Divisions based on religion, again I do not want

partition-of-punjab-poetry

ਧਰਮ ਅਧਾਰਿਤ ਵੰਡੀਆਂ, ਮੁੜ ਮੈਂ ਨਹੀਂ ਚਾਹੁੰਦਾ

ਧਰਮ ਅਧਾਰਿਤ ਵੰਡੀਆਂ, ਮੁੜ ਮੈਂ ਨਹੀਂ ਚਾਹੁੰਦਾ
ਹੋਣ ਸੁਹਾਗਣਾਂ ਰੰਡੀਆਂ, ਮੁੜ ਮੈਂ ਨਹੀਂ ਚਾਹੁੰਦਾ

ਰੁਲਣ ਲਾਵਾਰਿਸ ਬੱਚੜੇ, ਤੇ ਬੇਪਤ ਨਾਰੀ
ਤੁਸੀਂ ਪੜ੍ਹਾਵੋ ਚੰਡੀਆਂ, ਮੁੜ ਮੈਂ ਨਹੀਂ ਚਾਹੁੰਦਾ
ਧਰਮ ਆਧਾਰਿਤ ਵੰਡੀਆਂ, ਮੁੜ ਮੈਂ ਨਹੀਂ ਚਾਹੁੰਦਾ

ਫਿਰ ਰੋੋਲੇ ਟੋਪੀ ਪੱਗ ਨੂੰ, ਪੱਗ ਟੋਪੀ ਰੋਲੇ
ਲਹਿ-ਲਹਿ ਜਾਵਣ ਘੰਡੀਆਂ,ਮੁੜ ਮੈਂ ਨਹੀਂ ਚਾਹੁੰਦਾ
ਧਰਮ ਆਧਾਰਿਤ ਵੰਡੀਆਂ, ਮੁੜ ਮੈਂ ਨਹੀਂ ਚਾਹੁੰਦਾ

ਕੱਟ-ਵੱਢ ਕਰਕੇ ਕਦੇ ਨਾ ਪਾਕਿਸ-ਖ਼ਾਲਿਸ ਹੁੰਦੇ 
ਗੱਲਾਂ ਹੱਡੀਂ ਹੰਡੀਆਂ, ਮੁੜ ਮੈਂ ਨਹੀਂ ਚਾਹੁੰਦਾ 
ਧਰਮ ਆਧਾਰਿਤ ਵੰਡੀਆਂ, ਮੁੜ ਮੈਂ ਨਹੀਂ ਚਾਹੁੰਦਾ

ਸੱਤਾ ਦੇ ਵਿੱਚ ਮੁੜ-ਮੁੜ ਲੋਕੀ ਉਹੀਓ ਆਉਣੇ
ਬਦਲਣ ਝੰਡੇ ਝੰਡੀਆਂ, ਮੁੜ ਮੈਂ ਨਹੀਂ ਚਾਹੁੰਦਾ
ਧਰਮ ਆਧਾਰਿਤ ਵੰਡੀਆਂ, ਮੁੜ ਮੈਂ ਨਹੀਂ ਚਾਹੁੰਦਾ

ਮੈਂ ਨਹੀਂ ਕਹਿੰਦਾ ਜੁਲਮ ਦੇ ਸਾਹਵੇਂ, ਚੁੱਪ ਕਰ ਬੈਠੋ
ਲੋਚਾਂ ਲੁੱਚੀਆਂ-ਲੰਡੀਆਂ, ਮੁੜ ਮੈਂ ਨਹੀਂ ਚਾਹੁੰਦਾ 
ਧਰਮ ਆਧਾਰਿਤ ਵੰਡੀਆਂ, ਮੁੜ ਮੈਂ ਨਹੀਂ ਚਾਹੁੰਦਾ


ਵਾਟਾਂਵਾਲੀਆ ਵੇਖ ਲਈ, ਅਸੀਂ ਵੰਡ-ਵੰਡ ਧਰਤੀ 
ਸਾਂਝਾ ਜਾਣ ਕਰੰਡੀਆਂ, ਮੁੜ ਮੈਂ ਨਹੀਂ ਚਾਹੁੰਦਾ
ਧਰਮ ਆਧਾਰਿਤ ਵੰਡੀਆਂ, ਮੁੜ ਮੈਂ ਨਹੀਂ ਚਾਹੁੰਦਾ

30-08-2015


Post a Comment

Previous Post Next Post

About Me

Search Poetry

Followers