Beadbi of Guru Granth Sahib and History
ਧਾਰਮਿਕ ਗਰੰਥਾਂ ਦੀ ਬੇਅਦਬੀ, ਇਤਿਹਾਸ ਅਤੇ ਮੌਜੂਦਾ ਸੰਦਰਭ
ਦੇਸ਼ ਆਜ਼ਾਦੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀ ਪਹਿਲੀ ਵੱਡੀ ਘਟਨਾ 13 ਅਪਰੈਲ 1978 ਨੂੰ ਵਾਪਰੀ
ਪਿਛਲੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੇ ਇਕ ਵਾਰ ਫਿਰ ਪੰਜਾਬ ਦੇ ਹਾਲਾਤ ਬੜੇ ਨਾਜੁਕ ਬਣਾ ਦਿੱਤੇ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿਸ ਉੱਪਰ ਮਨੁੱਖਤਾ ਅਤੇ ਸਾਂਝੀਵਾਲਤਾ ਦੇ ਅਨੇਕਾਂ ਫਲਸਫਿਆਂ ਨੇ ਜਨਮ ਲਿਆ। ਦੇਸ਼ ਆਜ਼ਾਦੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀ ਪਹਿਲੀ ਵੱਡੀ ਘਟਨਾ 13 ਅਪਰੈਲ 1978 ਨੂੰ ਵਾਪਰੀ ਜਿਸ ਦੇ ਸਿੱਟੇ ਵਜੋਂ ਸਾਨੂੰ 1984 ਦਾ ਭਿਆਨਕ ਦੌਰ ਹੰਢਾਉਣਾ ਪਿਆ। ਇਸ ਘਟਨਾ ਨੇ ਪੰਜਾਬ ਨੂੰ ਧੁਰ ਅੰਦਰ ਤੱਕ ਲਹੂ-ਲੁਹਾਨ ਕਰ ਦਿੱਤਾ ਸੀ | ਇਸ ਘਟਨਾ ਦੇ ਪ੍ਰਮੁੱਖ ਦੋਸ਼ੀ ਨਿਰੰਕਾਰੀ ਸੰਪ੍ਰਦਾਇ ਦੇ ਮੁੱਖੀ ਨੂੰ, ਉਸ ਵੇਲੇ ਸਿੱਖ ਗਰਮਦਲੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਸ ਵੇਲੇ ਵਾਪਰੀ ਇਸ ਘਟਨਾ ਨੇ ਸਮੁੱਚੇ ਪੰਜਾਬ ਅੰਦਰ ਜੋ ਭਿਆਨਕ ਮਾਹੌਲ ਪੈਦਾ ਕੀਤਾ, ਉਹ ਕਿਸੇ ਤੋਂ ਵੀ ਗੁੱਝਾ ਨਹੀਂ । 1984 ਵਰਗੇ ਹਾਲਾਤ ਫਿਰ ਦੁਬਾਰਾ ਪੈਦਾ ਹੋਣ ਇਹ ਕੋਈ ਵੀ ਸੁਚੇਤ ਪੰਜਾਬੀ ਨਹੀਂ ਚਾਹੇਗਾ।
ਧਾਰਮਿਕ ਗਰੰਥਾਂ ਦੀ ਬੇਅਦਬੀ ਆਖਰ ਕਿਉਂ ਕੀਤੀ ਜਾਂਦੀ ਹੈ ?
ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਸੇ ਵੀ ਧਾਰਮਿਕ ਗਰੰਥ ਦੀ ਬੇਅਦਬੀ ਆਖਰ ਕਿਉਂ ਕੀਤੀ ਜਾਂਦੀ ਹੈ ? ਇਤਿਹਾਸਕ ਘਟਨਾਵਾਂ ਵੱਲ ਝਾਤੀ ਮਾਰਿਆਂ ਪਤਾ ਲਗਦਾ ਹੈ ਕਿ ਹੋਸ਼ੀ ਬਿਰਤੀ ਦੇ ਧਾਰਮਿਕ ਆਗੂਆਂ ਵੱਲੋਂ ਆਪਣੇ ਧਰਮ ਨੂੰ ਉੱਚਾ ਦਿਖਾਉਣ ਲਈ ਜਾਂ ਬਦਲਾਖੋਰੀ ਦੀ ਭਾਵਨਾ ਨਾਲ ਹਮੇਸ਼ਾ ਦੂਸਰੇ ਦੇ ਧਰਮ ਜਾਂ ਧਾਰਮਿਕ ਚਿੰਨ੍ਹਾ ਦਾ ਨਿਰਾਦਰ ਕੀਤਾ ਜਾਂਦਾ ਰਿਹਾ ਹੈ। ਮਹਿਮੂਦ ਗਜਨਵੀ ਨੇ ਸੋਮ ਨਾਥ ਦੇ ਮੰਦਰ ਦੀ ਮੂਰਤੀ ਨੂੰ ਤੋੜ ਕੇ ਉਸ ਦੇ ਟੁਕੜਿਆਂ ਨੂੰ ਮਸਜਿਦ ਦੀਆਂ ਪੌੜੀਆਂ ਵਿੱਚ ਲਗਵਾ ਦਿੱਤਾ। ਤਕਸ਼ਿਲਾ ਅਤੇ ਨਾਲੰਦਾ ਯੂਨੀਵਰਸਿਟੀ ਵਿਚਲੇ ਅਨੇਕਾਂ ਧਾਰਮਿਕ ਗਰੰਥਾਂ ਨੂੰ ਸਾੜ ਦਿੱਤਾ ਗਿਆ। ਕੁਝ ਕੁ ਹੋਸ਼ੇ ਮੁਗਲ ਹਾਕਮਾਂ ਵੱਲੋਂ ਸਿੱਖ ਇਤਿਹਾਸ ਨਾਲ ਜੁੜੀਆਂ ਕੀਮਤੀ ਪੁਸਤਕਾਂ ਅਤੇ ਹੱਥ ਲਿਖਤ ਬੀੜਾਂ ਨੂੰ ਵੀ ਸਮੇਂ ਸਮੇਂ ਤੇ ਨਸ਼ਟ ਕੀਤਾ ਗਿਆ ਸੀ। 1947 ਦੇ ਸਮੇਂ ਵੀ ਧਾਰਮਿਕ ਗਰੰਥਾਂ ਦੀ ਬੇਅਦਬੀ ਕਰਨ ਵਿੱਚ ਕੋਈ ਕਸਰ ਬਾਕੀ ਨਾ ਰਹੀ। ਇਸ ਤਰ੍ਹਾਂ ਦੀਆਂ ਹੋਰ ਵੀ ਅਨੇਕਾਂ ਉਦਾਰਨਾ ਮਿਲਦੀਆਂ ਹਨ।
ਨਕੋਦਰ ਕਾਂਡ ਗੁਰੂ ਗਰੰਥ ਸਾਹਿਬ ਦੀ ਬੇਅਦਬੀ
ਪੰਜਾਬ ਦੇ ਮੌਜੂਦਾ ਬੇਅਦਬੀ ਵਿਵਾਦ ਅਤੇ ਟਕਰਾਉ ਵੀ ਇਹਨਾਂ ਇਤਿਹਾਸਿਕ ਘਟਨਾਵਾਂ ਨਾਲ ਮਿਲਦੇ-ਜੁਲਦੇ ਨਜਰ ਆਉਂਦੇ ਹਨ। ਪੰਜਾਬ ਵਿਚਲੇ ਕਾਲੇ ਦੌਰ ਦੌਰਾਨ ਵਾਪਰਿਆ ਨਕੋਦਰ ਕਾਂਡ ਅਤੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੁਖਦਾਈ ਵਰਤਾਰਾ ਸੀ। ਇਸੇ ਤਰਾਂ ਪਿਛਲੇ ਸਮੇਂ ਦੌਰਾਨ ਡੇਰਾ ਸਿਰਸਾ ਮੁੱਖੀ ਵੱਲੋਂ ਕੁਝ ਅਜਿਹੀਆਂ ਗਤੀਵਿਧੀਆਂ,ਕੀਤੀਆਂ ਗਈਆਂ ਸਨ, ਜਿਨਾ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਅਤੇ ਇਸ ਬੇਅਦਬੀ ਵਿਵਾਦ ਦਾ ਪ੍ਰਮੁੱਖ ਕਾਰਨ ਬਣੀਆਂ। ਇਸ ਵਿੱਚ ਡੇਰਾ ਮੁੱਖੀ ਵੱਲੋਂ ਗੁਰੂ ਗੋਬਿੰਦ ਸਿੰਘ ਵਰਗੇ ਵਸਤਰ ਧਾਰਨ ਕਰਨਾ ਅਤੇ ਅੰਮ੍ਰਿਤ ਤਿਆਰ ਕਰਨਾ ਆਦਿ ਸ਼ਾਮਿਲ ਸਨ। ਉਦੋਂ ਤੋਂ ਲੈ ਕੇ ਇਹ ਟਕਰਾਓ ਨਿਰੰਤਰ ਸੁਲਗਦਾ ਰਿਹਾ ਹੈ। ਆਖਰਕਾਰ ਇਸ ਟਕਰਾਓ ਨੇ ਬੇਅਦਬੀ ਦਾ ਘਿਨਾਉਣਾ ਰੂਪ ਵੀ ਧਾਰਨ ਕੀਤਾ ਅਤੇ ਸਮੇਂ ਸਮੇਂ ’ਤੇ ਇਹ ਟਕਰਾਓ ਤਿੱਖੇ ਸੰਘਰਸ਼ ਦਾ ਰੂਪ ਧਾਰਨ ਕਰਦਾ ਰਿਹਾ।
ਸਿਰਲੇਖ : ਬੇਅਦਬੀ ਕਾਂਡ ਨੇ ਇਸ ਵਿਵਾਦ ਨੂੰ ਤੇਜ਼ ਕਰਨ ਲਈ ਅੱਗ ਵਿੱਚ ਘਿਉ ਦਾ ਕੰਮ ਕੀਤਾ
ਇਸ ਦੌਰਾਨ ਹੀ ਡੇਰਾ ਮੁਖੀ ਨੂੰ ਬਿਨਾਂ ਮੰਗਿਆ ਦਿੱਤੀ ਗਈ ਮੁਆਫੀ ਅਤੇ ਬੇਅਦਬੀ ਕਾਂਡ ਨੇ ਇਸ ਵਿਵਾਦ ਨੂੰ ਤੇਜ਼ ਕਰਨ ਲਈ ਅੱਗ ਵਿੱਚ ਘਿਉ ਦਾ ਕੰਮ ਕੀਤਾ ਸੀ। ਇਸ ਵਿਵਾਦ ਨੂੰ ਡੂੰਘੀ ਸੂਝ-ਬੂਝ ਨਾਲ ਹੱਲ ਕੀਤਾ ਜਾ ਸਕਦਾ ਸੀ ਪਰੰਤੂ ਸਮੇਂ ਦੀਆਂ ਸਰਕਾਰਾਂ ਅਤੇ ਸਿਆਸੀ ਸਿੱਖ ਜਥੇਬੰਦੀਆਂ ਨੇ ਇਸ ਵਿਵਾਦ ਨੂੰ ਹੋਰ ਤੇਜ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ ਨੇ ਇਸ ਵਿਵਾਦ ਨੂੰ ਸਿਆਸੀ ਰੋਟੀਆਂ ਸੇਕਣ ਤੱਕ ਹੀ ਸੀਮਿਤ ਰੱਖਿਆ। ਇਸੇ ਕਰਕੇ ਸਿੱਖ ਸੰਗਤ ਲਈ ਇਹ ਬੇਅਦਬੀ ਕਾਂਡ ਅੱਜ ਤੱਕ ਵੀ ਨਾਸੂਰ ਬਣਿਆ ਹੋਇਆ ਹੈ।
Post a Comment