Partition is a pain of the Punjab
ਆਜ਼ਾਦੀ ਦਿਵਸ ਅਤੇ ਪੰਜਾਬ ਦਾ ਦਰਦ
ਕੀ ਇਸ ਅੱਧੇ ਦੀ ਸਿਫਤ ਕਰਾਂ, ਅੱਧਿਓ ਵੀ ਅੱਧਾ ਰਹਿ ਗਿਆ ਏਸਿਰ ਇੱਕ ਪਾਸੇ, ਧੜ ਇੱਕ ਪਾਸੇ, ਕੋਈ ਲੱਤਾਂ-ਬਾਹਾਂ ਲੈ ਗਿਆ ਏ
ਸੀ ਕੈਸਾ ਜਾਲ਼ ਗ਼ੁਲਾਮੀ ਦਾ, ਕੱਟਣ ਦੀ ਖਾਤਿਰ ਲੜਿਆ ਮੈਂ
ਸੀਨੇ 'ਤੇ ਤੋਪਾਂ ਝੱਲੀਆਂ ਮੈਂ, ਹੱਸ-ਹੱਸ ਕੇ ਫਾਸੀ ਚੜ੍ਹਿਆ ਮੈਂ
ਇਹ ਪਾਕਿਸ-ਖਾਲਿਸਤਾਨਾਂ ਦਾ, ਕਿਸ ਆਖੇ ਰੱਫੜ ਪੈ ਗਿਆ ਏ
ਸਿਰ ਇੱਕ ਪਾਸੇ, ਧੜ ਇੱਕ ਪਾਸੇ, ਕੋਈ ਲੱਤਾਂ ਬਾਹਾਂ ਲੈ ਗਿਆ ਏ...
ਮੈਂ ਜਿਸ ਮਕਸਦ ਲਈ ਲੜਿਆ ਸੀ, ਉਹ ਮਕਸਦ ਅਜੇ ਅਧੂਰਾ ਏ
ਪੰਜਾਬ ਦੇ ਟੁੱਕੜੇ ਹੋ ਗਏ ਨੇ, ਜ਼ਾਲਮ ਪੁਰੇ ਦਾ ਪੁਰਾ ਏ
ਅੱਜ ਵੀ ਅਬਦਾਲੀ ਜਿਉਂਦਾ ਏ, ਚੜ੍ਹ ਤਖ਼ਤੇ ਉੱਤੇ ਬਹਿ ਗਿਆ ਏ
ਸਿਰ ਇੱਕ ਪਾਸੇ, ਧੜ ਇੱਕ ਪਾਸੇ, ਕੋਈ ਲੱਤਾਂ ਬਾਹਾਂ ਲੈ ਗਿਆ ਏ...
ਕਦੇ ਗੋਰਾ ਸੀ, ਅੱਜ ਕਾਲ਼ਾ ਏ, ਕੁਰਸੀ 'ਤੇ ਬਦਲੇ ਬੰਦੇ ਨੇ
ਜਿਹੜੇ ਕਾਲ਼ੇ ਕੰਮ ਸੀ ਗੋਰੇ ਦੇ, ਕਾਲ਼ੇ ਦੇ ਉਹੀਓ ਧੰਦੇ ਨੇ
ਇਹ ਗਲਬਾ ਲੀਡਰਸ਼ਾਹੀ ਦਾ, ਗਲ਼ ਫਾਹੀ ਬਣਕੇ ਪੈ ਗਿਆ ਏ
ਸਿਰ ਇੱਕ ਪਾਸੇ, ਧੜ ਇੱਕ ਪਾਸੇ, ਕੋਈ ਲੱਤਾਂ ਬਾਹਾਂ ਲੈ ਗਿਆ...
ਅੱਜ ਮੇਰੇ ਜਿੰਨੇ ਟੁੱਕੜੇ ਨੇ, ਉਹਨਾਂ 'ਚੋਂ ਇਹੀ ਆਵਾਜ਼ਾਂ ਨੇ
ਉਏ 'ਵਾਟਾਂਵਾਲੀ' ਮਾਰ ਲਿਆ, ਇਹਨਾਂ ਧਰਮਾਂ ਨੇ ਇਹਨਾਂ ਤਾਜਾਂ ਨੇ
ਇਹ ਮਾਨਵਤਾ ਦਾ ਮਹਿਲ ਖੜ੍ਹਾ, ਵੇਂਹਦੇ-ਵੇਂਹਦੇ ਹੀ ਢਹਿ ਗਿਆ ਏ
ਸਿਰ ਇੱਕ ਪਾਸੇ, ਧੜ ਇੱਕ ਪਾਸੇ, ਕੋਈ ਲੱਤਾਂ ਬਾਹਾਂ ਲੈ ਗਿਆ ਏ..
15-08-2015
Post a Comment