ਪੰਜਾਬੀ ਲੋਕ ਧਾਰਾ ਵਿਚ ਦੀਵਾਲੀ
ਪੰਜਾਬੀ ਲੋਕ ਧਾਰਾ ਵਿੱਚ ਦੀਵਾਲੀ ਦਾ ਵਿਸ਼ੇਸ਼ ਸਥਾਨ ਹੈ। ਭਾਰਤ ਵਿੱਚ ਦੀਵਾਲੀ ਕਈ ਸਦੀਆਂ ਤੋਂ ਮਨਾਈ ਜਾਂਦੀ ਹੈ ਅਤੇ ਜਿਸ ਦਾ ਸਬੰਧ ਅਯੁਧਿਆ ਦੇ ਰਾਜਾ ਰਾਮ ਚੰਦਰ ਅਤੇ ਹਿੰਦੂ ਧਰਮ ਦੀਆਂ ਮਾਨਤਾਵਾਂ ਨਾਲ ਹੈ। ਹੁਣ ਤੱਕ ਹਜ਼ਾਰਾਂ ਲੇਖਕਾਂ ਨੇ ਰਾਜਾ ਰਾਮ ਚੰਦਰ ਅਤੇ ਰਾਵਣ ਦੀ ਕਹਾਣੀ ਨੂੰ ਵੱਖ-ਵੱਖ ਸਾਹਿਤ ਰੂਪਾਂ ਵਿੱਚ ਉਲੀਕਣ ਦਾ ਯਤਨ ਕੀਤਾ ਹੈ। ਇਸ ਸਭ ਸਦਕਾ ਪੰਜਾਬੀ ਲੋਕ ਧਾਰਾ ਵਿੱਚ ਦੀਵਾਲੀ ਦਾ ਜ਼ਿਕਰ ਹਰ ਸਾਹਿਤ ਰੂਪ ਵਿੱਚ ਮਿਲਦਾ ਹੈ। ਇਸ ਲੇਖ ਵਿੱਚ ਤੁਸੀਂ ਪੰਜਾਬੀ ਲੋਕ ਧਾਰਾ ਵਿੱਚ ਦੀਵਾਲੀ ਦਾ ਜ਼ਿਕਰ ਕਿਵੇਂ ਅਤੇ ਕਿੱਥੇ-ਕਿੱਥੇ ਹੋਇਆ ਇਸ ਨੂੰ ਪੜੋਗੇ।
ਲੋਕ ਗੀਤ ਬਾਰਾਂ ਮਾਹ ਵਿੱਚ ਦੀਵਾਲੀ ਦਾ ਜ਼ਿਕਰ
ਅੱਸੂ ਨਾ ਜਾਈ ਚੰਨਾ, ਪਿਤਰ ਮਨਾਵਣੇ
ਕੱਤੇ ਨ ਜਾਈ ਚੰਨਾ ਬਲਣ ਦੀਵਾਲੀਆਂ
ਦੇਖੋ ਹੋਰ ਨਮੂਨਾ
ਚੜ੍ਹਿਆ ਮਹੀਨਾ ਕੱਤਕ, ਮਾਹੀ ਮੇਰਾ ਅਟਕ, ਕਿ ਆਈ ਦੀਵਾਲੀ ਏ
ਪੀਆ ਵਸੇ ਪਰਦੇਸ.... ਕੀ ਦੀਵੇ ਬਾਲੀਏ?
ਦੇਖੋ ਹੋਰ ਲੋਕ ਗੀਤ
ਕੱਤਕ ਦੇ ਮਹੀਨੇ ਵੇ ਦੀਵਾਲੀ ਆਈ
ਜਿਨ੍ਹਾਂ ਘਰ ਲਾਲ ਤਿਨ੍ਹਾਂ ਧਰੀ ਕੜਾਹੀ
ਲਾਲ ਲਈ ਮੈਂ ਪਕਾਏ ਸੱਤ ਪਕਵਾਨ ਨੀ
ਘਰ ਮੁੜ ਆਵੇ ਮੇਰੇ ਅੰਤਰਜਾਮੀਂ।
ਪੰਜਾਬੀ ਅਖਾਣਾ ਵਿੱਚ ਦੀਵਾਲੀ ਦਾ ਜ਼ਿਕਰ
ਨਿੱਤ ਦੀਵਾਲੀ ਸਾਧ ਦੀ, ਚੱਤੋ ਪਹਿਰ ਬਸੰਤ।
ਦੇਖੋ ਹੋਰ ਅਖਾਣ ਵੰਨਗੀ-
ਮੀਂਹ ਵਸੇ ਦੀਵਾਲੀ, ਜੇਹਾ ਫੌਜੀ ਤੇਹਾ ਹਾਲੀ
ਦੇਖੋ ਮਸ਼ਹੂਰ ਅਖਾਣ-
ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ
ਪੰਜਾਬੀ ਗੀਤਾਂ ਵਿੱਚ ਦਿਵਾਲੀ
ਪੰਜਾਬੀ ਗੀਤਾਂ ਵਿੱਚ ਵੀ ਦਿਵਾਲੀ ਦਾ ਅਨੇਕਾਂ ਥਾਵਾਂ ਤੇ ਜ਼ਿਕਰ ਮਿਲਦਾ ਹੈ ਜਿਵੇਂ ਕਿ -
ਰਹੀਆਂ ਨਾ ਦੀਵਾਲੀਆਂ, ਨਾ ਰਹੀਆਂ ਲੋਹੜੀਆਂ
ਤੇਰੇ ਬਾਜੋ ਹੋਈਆਂ ਨੀ ਬੇਰੰਗ ਹੋਲੀਆਂ
ਜਾਂ
ਹਰ ਦਿਨ ਚੜ੍ਹਨਾ ਦਸਮੀਂ ਵਰਗਾ,
ਹਰ ਰਾਤ ਦੀਵਾਲੀ ਹੋਣਗੀਆਂ।
ਕਵਿਤਾਵਾਂ ਵਿੱਚ ਦੀਵਾਲੀ
ਗਿਆਨੀ ਗੁਰਮੁਖ ਸਿੰਘ ਮੁਸਾਫਰ ਨੇ ਆਪਣੀ ਕਵਿਤਾ ਦਿਵਾਲੀ ਵਿੱਚ ਇਸ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ-
ਅੱਜ ਦੀ ਰਾਤ ਦੀਵਿਆਂ ਵਾਲੀ
ਪਰ ਆਕਾਸ਼ ਦੀਵਿਓ ਖਾਲੀ
ਮੱਸਿਆ ਛਾਈ ਘੁੱਪ ਹਨੇਰਾ
ਅੰਧਕਾਰ ਹੈ ਚਾਰ ਚੁਫੇਰਾ
ਦਿਲ ਮੇਰਾ ਚਾਨਣ ਤੋਂ ਖਾਲੀ
ਕਾਹਦੀ ਰਾਤ ਦੀਵਿਆਂ ਵਾਲੀ
ਉਹ ਲੋਕ ਦੀਵਾਲੀ ਮਾਨਣ
ਦਿਨ ਨੂੰ ਵੀ ਜਿੱਥੇ ਨਹੀਂ ਚਾਨਣ
ਦੀਵੇ ਬਲੇ ਦੀਵਾਲੀ ਆਈ
ਮਨ ਮੇਰੇ ਨੂੰ ਧੁੜਕੀ ਲਾਈ
.....
ਦੀਵੇ ਬਲੇ ਦਿਵਾਲੀ ਆਈ
ਪਰ ਮੇਰੇ ਮਨ ਨੂੰ ਨਾ ਭਾਈ
ਦੇਖੋ ਹੋਰ ਨਮੂਨਾ-
ਰਾਮ ਦੀਵਾਲੀ ਐਸੀ ਆਵੇ,
ਤਨ ਮਨ ਚਾਨਣ ਵਿਚ ਰੁਸ਼ਨਾਵੇ
ਰਾਵਣ ਮਰਨ ਦਿਲਾਂ ਦੇ ਅੰਦਰੋਂ
ਕੁਦਰਤ ਵਣ ਤ੍ਰਿਣ ਖਿਲੇ-ਖਿਲਾਵੇ
ਸਵੈ ਰਚਨਾ
ਬਾਲ
ਕਹਾਣੀ ਸਾਹਿਤ ਵਿੱਚ ਦੀਵਾਲੀ
ਪੰਜਾਬੀ ਕਹਾਣੀ ਸਾਹਿਤ ਵਿੱਚ ਦਿਵਾਲੀ ਦਾ ਜ਼ਿਕਰ ਬੇਸ਼ੁਮਾਰ ਹੋਇਆ ਹੈ। ਉਦਾਹਰਨ ਵਜੋਂ ਖਵਾਜਾ ਅਹਿਮਦ ਅੱਬਾਸ ਦੀ ਕਹਾਣੀ ਦੀਵਾਲੀ ਦੇ ਥੀਮ ਉੱਤੇ ਹੀ ਕੇਂਦਰਿਤ ਹੈ। ਇਸ ਕਹਾਣੀ ਦਾ ਨਾਮ ਹੈ 'ਦੀਵਾਲੀ ਦੇ ਤਿੰਨ ਦੀਵੇ'। ਇਸ ਕਹਾਣੀ ਵਿੱਚ ਲੇਖਕ ਦਿਵਾਲੀ ਵਾਲੇ ਦਿਨ ਦੌਰਾਨ ਸਮਾਜ ਦੇ ਅਮੀਰ, ਮਧਲੇ, ਅਤੇ ਗਰੀਬ ਤਬਕੇ ਦੇ ਘਰ ਜਗਦੇ ਦੀਵਿਆਂ ਦਾ ਪ੍ਰਤੀਕਾਤਮਕ ਜ਼ਿਕਰ ਕਰਦਿਆਂ ਕਹਾਣੀ ਉਸਾਰਦਾ ਹੈ।
ਇਸੇ ਤਰ੍ਹਾਂ ਸਿਆਦਤ ਹਸਨ ਮੰਟੋ ਦੀ ਕਹਾਣੀ 'ਦੀਵਾਲੀ ਦੇ ਦੀਵੇ' ਵੀ ਦੀਵਾਲੀ ਦੇ ਥੀਮ ਉੱਤੇ ਕੇਂਦਰਿਤ ਹੈ।
ਕਾਣੀ ਦਿਵਾਲੀ ਮਨਾਉਣ ਦਾ ਰਿਵਾਜ
ਪੰਜਾਬੀ ਲੋਕ ਰੀਤਾਂ ਵਿੱਚ ਕਾਣੀ ਦੀਵਾਲੀ ਮਨਾਉਣ ਦਾ ਵੀ ਖਾਸ ਜਿਕਰ ਮਿਲਦਾ ਹੈ। ਪੰਜਾਬੀ ਪੀਡੀਆ ਤੇ ਉਪਲਭਦ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਪੁਰਾਣੇ ਸਮੇਂ ਇਹ ਰੀਤ ਪ੍ਰਚਲਤ ਸੀ ਜਿਸ ਦੇ ਤਹਿਤ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਕਾਣੀ ਦਿਵਾਲੀ ਮਨਾਈ ਜਾਂਦੀ ਸੀ। ਇਸ ਦਿਨ ਘਰ ਵਿੱਚ ਸਿਰਫ ਇੱਕ ਦੀਵਾ ਬਾਲਿਆ ਜਾਂਦਾ ਸੀ ਅਤੇ ਉਸ ਦੀਵੇ ਦੇ ਤੇਲ ਵਿੱਚ ਕਾਣੀ ਕੌਡੀ ਪਾ ਕੇ ਰੱਖੀ ਜਾਂਦੀ ਸੀ। ਦੀਵੇ ਨੂੰ ਅਜਿਹੀ ਥਾਂ ਤੇ ਰੱਖਿਆ ਜਾਂਦਾ ਸੀ ਜਿੱਥੋਂ ਘਰ ਦਾ ਪਾਣੀ ਬਾਹਰ ਵਹਿੰਦਾ ਹੋਵੇ। ਇਸ ਸਬੰਧੀ ਇਹ ਵਿਸ਼ਵਾਸ ਪ੍ਰਚਲਿਤ ਸੀ ਕਿ ਇਸ ਪੂਜਾ ਨਾਲ ਘਰ ਚੋਂ ਦਲਿਦਰ, ਗਰੀਬੀ ਅਤੇ ਬੁਰੀਆਂ ਸ਼ਕਤੀਆਂ ਅਤੇ ਬੁਰੀਆਂ ਰੂਹਾਂ ਬਾਹਰ ਨਿਕਲੀਆਂ ਜਾਂਦੀਆਂ ਹਨ।
ਦੀਵਾਲੀ ਦਾ ਸਿੱਖ ਇਤਿਹਾਸ ਨਾਲ ਸੰਬੰਧ ਅਤੇ ਬੰਦੀਛੋੜ ਦਿਵਸ
ਦੀਵਾਲੀ ਦਾ ਸਿੱਖ ਇਤਿਹਾਸ ਨਾਲ ਵੀ ਖਾਸ ਸਬੰਧ ਜੁੜਦਾ ਹੈ। ਇਤਿਹਾਸ ਮੁਤਾਬਕ ਮੁਗਲ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਕੇ ਰੱਖਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸੇ ਦਿਨ ਹੀ ਗੁਆਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਅੰਮ੍ਰਿਤਸਰ ਸਾਹਿਬ ਪੁੱਜੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਆਪਣੀ ਰਿਹਾਈ ਮੌਕੇ ਜਹਾਂਗੀਰ ਅੱਗੇ ਖਾਸ ਸ਼ਰਤ ਰੱਖੀ ਸੀ ਕਿ ਉਹ ਤਾਂ ਜੇਲ੍ਹ ਵਿੱਚੋਂ ਬਾਹਰ ਜਾਣਗੇ ਜੇਕਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ 52 ਰਾਜੇ, ਜੋ ਕਿ ਕੈਦੀ ਬਣਾ ਕੇ ਰੱਖੇ ਹੋਏ ਸਨ, ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਇਸ ਤੋਂ ਬਾਅਦ ਜਹਾਂਗੀਰ ਨੇ ਗੁਰੂ ਜੀ ਅੱਗੇ ਇਹ ਸ਼ਰਤ ਰੱਖ ਦਿੱਤੀ ਕਿ ਜਿੰਨੇ ਕੈਦੀ ਉਹਨਾਂ ਦਾ ਪੱਲਾ ਫੜ ਕੇ ਜਾ ਸਕਦੇ ਹਨ, ਉਹ ਰਿਹਾ ਕਰਵਾ ਕੇ ਲੈ ਜਾਣ।
ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਕਲੀਆਂ ਵਾਲਾ ਇੱਕ ਚੋਲਾ ਸਿਲਾਈ ਕਰਵਾਇਆ ਅਤੇ 52 ਰਾਜਿਆਂ ਨੂੰ ਉਹ ਕਲੀਆਂ ਫੜਾ ਕੇ ਭਾਵ ਤਣੀਆਂ ਫੜਾ ਕੇ ਜੇਲ ਤੋਂ ਰਿਹਾ ਕਰਵਾ ਕੇ ਲੈ ਗਏ ਸਨ। ਇਤਿਹਾਸ ਮੁਤਾਬਿਕ ਗੁਰੂ ਸਾਹਿਬ ਜਦੋਂ ਰਿਹਾ ਹੋ ਕੇ ਅੰਮ੍ਰਿਤਸਰ ਸਾਹਿਬ ਪੁੱਜੇ ਤਾਂ ਬਾਬਾ ਬੁੱਢਾ ਜੀ ਨੇ ਸਿੱਖ ਸੰਗਤ ਨੂੰ ਹੁਕਮ ਕੀਤਾ ਕਿ ਸਮੁੱਚੇ ਹਰਿਮੰਦਰ ਸਾਹਿਬ ਵਿੱਚ ਅਤੇ ਸਮੁੱਚੇ ਸਰੋਵਰ ਦੇ ਦੁਆਲੇ ਦੀਪ ਮਾਲਾ ਕੀਤੀ ਜਾਵੇ। ਇਸ ਤੋਂ ਬਾਅਦ ਹੀ ਸਿੱਖ ਸੰਗਤਾਂ ਵੀ ਦੀਵਾਲੀ ਦਾ ਤਿਉਹਾਰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਂਦੀਆਂ ਆ ਰਹੀਆਂ ਹਨ। ਇਸ ਤੋਂ ਬਾਅਦ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬੰਦੀਛੋੜ ਸਬੰਧੀ ਭਾਈ ਗੁਰਦਾਸ ਜੀ ਆਪਣੀ ਵਾਰ ਵਿਚ ਲਿਖਦੇ ਹਨ ਕਿ-
ਸਤਿਗੁਰੁ ਬੰਦੀ ਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ।।
ਗੁਰਮੁਖਿ ਮਨ ਅਪਿਤੀਜੁ ਪਤੀਣਾ।।
ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਦੀਵਾਲੀ ਅਤੇ ਦੀਵੇ ਦਾ ਸੰਕਲਪ
ਦੀਵਾਲੀ ਸ਼ਬਦ ਅਤੇ ਦਿਵਾਲੀ ਸੰਕਲਪ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਕੀਤਾ ਹੈ ਜਿਵੇਂ ਕਿ ਦੇਖੋ ਵਨਗੀ -
ਦੀਵਾਲੀ ਕੀ ਰਾਤਿ ਦੀਵੇ ਬਾਲੀਅਨਿ।
ਤਾਰੇ ਜਾਤਿ ਸੁਨਾਤਿ ਅੰਬਰ ਭਾਲੀਅਨਿ ।
ਫੁੱਲਾਂ ਦੀ ਬਾਗਾਤਿ ਚੁਣ ਚੁਣ ਚਾਲਿਅਨਿ।
ਤੀਰਥ ਜਾਤੀ ਜਾਤਿ ਨੈਣਿ ਨਿਹਾਲੀਅਨਿ।
ਹਰਿ ਚੰਦਉਰੀ ਝਾਤ ਵਸਾਇ ਉਚਾਲੀਅਨਿ।
ਗੁਰਮੁਖਿ ਸੁਖ ਫਲ ਦਾਤਿ ਸ਼ਬਦ ਸਮਾਲੀਅਨਿ।
ਸਿਰਲੇਖ-
ਇਸ ਤਰ੍ਹਾਂ ਦੀਵਾਲੀ ਦਾ ਸੰਕਲਪ ਸਾਡੇ ਹਰ ਸਾਹਿਤ ਰੂਪ ਵਿੱਚੋਂ ਝਲਕਦਾ ਹੈ। ਉਹ ਅਖਾਣ ਹੋਣ, ਕਹਾਣੀ ਹੋਵੇ , ਗੀਤ ਹੋਣ, ਕਵਿਤਾਵਾਂ ਹੋਣ , ਵਾਰਾਂ ਹੋਣ, ਬਾਰਾਂ ਮਾਹ ਹੋਵੇ, ਸਿੱਖ ਇਤਿਹਾਸ ਹੋਵੇ ਜਾਂ ਮਿਥਿਹਾਸ ਹੋਵੇ ਹਰ ਸਾਹਿਤ ਰੂਪ ਦੀਵਾਲੀ ਦਾ ਜਿਕਰ ਮਿਲਦਾ ਹੈ।
Post a Comment