Shradh in Punjabi Folklore
Sharadh according to Gurbani, songs, Proverbs and Punjabi folklore
ਪੰਜਾਬੀ ਲੋਕਧਾਰਾ ’ਚ ਸ਼ਰਾਧ ਕਰਨ ਨਾਲ ਜੁੜੇ ਅਨੇਕਾਂ ਗੀਤ, ਲੋਕ ਗੀਤ, ਅਖਾਣ ਮੁਹਾਵਰੇ ਅਤੇ ਗੁਰਬਾਣੀ ਦੇ ਹਵਾਲੇ ਮਿਲਦੇ ਹਨ
ਪੰਜਾਬੀ ਲੋਕ ਧਾਰਾ ਵਿਚ ਸ਼ਰਾਧਾਂ ਦਾ ਖਾਸ ਸਥਾਨ ਹੈ। ਲੋਕਧਾਰਾ ’ਚ ਸ਼ਰਾਧ ਕਰਨ ਨਾਲ ਜੁੜੇ ਹੋਏ ਕਈ ਗੀਤ, ਅਖਾਣ ਅਤੇ ਗੁਰਬਾਣੀ ਦੇ ਹਵਾਲੇ ਖਾਸ ਤੌਰ ’ਤੇ ਪ੍ਰਚਲਿਤ ਹਨ। ਸ਼ਰਾਧ ਪੁਰਾਤਨ ਸਮਿਆਂ ਤੋਂ ਚਲੀ ਆ ਰਹੀ ਉਹ ਰੀਤ ਹੈ, ਜਿਸ ਦੇ ਤਹਿਤ ਫੌਤ ਹੋ ਚੁੱਕੇ ਵੱਡੇ ਵਡੇਰਿਆਂ ਦੇ ਨਾਂ ’ਤੇ ਪੰਡਿਤ, ਭਾਈ ਜਾਂ ਭਾਈਚਾਰੇ ਨੂੰ ਚੰਗਾ-ਚੋਸਾ ਰੋਟੀ ਪਾਣੀ ਖਵਾਇਆ ਜਾਂਦਾ ਹੈ।
ਪੰਜਾਬੀ ਪੀਡੀਆ ਤੇ ਉਪਲਬਧ ਜਾਣਕਾਰੀ ਮੁਤਾਬਕ ਸ਼ਰਾਧ ਚਾਰ ਪ੍ਰਕਾਰ ਦੇ ਹੁੰਦੇ ਹਨ-
1.ਨੰਬਰ ਇੱਕ ਨਿਤਿਯ ਸ਼ਰਾਧ -ਇਹ ਉਹ ਹੈ ਜਿਸ ਅਨੁਸਾਰ ਹਰ ਰੋਜ਼ ਕਿਸੇ ਨੂੰ ਭੋਜਨ ਪਾਣੀ ਛਕਾਇਆ ਜਾਂਦਾ ਹੈ।
2 ਪਾਰਵਣ ਸ਼ਰਾਧ -ਇਸ ਸ਼ਰਾਧ ਅਨੁਸਾਰ ਦਿਨ ਦਿਹਾੜੇ ਜਾਂ ਖਾਸ ਪੁਰਵ ਮੌਕੇ ਰੋਟੀ ਪਾਣੀ ਪਿਤਰਾਂ ਦੇ ਨਾਂ ’ਤੇ ਖਵਾਇਆ ਜਾਂਦਾ ਹੈ ਜਾਂ ਦਾਨ ਕੀਤਾ ਜਾਂਦਾ ਹੈ।
3. ਕਸ਼ਯਾਹ ਸ਼ਰਾਧ -ਇਹ ਸ਼ਰਾਧ ਉਹ ਹੈ, ਜੋ ਮੋਇ ਵਡੇਰਿਆਂ ਦੀ ਮੌਤ ਵਾਲੇ ਦਿਨ ਕੀਤਾ ਜਾਂਦਾ ਹੈ।
4. ਮਹਲਾ ਸ਼ਰਾਧ-ਇਹ ਸ਼ਰਾਧ ਉਹ ਹਨ, ਜੋ ਮੌਜੂਦਾ ਦੌਰ ਵਿੱਚ ਪ੍ਰਚਲਤ ਹਨ ਅਤੇ ਅੱਸੂ ਦੇ ਮਹੀਨੇ ਵਿੱਚ ਕੀਤੇ ਜਾਂਦੇ ਹਨ। ਇਹ ਸ਼ਰਾਧ 15 ਦਿਨ ਲਗਾਤਾਰ ਚੱਲਦੇ ਹਨ।
ਹਿੰਦੂ ਮੱਤ ਵਿਚਲੇ ਵਿਸ਼ਵਾਸਾਂ ਵਿੱਚੋਂ ਆਏ ਇਹ ਵਿਸ਼ਵਾਸ, ਪੰਜਾਬ ਦੇ ਸਿੱਖ ਭਾਈਚਾਰੇ ਵਿੱਚ ਵੀ ਪ੍ਰਚਲਤ ਹਨ । ਭਾਵੇਂ ਕਿ ਗੁਰੂ ਸਾਹਿਬ ਅਤੇ ਭਗਤ ਕਬੀਰ ਜੀ ਨੇ ਗੁਰਬਾਣੀ ਵਿੱਚ ਸ਼ਰਾਧਾਂ ਦੇ ਕਰਮਕਾਂਡ ਬਾਰੇ ਇਸ ਦੀ ਆਲੋਚਨਾ ਕੀਤੀ ਹੈ।
ਗੁਰਬਾਣੀ ਵਿੱਚ ਸ਼ਰਾਧ ਬਾਰੇ ਕੀ ਲਿਖਿਆ ਹੈ ?-
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥
ਗੁਰੂ ਸਾਹਿਬ ਨੇ ਗੁਰਬਾਣੀ ਵਿਚ ਸਪਸ਼ਟ ਕੀਤਾ ਹੈ ਕਿ ਅਜਿਹੇ ਦਾਨ ਅਤੇ ਸ਼ਰਾਧਾਂ ਵਿਚ ਦਾਨ ਕੀਤੀ ਸਮੱਗਰੀ ਦਾ ਮਨੁੱਖ ਦੀ ਆਤਮਾ ਆਦਿ ਨਾਲ ਦੂਰ ਤੱਕ ਦਾ ਵਾਹ ਵਾਸਤਾ ਨਹੀਂ ਹੈ। ਗੁਰੂ ਸਾਹਿਬ ਨੇ ਸਪੱਸ਼ਟ ਕੀਤਾ ਹੈ ਕਿ ਅੰਤ ਵੇਲੇ ਉੱਚੇ ਸੁੱਚੇ ਕਰਮ ਹੀ ਮਨੁੱਖ ਦੇ ਲਈ ਸਹਾਈ ਹੁੰਦੇ ਹਨ।
ਸ਼ਰਾਧ ਬਾਰੇ ਗੁਰਬਾਣੀ ਵਿਚ ਭਗਤ ਕਬੀਰ ਜੀ ਦੇ ਵਿਚਾਰ
ਸ਼ਰਾਧ ਕਰਨ ਸਬੰਧੀ ਭਗਤ ਕਬੀਰ ਜੀ ਆਪਣੀ ਬਾਣੀ ਵਿਚ ਲਿਖਦੇ ਹਨ ਕਿ-
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥
ਮੋ ਕਉ ਕੁਸਲੁ ਬਤਾਵਹੁ ਕੋਈ ॥
ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥
ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥
ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥
ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥
ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥
ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥
ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥
ਕਬੀਰ ਸਾਹਿਬ ਫਰਮਾਉਂਦੇ ਹਨ ਕਿ ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਲੋਕਾਂ ਨੂੰ ਭੋਜਨ ਖੁਆਉਂਦੇ ਹਨ। ਉਹ ਲਿਖਦੇ ਹਨ ਕਿ ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਖਾ ਸਕਦੇ ਹਨ ? ਜਦਕਿ ਉਸ ਭੋਜਨ ਨੂੰ ਤਾਂ ਕਾਂ-ਕੁੱਤੇ ਆਦਿ ਜਾਨਵਰ ਖਾ ਜਾਂਦੇ ਹਨ।
ਅੱਗੇ ਉਹ ਫਰਮਾਉਂਦੇ ਹਨ ਕਿ ਮੈਨੂੰ ਕੋਈ ਧਿਰ ਦੱਸੋ ਕਿ ਇਸ ਤਰਾਂ ਸੁਖ-ਆਨੰਦ ਕਿਵੇਂ ਹੋ ਸਕਦਾ ਹੈ। ਸਾਰਾ ਸੰਸਾਰ ਇਸੇ ਭਰਮ-ਵਹਿਮ ਵਿਚ ਖਪ ਰਿਹਾ ਹੈ ਕਿ ਪਿਤਰਾਂ ਨਿਮਿਤ ਸਰਾਧ ਕੀਤਿਆਂ ਘਰ ਵਿਚ ਸੁਖ-ਆਨੰਦ ਬਣਿਆ ਰਹਿ ਸਕਦਾ ਹੈ। ਕਬੀਰ ਸਾਹਿਬ ਇਨ੍ਹਾਂ ਸਾਰੇ ਕਰਮਕਾਂਡਾਂ ਨੂੰ ਵਿਅਰਥ ਕਰਾਰ ਦਿੰਦੇ ਹਨ। ਗੁਰਬਾਣੀ ਦਾ ਫੁਰਮਾਣ ਹੈ ਕਿ ਆਤਮਾ ਦੇ ਨਾਂ ’ਤੇ ਕੀਤੇ ਜਾਣ ਵਾਲੇ ਸਾਰੇ ਕਰਮਕਾਂਡ ਵਿਅਰਥ ਹਨ। ਇਸ ਤਰਾਂ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਹੇ ਭਾਈ ਇਹ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ ਅਤੇ ਪੰਜ ਤੱਤਾਂ ਵਿੱਚ ਮਿਲ ਕੇ ਹੀ ਖਤਮ ਹੋ ਜਾਂਦਾ ਹੈ। , ਜਿਵ ਕਿ -
ਮਰਨ ਤੋਂ ਬਾਅਦ ਸਰੀਰ ਅਤੇ ਆਤਮਾ ਕਿੱਥੇ ਜਾਂਦੀ ਹੈ ? ਇਹ ਹੈ ਗੁਰਬਾਣੀ ਦਾ ਫੁਰਮਾਨ
ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ॥
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥
ਇਸ ਸਮੇਂ ਦੇ ਬਾਵਜੂਦ ਇਹ ਰੀਤ ਸਿੱਖ ਭਾਈਚਾਰੇ ਵਿੱਚ ਅੱਜ ਵੀ ਪ੍ਰਚਲਤ ਹੈ। ਸਿੱਖ ਪਰਿਵਾਰਾਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਇਨ-ਬਿੰਨ ਸਰਾਧ ਤਾਂ ਨਹੀਂ ਕਰਦੇ ਪਰ ਸ਼ਰਾਧ ਦੇ ਦਿਨਾਂ ਵਿੱਚ ਮਾਇਆ ਜਾਂ ਰਸਦ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਦੇ ਲੰਗਰ ਵਿੱਚ ਭੇਟਾ ਜਰੂਰ ਪਾ ਕੇ ਆਉਂਦੇ ਹਨ। ਇਸ ਪਿੱਛੇ ਡਰ ਅਤੇ ਵਿਸ਼ਵਾਸ ਇਹੀ ਹਨ ਕਿ ਮੋਏ ਪਿਤਰਾਂ ਨੂੰ ਪੂਜਣਾ ਜਾਂ ਉਹਨਾਂ ਦੇ ਨਾਂ ਦਾ ਅਨਜਲ ਸੰਗਤ ਨੂੰ ਛਕਾਉਣਾ। ਇਸ ਦੇ ਨਾਲ ਨਾਲ ਇਹ ਵਿਸ਼ਵਾਸ ਵੀ ਹਨ ਕਿ ਸ਼ਰਾਧਾਂ ਦੇ ਦਿਨਾਂ ਵਿੱਚ ਨਵੀਆਂ ਚੀਜ਼ਾਂ ਨਹੀਂ ਖਰੀਦਣੀਆਂ ਚਾਹੀਦੀਆਂ।
ਇਹ ਲੇਖ ਵੀ ਪੜ੍ਹੋ : ਕੀ ਗੁਰੂ ਸਾਹਿਬ ਵਿਗਿਆਨੀ ਸਨ ?
ਗੱਲ ਪੰਜਾਬੀ ਲੋਕ ਧਾਰਾ ਵਿਚਲੇ ਗੀਤਾਂ ਅਤੇ ਅਖਾਣਾਂ ਦੀ ਕਰੀਏ ਤਾਂ ਪੰਜਾਬੀ ਲੋਕਧਾਰਾ ਵਿੱਚ ਸ਼ਰਾਧਾਂ ਦੇ ਨਾਂ ਤੇ ਅਨੇਕਾਂ ਅਖਾਣ ਅਤੇ ਗੀਤ ਲੋਕ ਗੀਤ ਪ੍ਰਚਲਤ ਹਨ। ਇਸੇ ਸੰਦਰਭ ਵਿੱਚ ਇੱਕ ਅਖਾਣ ਪ੍ਰਚਲਿਤ ਹੈ -
ਕਿ ਗਏ ਸ਼ਰਾਧ ਆਏ ਨਰਾਤੇ...
ਬਾਹਮਣ ਬਹਿ ਗਏ ਚੁੱਪ ਚੁਪਾਤੇ..
ਇਸੇ ਤਰ੍ਹਾਂ ਜਮਲੇ ਜੱਟ ਦਾ ਇੱਕ ਗੀਤ ਹੈ ਕਿ-
ਗੋਡੇ ਰਗੜ ਦਾ ਮਰ ਗਿਆ ਫਹੁੜੀਆਂ ਤੇ
ਮਗਰੋਂ ਮੰਜੀਆਂ ਦਾਨ ਕਰਾਵੰਦੇ ਨੇ...
ਇਹ ਵੀ ਲੇਖ ਪੜੋ : ਕਸੀਦਾ ਕੱਢਣਾ ਅਤੇ ਸਾਡੀ ਲੋਕ ਧਾਰਾ ਵਿਚ ਇਸ ਨਾਲ ਜੁੜੇ ਹੋਏ ਸਾਡੇ ਲੋਕ ਗੀਤ
ਇੱਕ ਗੀਤ ਇਹ ਵੀ ਹੈ ਕਿ-
ਜਿਉਂਦੇ ਮਾਪਿਆਂ ਨੂੰ ਰੋਟੀ ਨਾ ਤੂੰ ਦੇਵੇਂ ਪਿੱਛੋਂ ਤੋਂ ਸ਼ਰਾਧ ਕਰਦਾ
ਸੱਚ ਮਿਰਚਾਂ ਤੋਂ ਕੌੜਾ ਲੱਗੇ ਤੈਨੂੰ ਝੂਠ ਨੂੰ ਸਲਾਮ ਕਰਦਾ...
ਸਿਰਲੇਖ- ਇਸ ਤਰਾਂ ਸ਼ਰਾਧ ਕਰਨ ਨੂੰ ਲੈ ਕੇ ਸਾਡੇ ਗੀਤਾਂ, ਅਖਾਣਾ ਅਤੇ ਗੁਰਬਾਣੀ ਵਿਚ ਵਿਸ਼ੇਸ਼ ਸੰਦਰਭ ਵਿਚ ਚਿਤਰਨ ਕੀਤਾ ਗਿਆ ਹੈ ਪਰੰਤੂ ਅਜੋਕ ਵਿਗਿਆਨਕ ਯੁੱਗ ਵਿਚ ਪਹੁੰਚਣ ਦੇ ਬਾਵਜੂਦ ਮਨੁੱਖ ਦੇ ਵਿਸ਼ਵਾਸ ਅਤੇ ਵਹਿਮ ਭਰਮ ਅੱਜ ਵੀ ਬਰਕਰਾਰ ਹਨ।
ਜਸਬੀਰ ਵਾਟਾਂਵਾਲੀਆ
ਇਸ ਲਿੰਕ ਤੇ ਕਲਿਕ ਕਰਕੇ ਤੁਸੀਂ ਪੜ੍ਹ ਸਕਦੇ - ਮਹਾਕਾਵਿ ਕਲਯੁਗਨਾਮਾ
ਸ਼ਰਾਧਾਂ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਵਿਕੀਪੀਡੀਆ ਦੇ ਇਸ ਲਿੰਕ ’ਤੇ ਜਾਓ
Post a Comment