ਬੇਘਰਿਆਂ ਨੂੰ ਖਬਰ ਨਾ ਕੋਈ
ਬੇਘਰਿਆਂ ਨੂੰ ਖਬਰ ਨਾ ਕੋਈ! ਕਿ ਉਹਨਾਂ ਕੋਲੇ ਘਰ ਹੈ ਨਹੀਂ!
ਨਾ ਉੱਡਣ ਲਈ ਅੰਬਰ ਨੀਲਾ! ਤੇ ਪਰਵਾਜ ਲਈ ਪਰ ਹੈ ਨਹੀਂ!
ਕੌਣ ਹੈ ਜਿਸ ਨੇ ਇਹਨਾ ਦੀ ਇਉਂ, ਚੇਤਨਤਾ ਹੀ ਮਾਰ ਲਈ !
ਕੌਣ ਹੈ ਜਿਸਨੇ ਸਿਰ ਤੋਂ ਅੰਬਰ, ਪੈਰੋਂ ਧਰਤ ਡਕਾਰ ਲਈ !
ਕੌਣ ਹੈ ਜਿਸ ਨੂੰ ਇਹਨਾ ਕੋਲੋਂ, ਭੋਰਾ-ਮਾਸਾ ਡਰ ਹੈ ਨਹੀਂ !
ਬੇਘਰਿਆਂ ਨੂੰ ਖਬਰ ਨਾ ਕੋਈ! ਕਿ ਉਹਨਾਂ ਕੋਲੇ ਘਰ ਹੈ ਨਹੀਂ!
ਕੌਣ ਹੈ ਜਿਸਨੇ ਇਹਨਾ ਦਾ ਇਉਂ, ਅੱਗਾ-ਪਿੱਛਾ ਮਾਰ ਲਿਆ !
ਕੌਣ ਹੈ ਜਿਸਨੇ ਅੱਖੀਓਂ ਸੁਪਨੇ, ਤੇ ਲੁੱਟ ਹੀ ਸੰਸਾਰ ਲਿਆ !
ਹਾਏ! ਉਹਨਾਂ ਨੂੰ ਸਬਰ ਪੈ ਜਾਵੇ, ਜਿਹਨਾਂ ਨੂੰ ਰਤੀ ਸਬਰ ਹੈ ਨਹੀਂ !
ਬੇਘਰਿਆਂ ਨੂੰ ਖਬਰ ਨਾ ਕੋਈ! ਕਿ ਉਹਨਾਂ ਕੋਲੇ ਘਰ ਹੈ ਨਹੀਂ!
ਕੌਣ ਲਿਖੇ ਇਹਨਾਂ ਦੀ ਗਾਥਾ ? ਕੌਣ ਜੋ ਉਸ ਨੂੰ ਬੋਲ ਦੇਵੇ !
ਚੇਤਨਤਾ ਦੀ ਦੇਵੇ ਘੁੱਟੀ, ਵਿੱਚ ਕੁੱਝ ਸੁਫਨੇ ਘੋਲ ਦੇਵੇ !
"ਵਾਟਾਂ ਵਾਲੀ" ਇਹਨਾਂ ਦੇ ਲਈ, ਚੇਤਨ ਇੱਕ ਵੀ ਦਰ ਹੈ ਨਹੀਂ
ਬੇਘਰਿਆ ਨੂੰ ਖਬਰ ਨਾ ਕੋਈ, ਕਿ ਉਹਨਾਂ ਕੋਲੇ ਘਰ ਹੈ ਨਹੀਂ !ਨਾ ਉੱਡਣ ਲਈ ਅੰਬਰ ਨੀਲਾ, ਤੇ ਪਰਵਾਜ ਲਈ ਪਰ ਹੈ ਨਹੀਂ!
08-08-2015
Post a Comment