ਚੱਕੀ ਦੇ ਭਾਰੀ ਤਸ਼ੱਦਦ ਦੇ ਰੂਪ ਵਜੋਂ ਪ੍ਰਗਟਾਵਾ ਮਿਲਦਾ ਹੈ, ਜਿਵੇਂ ਕਿ -
ਜਿਨਾਂ ਸਿੰਘਾਂ ਸਿੰਘਣੀਆਂ ਨੇ... ਸਵਾ-ਸਵਾ ਮਣ ਪੀਸਣ ਪੀਸਿਆ..
ਇਸੇ ਤਰ੍ਹਾਂ ਚੱਕੀ ਰਾਹੀਂ ਭਾਰੀ ਮੁਸ਼ੱਕਤ ਅਤੇ ਸਜਾ ਦੀ ਇੱਕ ਕਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਵੀ ਜੁੜੀ ਹੋਈ ਹੈ। ਕਿਹਾ ਜਾਂਦਾ ਹੈ ਕਿ ਜਦੋਂ ਬਾਬਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੇਲ ਵਿੱਚ ਕੈਦ ਕਰ ਦਿੱਤਾ ਤਾਂ ਉਨਾਂ ਨੂੰ ਚੱਕੀ ਪੀਸਣ ਦੀ ਮੁਸ਼ੱਕਤ ਭਰੀ ਸਜ਼ਾ ਦਿੱਤੀ। ਸਾਡੇ ਲੋਕਗੀਤਾਂ ਅਤੇ ਸਾਖੀਆਂ ਵਿਚ ਕਿਹਾ ਜਾਂਦਾ ਹੈ ਕਿ ਇਸ ਦੌਰਾਨ ਕੌਤਕ ਵਾਪਰਿਆ ਅਤੇ ਉਹ ਚੱਕੀ ਆਪਣੇ ਆਪ ਚੱਲਣ ਲੱਗ ਪਈ ਸੀ। ਇਸ ਨਾਲ ਸਬੰਧਿਤ ਪੰਜਾਬੀ ਲੋਕ ਧਾਰਾ ਵਿੱਚ ਲੋਕ ਗੀਤ ਵੀ ਹਨ। ਜਿਵੇਂ ਕਿ -
ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ...
ਬਾਬਰ ਦੇ ਜੇਲਖਾਨੇ, ਪੀਸਣ ਨੂੰ ਮਿਲਦੇ ਦਾਣੇ...
ਚੱਕੀਆਂ ਤਾਂ ਚੱਲਣ ਆਪਣੇ ਆਪ, ਇੱਕ ਮਸਤਾਨਾ ਜੋਗੀ...
ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ...
ਆਖਣ-ਮੁਹਾਵਰਿਆਂ ਵਿਚ ਨੂੰਹ-ਸੱਸ ਦੀ ਕਸ਼ਮਕਸ਼ ਅਤੇ ਚੱਕੀ ਦੀ ਭਾਰੀ ਮੁਸ਼ੱਕਤ ਦਾ ਜਿਕਰ
ਪੰਜਾਬੀ ਲੋਕ ਧਾਰਾ ਅਨੁਸਾਰ ਜਦੋਂ ਸੱਸ ਵੱਲੋਂ ਆਪਣੀ ਨੂੰਹ ਕੋਲੋਂ ਭਾਰੀ ਮੁਸ਼ੱਕਤ ਕਰਵਾਈ ਜਾਂਦੀ ਸੀ ਤਾਂ ਉਹ ਹਾਸੇ-ਠੱਠੇ ਅਤੇ ਬੜੇ ਚਤੁਰਾਈ ਭਰੇ ਅੰਦਾਜ਼ ਵਿੱਚ ਅਖਾਣ ਬੋਲ ਕੇ ਆਪਣੀ ਨੂੰਹ ਨੂੰ ਕਹਿੰਦੀ ਸੀ ਕਿ-
ਉੱਠ ਨੂੰਹੇ ਤੂੰ ਥੱਕੀ, ਛੱਡ ਚਰਖਾ ਤੇ ਫੜ ਲੈ ਚੱਕੀ...
ਜਾਂ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ - ਉੱਠ ਨੂੰਹੇ ਨਿਸਲ ਹੋ, ਛੱਡ ਚਰਖਾ ਤੇ ਚੱਕੀ ਝੋਅ
ਪੰਜਾਬੀ ਲੋਕ ਧਾਰਾ ਵਿਚਲੀਆਂ ਲੋਕ ਬੋਲੀਆਂ ਵਿਚ ਵੀ ਚੱਕੀ ਦੇ ਨਾਲ ਜੁੜੀ ਭਾਰੀ ਮੁਸ਼ੱਕਤ ਦਾ ਜਿਕਰ ਮਿਲਦਾ ਹੈ, ਜਿਵੇਂ ਕਿ-
ਮਾਪਿਆਂ ਨੇ ਮੈਂ ਰੱਖੀ ਲਾਡਲੀ ਸਹੁਰਿਆਂ ਪਿਹਾਈ ਚੱਕੀ
ਨੀ ਮਾਂ ਦੀਏ ਲਾਡਲੀਏ ਨੌਂ ਵਲ਼ ਪੈਂਦੇ ਵੱਖੀ
ਦੇਖੋ ਹੋਰ ਨਮੂਨਾ-
ਸਾਨੂੰ ਮਾਰਦੀ ਚੱਕੀ ਦੇ ਵੱਲ ਸੈਨਤਾਂ
ਆਪ ਸੱਸ ਪਲੰਘੇ ਲੇਟਦੀ...
ਲੋਕ ਗੀਤਾਂ ਅਤੇ ਟੱਪਿਆਂ ਵਿਚ ਚੱਕੀ ਨਾਲ ਜੁੜੀ ਮੁਸ਼ੱਕਤ ਦਾ ਜਿਕਰ
ਜੇ ਮੈਂ ਜਾਣਦੀ ਚੱਕੀ ਦੇ ਪੁੜ ਭਾਰੀ...
ਸੱਸ ਨਾਲ ਬਣਾ ਕੇ ਰੱਖਦੀ...
ਜਾਂ
ਔਖਾ ਹੋਵੇਗਾ ਵੀਰਾ, ਭਾਬੋ ਲਾਡਲੀ ਰੱਖੀ...
ਕੋਈ ਗੱਲ ਨੀਂ ਭੈਣੇ, ਭਾਰੀ ਲੈ ਦੂੰਗਾ ਚੱਕੀ...
ਪੰਜਾਬੀ ਲੋਕ ਧਾਰਾ ਵਿਚ ਚੱਕੀ ਨਾਲ ਜੁੜੇ ਹੋਏ ਹੋਰ ਗੀਤ
ਚੱਕੀ ਛੁੱਟ ਗਈ ਚੁੱਲੇ ਨੇ ਛੁੱਟ ਜਾਣਾ
ਘਰ-ਘਰ ਆ ਗਈ ਬਿਜਲੀ...
ਜਾਂ ਇਹ ਵੀ ਕਿਹਾ ਜਾਂਦਾ ਸੀ ਕਿ
ਚੱਕੀ ਛੁੱਟ ਗਈ ਚੁੱਲੇ ਨੇ ਛੁੱਟ ਜਾਣਾ
ਔਰਤਾਂ ਦਾ ਰਾਜ ਆ ਗਿਆ..
ਪੰਜਾਬੀ ਲੋਕ ਧਾਰਾ ਵਿਚ ਚੱਕੀ ਨਾਲ ਜੁੜੀਆਂ ਬੱਚਿਆਂ ਦੀਆਂ ਬਾਤਾਂ ਅਤੇ ਖੇਡਾਂ
ਚੱਕੀ ਨਾਲ ਪੰਜਾਬੀ ਲੋਕ ਧਾਰਾ ਦਾ ਖਾਸ ਰੂਪ ਬਾਤਾਂ ਵੀ ਜੁੜੀਆਂ ਹੋਈਆਂ ਹਨ, ਜਿਵੇਂ ਇਕ ਬਾਤ ਹੈ ਕਿ-
ਥੜ੍ਹੇ ’ਤੇ ਥੜ੍ਹੇ, ਇੱਕ ਚੱਲਦਾ ਇੱਕ ਖੜਾ..
ਇਕ ਹੋਰ ਬਾਤ ਦਾ ਨਮੂਨਾ-
ਨਿੱਕੀ ਜਿਹੀ ਛੋਕਰੀ ਜੋ ਫਿਰਦੀ ਰਹਿੰਦੀ...
ਮਣਾਂ ਮੂੰਹੀ ਖਾਂਦੀ ਪਰ ਕਿਰਦੀ ਰਹਿੰਦੀ...
ਇਸੇ ਤਰ੍ਹਾਂ ਬੱਚਿਆਂ ਦੀ ਖੇਡ ਵਿਚ ਚੱਕੀ ਦਾ ਜਿਕਰ ਹੈ ਕਿ-
ਘੁੰਮ-ਘੁੰਮ ਚੱਕੀਏ, ਭੜੋਲਾ ਕਿੱਥੇ ਰੱਖੀਏ।
ਗੁਰਬਾਣੀ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਚੱਕੀ ਸ਼ਬਦ ਦੀ ਖਾਸ ਪ੍ਰਤੀਕ ਵਜੋਂ ਵਰਤੋਂ
ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਚੱਕੀ ਸ਼ਬਦ ਦੀ ਖਾਸ ਪ੍ਰਤੀਕ ਅਤੇ ਖਾਸ ਅਰਥਾਂ ਨੂੰ ਪ੍ਰਗਟਾਉਣ ਲਈ ਅਨੇਕਾਂ ਵਾਰ ਵਰਤੋਂ ਕੀਤੀ ਮਿਲਦੀ ਹੈ। ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਵਿੱਚ ਲਿਖਦੇ ਹਨ ਕਿ-
ਕੋਲੂ ਚਰਖਾ ਚੱਕੀ ਚਕੁ ॥
ਥਲ ਵਾਰੋਲੇ ਬਹੁਤੁ ਅਨੰਤੁ ॥
ਲਾਟੂ ਮਾਧਾਣੀਆ ਅਨਗਾਹ ॥
ਪੰਖੀ ਭਉਦੀਆ ਲੈਨਿ ਨ ਸਾਹ ॥
ਇਸੇ ਤਰ੍ਹਾਂ ਚੱਕੀ ਸ਼ਬਦ ਨੂੰ ਖਾਸ ਪ੍ਰਤੀਕ ਵਜੋਂ ਵਰਤਦੇ ਹੋਏ ਭਾਈ ਗੁਰਦਾਸ ਜੀ ਲਿਖਦੇ ਹਨ ਕਿ-
ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।
ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ।
ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ।
ਚੋਆ ਚੰਦਨੁ ਪਰਿਹਰੈ ਖਰੁ ਖੇਹ ਪਲਟੈ।
ਤਿਉ ਨਿੰਦਕ ਪਰ ਨਿਦਹੁੰ ਹਠਿ ਮੂਲਿ ਨ ਹਟੈ।
ਆਪਣ ਹਥੀ ਆਪਣੀ ਜੜ ਆਪਿ ਉਪਟੈ ॥੧॥
(ਵਾਰ ੩੫ ਪਉੜੀ ੧)
ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਚੱਕੀ ਪੀਹਣ ਨੂੰ ਖਾਸ ਪ੍ਰਤੀਕ ਵਜੋਂ ਵਰਤ ਕੇ ਆਪਣੀ ਬਾਣੀ ਵਿੱਚ ਲਿਖਦੇ ਹਨ ਕਿ-
ਕਬੀਰ ਕੀਚੜ ਆਟਾ ਗਿਰ ਪੜਿਓ ਕਛੂ ਨ ਆਇਓ ਹਾਥ
ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ
ਕਬੀਰ ਸਾਹਿਬ ਦੀ ਬਾਣੀ ਚੱਕੀ ਦਾ ਹੋਰ ਜਿਕਰ-
ਚਾਕੀ ਚਾਟਹਿ ਚੂਨੁ ਖਾਹਿ ॥
ਚਾਕੀ ਕਾ ਚੀਥਰਾ ਕਹਾਂ ਲੈ ਜਾਹਿ ॥੨॥
ਸਿਰਲੇਖ -
ਇਸ ਤਰ੍ਹਾਂ ਪੰਜਾਬੀ ਲੋਕ ਧਾਰਾ ਵਿੱਚ ਲੋਕ ਮਨਾਂ ਦੀ ਤਰਜਮਾਨੀ ਕਰਦੇ ਚੁੱਕੀ ਨਾਲ ਜੁੜੇ ਹੋਏ ਅਨੇਕਾਂ ਗੀਤ, ਲੋਕ ਗੀਤ, ਅਖਾਣ ਮੁਹਾਵਰੇ ਬਾਤਾਂ, ਕਹਾਵਤਾਂ, ਲੋਕ ਕਹਾਣੀਆਂ ਪ੍ਰਚਲਿਤ ਹਨ। ਇਨਾ ਸਾਰੇ ਸਾਹਿਤ ਰੂਪਾਂ ਤੋਂ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਲੋਕ ਧਾਰਾਂ ਵਿੱਚ ਚੱਕੀ ਦਾ ਬਹੁਤ ਖਾਸ ਸਥਾਨ ਹੈ।
ਜਸਬੀਰ ਵਾਟਾਂਵਾਲੀਆ
ਚੱਕੀ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਵਿਕੀਪੀਡੀਆ ਦਾ ਲਿੰਕ ਦੇਖੋ
ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ ਮਹਾਕਾਵਿ- ਕਲਯੁਗਨਾਮਾ
Post a Comment