Chhaj : ਬਾਰੇ ਕੀ ਕਹਿੰਦੀ ਹੈ ਗੁਰਬਾਣੀ ਅਤੇ ਪੰਜਾਬੀ ਲੋਕ ਧਾਰਾ ?

ਛੱਜ : ਬਾਰੇ ਕੀ ਕਹਿੰਦੀ ਹੈ ਗੁਰਬਾਣੀ ਅਤੇ ਪੰਜਾਬੀ ਲੋਕ ਧਾਰਾ ?


ਸਾਡੇ ਗੀਤਾਂ, ਲੋਕ ਗੀਤਾਂ, ਅਖਾਣਾਂ-ਮੁਹਾਵਰਿਆਂ, ਬੋਲੀਆਂ, ਸਿੱਠਣੀਆਂ, ਲੋਕ


 ਕਹਾਣੀਆਂ ਅਤੇ ਗੁਰਬਾਣੀ ਵਿੱਚ ਛੱਜ ਸ਼ਬਦ ਦੀ ਵਰਤੋਂ- 


ਛੱਜ ਦਾ ਸਾਡੀ ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਵਿੱਚ ਵਿਸ਼ੇਸ਼ ਸਥਾਨ ਹੈ। ਛੱਜ ਸ਼ਬਦ ਦੀ ਵਰਤੋਂ ਸਾਡੇ , ਗੀਤਾਂ, ਅਖਾਣਾਂ, ਸਿੱਠਣੀਆਂ, ਲੋਕ ਕਹਾਣੀਆਂ ਅਤੇ ਗੁਰਬਾਣੀ ਵਿੱਚ ਖਾਸ ਗੱਲਾਂ ਅਤੇ ਅਰਥਾਂ ਨੂੰ ਪ੍ਰਗਟਾਉਣ ਲਈ ਕੀਤੀ ਗਈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਨੁੱਖ ਨੇ ਜਦੋਂ ਖੇਤੀ ਸ਼ੁਰੂ ਕੀਤੀ ਹੋਵੇਗੀ ਉਦੋਂ ਤੋਂ ਹੀ ਛੱਜ ਉਸ ਦੀ ਫਸਲ ਨੂੰ ਸਾਂਭਣ ਅਤੇ ਸਵਾਰਨ ਦਾ ਅਹਿਮ ਹਿੱਸਾ ਬਣ ਗਿਆ ਹੋਵੇਗਾ। ਇਸ ਤੋਂ ਬਾਅਦ ਸਦੀਆਂ ਤੱਕ ਇਹ ਮਨੁੱਖ ਦੇ ਦਾਣੇ ਫੱਕੇ ਨੂੰ ਸਵਾਰਨ ਦਾ ਅਹਿਮ ਸਾਧਨ ਬਣਿਆ ਰਿਹਾ। ਇਸ ਵਿਚ ਵੀ ਕੋਈ ਨਹੀਂ ਕਿ ਮਸ਼ੀਨੀ ਯੁਗ ਆਉਣ ਤੱਕ ਛੱਜ ਦੀ ਸਰਦਾਰੀ ਸਿਰ ਚੜ੍ਹੇ ਕੇ ਬੋਲਦੀ ਰਹੀ ਹੈ। ਮਨੁੱਖ ਦੀ ਹਰ ਉਹ ਖੁਰਾਕ ਜੋ ਅਨਾਜ ਦਾ ਰੂਪ ਸੀ, ਉਸ ਨੂੰ ਛੱਜ ਦੇ ਵਿੱਚੋਂ ਦੀ ਜਰੂਰ ਲੰਘਣਾ ਪੈਂਦਾ ਸੀ। ਪੁਰਾਤਨ ਸਮੇਂ ਵਿੱਚ ਅਨਾਜ ਨੂੰ ਸਵਾਰਨ ਅਤੇ ਛੱਟਿਆਂ-ਬੱਲੀਆਂ ਤੋਂ ਵੱਖ ਕਰਨ ਲਈ ਬਹੁਤੇ ਕਾਰਗਰ ਸਾਧਨ ਨਹੀਂ ਸਨ। ਫਸਲ ਨੂੰ ਸਾਂਭਣ ਸਮੇਂ ਦਾਣਿਆਂ ਦੇ ਵਿੱਚ ਤੂੜੀ-ਤੰਦ, ਸੱਲਰੀ-ਛਟਕਣ, ਛਿਲਕੇ ਘੁੰਡੀਆਂ ਆਦਿ ਆਮ ਤੌਰ ’ਤੇ ਬਚ ਜਾਂਦੇ ਸਨ ਜਿਨਾਂ ਨੂੰ ਵੱਖ ਕਰਨ ਲਈ ਛੱਜ ਦਾ ਅਹਿਮ ਯੋਗਦਾਨ ਹੁੰਦਾ ਸੀ।


ਛੱਜ ਨੂੰ ਵਰਤਣਾ ਵੀ ਇੱਕ ਵਿਸ਼ੇਸ਼ ਕਲਾ ਹੈ 

ਇਸ ਵਿਚ ਕੋਈ ਛੱਕ ਨਹੀਂ ਕਿ ਛੱਜ ਨੂੰ ਵਰਤਣਾ ਵੀ ਇੱਕ ਵਿਸ਼ੇਸ਼ ਕਲਾ ਹੈ। ਅਣਜਾਣ ਮਰਦ ਜਾਂ ਔਰਤ ਛੱਜ ਨੂੰ ਨਹੀਂ ਵਰਤ ਸਕਦੇ ਸਨ ਅਤੇ ਸਹੀ ਢੰਗ ਨਾਲ ਦਾਣਾ-ਫੱਕਾ ਨਹੀਂ ਸਵਾਰ ਸਕਦੇ। ਛੱਜ ਵਰਤਣ ਵਾਲੇ ਨੂੰ ਹਵਾ ਦਾ ਸਹੀ ਗਿਆਨ, ਛੱਜ ਦੇ ਵਿੱਚੋਂ ਦਾਣਿਆਂ ਨੂੰ ਹਿਸਾਬ ਨਾਲ ਛੱਡਣ ਦਾ ਸਹੀ ਗਿਆਨ ਅਤੇ ਛੱਜ ਨੂੰ ਕਿਹੜੇ ਢੰਗ ਨਾਲ ਹਿਲਾਉਣਾ ਹੈ ਇਸ ਦਾ ਵੀ ਸਹੀ ਗਿਆਨ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਦੋਂ ਦਾਣੇ-ਫੱਕੇ ਨੂੰ ਛੱਟਣ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਵੀ ਅਣਜਾਣ ਔਰਤ ਜਾਂ ਮਰਦ  ਛੱਜ ਨਾਲ ਦਾਣੇ ਨਹੀਂ ਛੱਟ ਸਕਦਾ। ਦਾਣੇ ਛੱਟਣ ਮੌਕੇ ਛੱਟਣ ਵਾਲਾ ਜਾਂ ਛੱਟਣ ਵਾਲੀ ਛੱਜ ਦੇ ਹੇਠਾਂ ਹੱਥ ਮਾਰਦਾ ਹੈ, ਜਿਸ ਨਾਲ ਦਾਣੇ ਅਤੇ ਉਨ੍ਹਾਂ ਵਿਚਲੀ ਵਾਧੂ ਸਮੱਗਰੀ ਠੀਕ ਢੰਗ ਨਾਲ ਅਲੱਗ ਹੋ ਜਾਂਦੇ ਹਨ।  ਛੱਜ ਥੱਲੇ ਹੱਥ ਮਾਰਨ ਦੀ ਠੱਕ-ਠੱਕ ਅਤੇ ਦਾਣੇ ਛੱਟਣ ਦੀ ਸਮੁੱਚੀ ਆਵਾਜ਼ ਲਾਜਵਾਬ ਸੰਗੀਤਕ ਧੁਨੀ ਪੈਦਾ ਕਰਦੀ ਹੈ, ਜੋ ਦਿਲ ਨੂੰ ਖਿੱਚ  ਪਾਉਣ ਵਾਲੀ ਹੁੰਦੀ ਹੈ।


ਛੱਜ ਸ਼ਬਦ ਦਾ ਗੀਤਾਂ ਲੋਕ ਗੀਤਾਂ, ਅਖਾਣਾ-ਮੁਹਾਵਰਿਆਂ, ਬੋਲੀਆਂ, ਸਿੱਠਣੀਆਂ ਅਤੇ ਗੁਰਬਾਣੀ ਵਿੱਚ  ਵਰਨਣ- 

ਛੱਜ ਸ਼ਬਦ ਨੂੰ ਸਾਡੇ ਗੀਤਾਂ, ਲੋਕ-ਗੀਤਾਂ, ਅਖਾਣਾ-ਮੁਹਾਵਰਿਆਂ, ਬੋਲੀਆਂ, ਸਿੱਠਣੀਆਂ ਅਤੇ ਗੁਰਬਾਣੀ ਵਿੱਚ ਵਿਸ਼ੇਸ਼ ਤੌਰ ਤੇ ਵਰਤਿਆ ਗਿਆ ਹੈ। ਗੱਲ ਨਵੇਂ ਗੀਤਾਂ ਤੋਂ ਤੋਰੀਏ ਤਾਂ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਗੀਤ ਛੱਲੇ ਵਿੱਚ ਛੱਜ ਸ਼ਬਦ ਦੀ ਬਾਖੂਬੀ ਵਰਤੋਂ ਕੀਤੀ ਗਈ ਹੈ। ਜਿਵੇਂ ਕਿ- 


ਛੱਲਾ ਕੰਨ ਦੀਆਂ ਡੰਡੀਆਂ 

ਸਾਰੇ ਪਿੰਡ ਵਿੱਚ ਭੰਡੀਆਂ 

ਗੱਲਾਂ ਛੱਜ ਪਾ ਛੰਡੀਆਂ 

ਵੇ ਗੱਲ ਸੁਣ ਢੋਲਾ... 

ਵੇ ਸਾੜ ਕੇ ਕੀਤਾ ਏ ਕੋਲਾ


ਬੋਲੀਆਂ ਅਤੇ ਸਿੱਠਣੀਆਂ ਵਿੱਚ ਛੱਜ ਸ਼ਬਦ ਦੀ ਵਰਤੋਂ

ਇਸੇ ਤਰ੍ਹਾਂ ਸਾਡੀਆਂ ਲੋਕ ਬੋਲੀਆਂ ਅਤੇ ਸਿੱਠਣੀਆਂ ਵਿੱਚ ਵੀ ਛੱਜ ਸ਼ਬਦ ਦੀ ਵਿਸ਼ੇਸ਼ ਤੌਰ ’ਤੇ ਵਰਤੋਂ ਕੀਤੀ ਗਈ ਹੈ। ਜਿਵੇਂ ਕਿ ਇਕ ਸਿੱਠਣੀ ਹੈ ਕਿ - 

ਛੱਜ ਉਹਲੇ ਛਾਨਣੀ ..ਪਰਾਂਤ ਉਹਲੇ ਤਵਾ...

ਨਾਨਕਿਆਂ ਦਾ ਮੇਲ ਆਇਆ ਬਾਜੀਗਰਾਂ ਦਾ ਰਵਾ...


ਇਸੇ ਤਰ੍ਹਾਂ ਵਿਆਹ ਮੌਕੇ ਪਾਈਆਂ ਜਾਣ ਵਾਲੀਆਂ ਸਮੁੱਚੀਆਂ ਬੋਲੀਆਂ ਵਿੱਚੋਂ ਇੱਕ ਪ੍ਰਮੁੱਖ ਬੋਲੀ ਹੈ, ਜੋ ਕਿ ਹਰ ਵਿਆਹ ਵਿੱਚ ਛੱਜ ਭੰਨਣ ਵੇਲੇ ਪਾਈ ਜਾਂਦੀ ਹੈ, ਉਹ ਇਸ ਪ੍ਰਕਾਰ ਹੈ 


ਤੋੜ ਦਿਓ ਨੀ... ਇਸ ਭਾਗਾਂ ਵਾਲੇ ਛੱਜ ਨੂੰ...


ਅਖਾਣ-ਮੁਹਾਵਰਿਆਂ ਵਿੱਚ ਵੀ ਛੱਜ ਸ਼ਬਦ ਦੀ ਵਿਸ਼ੇਸ਼ ਵਰਤੋਂ

ਇਸੇ ਤਰ੍ਹਾਂ ਸਾਡੇ ਅਖਾਣ ਮੁਹਾਵਰਿਆਂ ਵਿੱਚ ਵੀ ਛੱਜ ਦੀ ਵਿਸ਼ੇਸ਼ ਵਰਤੋਂ ਕੀਤੀ ਗਈ ਹੈ ਜਿਵੇਂ ਕਿ- 


ਛੱਜ ਤਾਂ ਬੋਲੇ... ਛਾਨਣੀ ਕਿਉਂ ਬੋਲੇ...


ਛੱਜ ਵਿਚ ਪਾ ਕੇ ਛੱਟਣਾਂ ਜਾਂ ਇਹ ਤਾਂ ਛੱਜ ਵਿੱਚ ਪਾ ਕੇ ਛੱਟਦਾ ਫਿਰਦਾ ਸਾਰਿਆਂ ਨੂੰ


ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ...ਅੱਗੇ ਚੂਹਾ ਮਾਨ ਨਹੀਂ ਤੇ ਪਿੱਛੇ ਬੰਨਿਆ ਛੱਜ


ਲੋਕ ਕਹਾਣੀ - ਪ੍ਰਧਾਨਗੀ ਵਾਲਾ ਛੱਜ 

ਇੱਕ ਲੋਕ ਕਹਾਣੀ ਹੈ ਜਿਸ ਵਿੱਚ ਗਿੱਦੜ ਨੂੰ ਉਸ ਦੇ ਯਾਰਾਂ ਬੇਲੀਆਂਤੂੰ ਚੱਕ ਚਕਾ ਕੇ ਜੰਗਲ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ। ਉਹ ਜੰਗਲ ਵਿੱਚ ਘੁੰਮਦਾ ਹੈ ਪਰ ਕੋਈ ਉਸਨੂੰ ਪੁੱਛਦਾ ਨਹੀਂ ਕੋਈ ਸਲਾਮ ਨਹੀਂ ਕਰਦਾ। ਕੋਈ ਉਸ ਕੋਲੋਂ ਡਰਦਾ ਨਹੀਂ । ਇਹ ਸਭ ਦੇਖ ਯਾਰ ਬੇਲੀ ਫਿਰ ਚੁੱਕਣਾ ਦਿੰਦੇ ਹਨ ਕਿ ਪ੍ਰਧਾਨ ਜੀ ਦੂਜੇ ਜਾਨਵਰ ਤਾਂ ਤੁਹਾਨੂੰ ਕੁਝ ਵੀ ਨਹੀਂ ਸਮਝਦੇ। ਉਨ੍ਹਾਂ ਕਿਹਾ ਇਸ ਤਰ੍ਹਾਂ ਨਹੀਂ ਪਤਾ ਲੱਗਣਾ ਲੋਕਾਂ ਨੂੰ ਕਿ ਤੁਸੀਂ ਜੰਗਲ ਦੇ ਪ੍ਰਧਾਨ ਹੋ। ਇੰਝ ਕਰੋ ਕੋਈ ਨਿਸ਼ਾਨੀ ਬੰਨੋ ਆਪਣੇ ਪਿੱਛੇ ਤਾਂ ਲੋਕਾਂ ਨੂੰ ਪਤਾ ਲੱਗੇ ਕਿ ਪ੍ਰਧਾਨ ਜੀ ਆ ਰਹੇ ਨੇ। ਉਹਨਾਂ ਨੇ ਚੱਕ-ਚਕਾ ਕੇ ਗਿੱਦੜ ਦੇ ਪਿੱਛੇ ਛੱਜ ਬੰਨ ਦਿੱਤਾ। ਗਿੱਦੜ ਜਿੱਧਰ ਵੀ ਜਾਵੇ ਛੱਜ ਮਗਰ-ਮਗਰ ਨਾਲ ਲਈ ਫਿਰੇ। ਉਹ ਖੁਸ਼ ਸਨ ਕਿ ਚਲੋ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਜੰਗਲ ਦੇ ਪ੍ਰਧਾਨ ਜੀ ਆ ਰਹੇ ਨੇ। ਇੱਕ ਦਿਨ ਇਹ ਸਭ ਦੇਖ ਸ਼ੇਰ ਨੂੰ ਗੁੱਸਾ ਆਇਆ ਅਤੇ ਉਸਨੇ ਸਾਰੇ ਗਿੱਦੜ ਵਾਹਣੀ ਪਾ ਲਏ। ਸ਼ੇਰ ਨੂੰ ਗੁੱਸੇ ਵਿੱਚ ਦੇਖ ਸਾਰੇ ਗਿੱਦੜ ਭੱਜ ਨਿਕਲੇ। ਜਦੋਂ ਪ੍ਰਧਾਨ ਗਿੱਦੜ ਭੱਜਣ ਲੱਗਾ ਤਾਂ ਉਸ ਦਾ ਛੱਜ ਝਾੜੀਆਂ ਵਿੱਚ ਫਸ ਗਿਆ। ਦੂਜੇ ਗਿੱਦੜ ਕਹਿੰਦੇ ਪ੍ਰਧਾਨ ਜੀ ਭੱਜਦੇ ਕਿਉਂ ਨਹੀ ! ਆਪਣੇ ਪਿੱਛੇ ਸ਼ੇਰ ਪੈ ਗਿਆ ਹੈ... ਤਾਂ ਗਿੱਦੜ ਬੋਲਿਆ ਦੁਖੀ ਹੋ ਕੇ ਬੋਲਿਆ ਕਿ... ਮੈਂ ਤੇ ਭੱਜਦਾ ਵਾਂ ਪਰ ਮੇਰੀ ਪ੍ਰਧਾਨਗੀ ਨਹੀਂ ਭੱਜਣ ਦਿੰਦੀ। ਸੋ ਇਸ ਤਰ੍ਹਾਂ ਸਾਡੀ ਪੰਜਾਬੀ ਲੋਕ ਧਾਰਾ ਵਿੱਚ ਛੱਜ ਨੂੰ ਪ੍ਰਧਾਨਗੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। 


ਗੁਰਬਾਣੀ ਵਿਚ ਛੱਜ ਸ਼ਬਦ ਦੀ ਵਰਤੋਂ -

ਇਸ ਤੋਂ ਇਲਾਵਾ ਛੱਜ ਸ਼ਬਦ ਦੀ ਵਰਤੋਂ ਗੁਰਬਾਣੀ ਵਿਚ ਵੀ ਮਿਲਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੀਆਂ ਇਨਾਂ ਪੰਕਤੀਆਂ ਵਿੱਚ ਛੱਜ ਦੀ ਬਖੂਬੀ ਉਦਾਹਰਨ ਦਿੰਦਿਆਂ ਫਰਮਾਇਆ ਹੈ -


ਸਲੋਕ ਮਃ ੧ ॥


ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥

ਚੂਹਾ ਖਡ ਨ ਮਾਵਈ ਤਿਕਲਿ ਬੰਨੑੈ ਛੱਜ ॥


ਜਿਸ ਦਾ ਭਾਵ ਸੀ ਕਿ ਇਕ ਡੇਰੇਦਾਰ ਜਾਂ ਮਸੰਦ ਆਪਣੀ ਸੇਲੀ-ਟੋਪੀ ਦੂਜੇ ਨੂੰ ਸੌਪ ਕੇ ਗੱਦੀ ਦਾ ਵਾਰਸ ਬਣਾ ਦਿੰਦਾ ਹੈ ਭਾਵ ਗੱਦੀ-ਨਸ਼ੀਨ ਕਰਵਾ ਦਿੱਤਾ ਜਾਂਦਾ ਹੈ। ਗੁਰੂ ਸਾਹਬ ਇਨ੍ਹਾ ਦੋਹਾਂ ਨੂੰ ਕੰਵਲੇ ਅਤੇ ਨਿਲੱਜ ਆਖਦੇ ਹਨ ਅਤੇ ਫਰਮਾਉਂਦੇ ਹਨ ਕਿ ਅਜਿਹੀ ਖੁੱਡ ਜਿਸ ਵਿਚ ਚੂਹਾ ਖੁਦ ਵੜ ਨਹੀਂ ਸਕਦਾ ਉੱਤੋਂ ਉਸਨੇ ਲੱਕ ਨਾਲ ਛੱਜ ਬੰਨ੍ਹ ਲਿਆ ਹੈ। 

ਇਹ ਵੀ ਪੜ੍ਹੋ :  ਸ਼ਰਾਧ ਕਰਨ ਬਾਰੇ ਕੀ ਕਹਿੰਦੀ ਗੁਰਬਾਣੀ, ਗੀਤ, ਅਖਾਣ ਅਤੇ ਪੰਜਾਬੀ ਲੋਕ ਧਾਰਾ   ?


ਸਿਰਲੇਖ - 

ਇਸ ਤਰ੍ਹਾਂ ਛੱਜ ਸ਼ਬਦ ਦੀ ਵਰਤੋਂ ਸਾਡੀ ਪੰਜਾਬੀ ਲੋਕਧਾਰਾ. ਗੀਤਾਂ, ਲੋਕ ਗੀਤਾਂ, ਅਖਾਣ, ਮੁਹਾਵਰਿਆਂ, ਬੋਲੀਆਂ, ਸਿੱਠਣੀਆਂ, ਲੋਕ ਕਹਾਣੀਆਂ ਅਤੇ ਗੁਰਬਾਣੀ ਵਿੱਚ ਅਨੇਕਾਂ ਵਾਰ ਕੀਤੀ ਗਈ। ਇਸ ਸਭ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਛੱਜ ਪੰਜਾਬੀ ਲੋਕ ਧਾਰਾ, ਸੱਭਿਆਚਾਰ ਅਤੇ ਪੰਜਾਬੀ ਮਾਨਸਿਕਤਾ ਦਾ ਖਾਸ ਹਿੱਸਾ ਰਿਹਾ ਹੈ ਅਤੇ ਅੱਜ ਵੀ ਹੈ।


ਜਸਬੀਰ ਵਾਟਾਂਵਾਲੀਆ


ਛੱਜ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਵਿਕੀਪੀਡੀਆ ਦੇ ਇਸ ਪੇਜ ’ਤੇ ਜਾਓ

Post a Comment

Previous Post Next Post

About Me

Search Poetry

Followers